Skip to main content
ਸੇਧ

ਸਪਾਈਨਾ ਬਿਫਿਡਾ (ਰੀੜ੍ਹ ਦੀ ਹੱਡੀ ਅਤੇ ਨਾੜੀ ਸਬੰਧੀ ਨੁਕਸ): ਮਾਪਿਆਂ ਲਈ ਜਾਣਕਾਰੀ (Punjabi)

ਅੱਪਡੇਟ ਕੀਤਾ 9 ਜੁਲਾਈ 2026

Applies to England

ਸੰਖੇਪ-ਜਾਣਕਾਰੀ

ਇਹ ਜਾਣਕਾਰੀ ਤੁਹਾਡੀ ਮਦਦ ਕਰੇਗੀ ਜੇਕਰ ਤੁਹਾਡੇ 20-ਹਫ਼ਤੇ ਦੇ ਸਕੈਨ (ਜੋ ਕਈ ਵਾਰ ਗਰਭ ਅਵਸਥਾ ਦੇ ਮੱਧ ਸਕੈਨ ਵੱਜੋਂ ਜਾਣਿਆ ਜਾਂਦਾ ਹੈ) ਤੋਂ ਬਾਅਦ ਤੁਹਾਡੇ ਬੱਚੇ ਨੂੰ ਸਪਾਈਨਾ ਬਿਫਿਡਾ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ।

ਇਹ ਜਾਣਕਾਰੀ ਤੁਹਾਡੀ ਅਤੇ ਤੁਹਾਡੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਦੇ ਅਗਲੇ ਪੜਾਵਾਂ ਬਾਰੇ ਵਿਸਥਾਰਪੂਰਨ ਢੰਗ ਨਾਲ ਗੱਲ ਕਰਨ ਵਿੱਚ ਮਦਦ ਕਰੇਗੀ।  ਇਸ ਜਾਣਕਾਰੀ ਨਾਲ ਸਿਹਤ-ਪੇਸ਼ੇਵਰਾਂ ਨਾਲ ਤੁਹਾਡੀਆਂ ਚਰਚਾਵਾਂ ਲਈ ਸਹਾਇਤਾ ਮਿਲਣੀ ਚਾਹੀਦੀ ਹੈ, ਪਰ ਇਹ ਇਸ ਦਾ ਬਦਲ ਨਹੀਂ ਬਣਨੀ ਚਾਹੀਦੀ।

ਆਪਣੇ ਬੱਚੇ ਦੇ ਵਿਕਾਸ ਵਿੱਚ ਕੋਈ ਸਮੱਸਿਆ ਹੋਣ ਦੀ ਸੰਭਾਵਨਾ ਬਾਰੇ ਪਤਾ ਲੱਗਣਾ ਚਿੰਤਾਜਨਕ ਹੋ ਸਕਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਇਕੱਲੇ ਨਹੀਂ ਹੋ।

ਅਸੀਂ ਤੁਹਾਨੂੰ ਇੱਕ ਵਿਸ਼ੇਸ਼ੱਗ (ਮਾਹਰ) ਟੀਮ ਕੋਲ ਭੇਜਾਂਗੇ ਜੋ ਇਹ ਗੱਲਾਂ ਕਰਨ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੇਗੀ:

  • ਤੁਹਾਡੇ ਬੱਚੇ ਦੀ ਸਿਹਤ-ਸਮੱਸਿਆ ਅਤੇ ਇਲਾਜ ਬਾਰੇ ਵਧੇਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ
  • ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ
  • ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਲਈ

ਸਪਾਈਨਾ ਬਿਫਿਡਾ ਬਾਰੇ

ਸਪਾਈਨਾ ਬਿਫਿਡਾ ਇੱਕ ਅਜਿਹੀ ਸਿਹਤ-ਸਮੱਸਿਆ ਹੈ ਜੋ ਰੀੜ੍ਹ ਦੀ ਹੱਡੀ ਅਤੇ ਸਪਾਈਨਲ ਕੋਰਡ ਨੂੰ ਪ੍ਰਭਾਵਿਤ ਕਰਦੀ ਹੈ।

ਗਰਭ-ਅਵਸਥਾ ਦੇ ਸ਼ੁਰੂਆਤੀ ਪੜਾਵਾਂ ਵਿੱਚ, ਵਿਕਾਸ ਕਰ ਰਹੇ ਬੱਚੇ ਦਾ ਨਰਵਸ ਸਿਸਟਮ ਇੱਕ ਏਕਲ ਬਣਤਰ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਜਿਸ ਨੂੰ ਨਿਊਰਲ ਪਲੇਟ ਕਿਹਾ ਜਾਂਦਾ ਹੈ। ਗਰਭ ਅਵਸਥਾ ਦੇ 28ਵੇਂ ਦਿਨ ਤੱਕ, ਨਿਊਰਲ ਪਲੇਟ ਨੂੰ ਮੁੜ ਜਾਣਾ ਚਾਹੀਦਾ ਹੈ ਅਤੇ ਨਿਊਰਲ ਟਿਊਬ ਬਣਾਉਣ ਲਈ ਬੰਦ ਹੋ ਜਾਣਾ ਚਾਹੀਦਾ ਹੈ।

ਸਪਾਈਨਾ ਬਿਫਿਡਾ ਇੱਕ ਨਿਊਰਲ ਟਿਊਬ ਨੁਕਸ (ਐੱਨ.ਟੀ.ਡੀ.) ਹੈ ਜਿੱਥੇ ਬੱਚੇ ਦੀ ਨਿਊਰਲ ਟਿਊਬ ਦਾ ਹਿੱਸਾ ਸਹੀ ਢੰਗ ਨਾਲ ਵਿਕਸਤ ਨਹੀਂ ਹੁੰਦਾ ਜਾਂ ਬੰਦ ਨਹੀਂ ਹੁੰਦਾ। ਇਸ ਨਾਲ ਬੱਚੇ ਦੀ ਰੀੜ੍ਹ ਦੀ ਹੱਡੀ (ਦਿਮਾਗ ਤੋਂ ਬੱਚੇ ਦੀ ਪਿੱਠ ਦੇ ਹੇਠਾਂ ਤੱਕ ਜਾਣ ਵਾਲੀਆਂ ਨਸਾਂ ਦਾ ਵੱਡਾ ਗੁੱਛਾ) ਜਾਂ ਵਰਟੀਬ੍ਰੇ (ਰੀੜ੍ਹ ਦੀਆਂ ਹੱਡੀਆਂ) ਉਸ ਤਰ੍ਹਾਂ ਵਿਕਸਤ ਨਹੀਂ ਹੁੰਦੀਆਂ ਜਿਸ ਤਰ੍ਹਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।

ਸਪਾਈਨਾ ਬਿਫਿਡਾ ਦੀਆਂ 2 ਕਿਸਮਾਂ ਹਨ:

  • ਬੰਦ ਸਪਾਈਨਾ ਬਿਫਿਡਾ (ਸਪਾਈਨਾ ਬਿਫਿਡਾ ਓਕੂਲਟਾ)
  • ਖੁੱਲ੍ਹੀ ਸਪਾਈਨਾ ਬਿਫਿਡਾ (ਸਪਾਈਨਾ ਬਿਫਿਡਾ ਅਪਰਟਾ)

ਖੱਬੇ ਤੋਂ ਸੱਜੇ: ਇੱਕ ਪੂਰੀ ਤਰ੍ਹਾਂ ਬਣੀ ਰੀੜ੍ਹ ਦੀ ਹੱਡੀ, ਬੰਦ ਸਪਾਈਨਾ ਬਿਫਿਡਾ ਵਾਲੀ ਰੀੜ੍ਹ ਦੀ ਹੱਡੀ, ਖੁੱਲ੍ਹੀ ਸਪਾਇਨਾ ਬਿਫਿਡਾ ਨਾਲ ਇੱਕ ਰੀੜ੍ਹ ਦੀ ਹੱਡੀ ਜਿਸ ਵਿੱਚ ਥੈਲੀ ਬਾਹਰ ਆ ਰਹੀ ਹੈ (ਯੂ.ਜ਼ੈੱਡ. ਲੂਵਨ, ਲੂਵਨ, ਬੈਲਜੀਅਮ ਤੋਂ ਚਿੱਤਰ)

ਬੰਦ ਸਪਾਈਨਾ ਬਿਫਿਡਾ

ਬੰਦ ਸਪਾਈਨਾ ਬਿਫਿਡਾ, ਜਾਂ ਸਪਾਈਨਾ ਬਿਫਿਡਾ ਓਕੂਲਟਾ, ਖੁੱਲ੍ਹੀ ਸਪਾਈਨਾ ਬਿਫਿਡਾ ਨਾਲੋਂ ਘੱਟ ਗੰਭੀਰ ਹੈ। ਸਿਰਫ਼ ਰੀੜ੍ਹ ਦੀਆਂ ਹੱਡੀਆਂ ਸਹੀ ਢੰਗ ਨਾਲ ਨਹੀਂ ਬਣੀਆਂ ਹਨ, ਪਰ ਰੀੜ੍ਹ ਦੀ ਹੱਡੀ ਚਮੜੀ ਨਾਲ ਢਕੀ ਹੁੰਦੀ ਹੈ।

ਬੰਦ ਸਪਾਈਨਾ ਬਿਫਿਡਾ ਦੇ ਲੱਛਣਾਂ ਵਿੱਚ ਬੱਚੇ ਦੀ ਪਿੱਠ ‘ਤੇ ਉਸ ਜਗ੍ਹਾ ਡੂੰਘੇ ਟੋਏ ਜਾਂ ਚਰਬੀ ਦੀਆਂ ਗੰਢਾਂ (ਲਿਪੋਮਸ) ਸ਼ਾਮਲ ਹੋ ਸਕਦੀਆਂ ਹਨ ਜਿੱਥੇ ਇਹ ਸਿਹਤ-ਸਮੱਸਿਆ ਹੁੰਦੀ ਹੈ, ਜੋ ਨਸਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦੇ ਹਨ।  ਹਾਲਾਂਕਿ, ਬੰਦ ਸਪਾਈਨਾ ਬਿਫਿਡਾ ਤੋਂ ਪ੍ਰਭਾਵਿਤ ਬਹੁਤ ਸਾਰੇ ਲੋਕਾਂ ਵਿੱਚ ਕੋਈ ਹੋਰ ਲੱਛਣ ਨਹੀਂ ਵੀ ਹੋ ਸਕਦੇ ਹਨ।

ਖੁੱਲ੍ਹੀ ਸਪਾਈਨਾ ਬਿਫਿਡਾ

ਜਿਨ੍ਹਾਂ ਲੋਕਾਂ ਨੂੰ ਖੁੱਲ੍ਹੀ ਸਪਾਈਨਾ ਬਿਫਿਡਾ ਹੁੰਦੀ ਹੈ, ਉਨ੍ਹਾਂ ਵਿੱਚ ਰੀੜ੍ਹ ਦੀਆਂ ਹੱਡੀਆਂ, ਸਪਾਈਨਲ ਕੋਰਡ ਅਤੇ ਰੀੜ੍ਹ ਦੇ ਹਿੱਸੇ ਦੇ ਨਾਲ-ਨਾਲ ਨਰਵ ਟਿਸ਼ੂ ਸਹੀ ਤਰ੍ਹਾਂ ਨਹੀਂ ਬਣਦੇ। ਇਸ ਦੇ ਨਤੀਜੇ ਵਜੋਂ ਰੀੜ੍ਹ ਦੀ ਹੱਡੀ ਦੇ ਖੁੱਲ੍ਹੇ ਹਿੱਸੇ ਤੋਂ ਇੱਕ ਥੈਲੀ ਬਾਹਰ ਨਿਕਲ ਆਉਂਦੀ ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਦੇ ਟਿਸ਼ੂ ਖੁੱਲ੍ਹੇ (ਅਣਢਕੇ) ਰਹਿੰਦੇ ਹਨ।

ਦਿਮਾਗ ਅਤੇ ਰੀੜ੍ਹ ਦੀ ਹੱਡੀ ਸਪਾਈਨਲ ਤਰਲ (ਸੇਰੇਬ੍ਰੋਸਪਾਈਨਲ ਤਰਲ) ਵਿੱਚ ਢੱਕੇ ਹੁੰਦੇ ਹਨ। ਸਪਾਈਨਾ ਬਿਫਿਡਾ ਤੋਂ ਪੀੜਤ ਬੱਚਿਆਂ ਵਿੱਚ ਇਹ ਤਰਲ ਬੱਚੇ ਦੀ ਰੀੜ੍ਹ ਦੀ ਹੱਡੀ ਵਿੱਚ ਥੈਲੀ ਰਾਹੀਂ ਬਾਹਰ ਆਉਂਦਾ ਹੈ। ਥੈਲੀ ਵਿੱਚ ਕੁਝ ਸਪਾਈਨਲ ਕੋਰਡ ਅਤੇ ਨਸਾਂ ਵੀ ਹੋ ਸਕਦੀਆਂ ਹਨ ਜੋ ਨੁਕਸਾਨਗ੍ਰਸਤ ਹੋ ਸਕਦੀਆਂ ਹਨ। ਇਹ ਸਪਾਈਨਲ ਕੋਰਡ ਦੇ ਨਾਲ-ਨਾਲ ਕਿਤੇ ਵੀ ਹੋ ਸਕਦਾ ਹੈ, ਹਾਲਾਂਕਿ ਅਜਿਹਾ ਪਿੱਠ ਦੇ ਹੇਠਲੇ ਹਿੱਸੇ ਵਿੱਚ ਸਭ ਤੋਂ ਆਮ ਹੁੰਦਾ ਹੈ।

ਕਾਰਨ

ਅਸੀਂ ਪੂਰੀ ਤਰ੍ਹਾਂ ਨਹੀਂ ਸਮਝਦੇ ਕਿ ਸਪਾਈਨਾ ਬਿਫਿਡਾ ਕਿਉਂ ਹੁੰਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਸਪਾਈਨਾ ਬਿਫਿਡਾ ਬੱਚੇ ਦੇ ਸ਼ੁਰੂਆਤੀ ਵਿਕਾਸ ਦੌਰਾਨ ਅਚਾਨਕ ਹੁੰਦੀ ਹੈ। ਹਾਲਾਂਕਿ, ਬਹੁਤ ਘੱਟ ਮਾਮਲਿਆਂ ਵਿੱਚ, ਇਹ ਇੱਕ ਅਨੁਵੰਸ਼ਕ ਸਿਹਤ-ਸਮੱਸਿਆ ਦਾ ਹਿੱਸਾ ਹੋ ਸਕਦੀ ਹੈ ਜੋ ਪਰਿਵਾਰਾਂ ਵਿੱਚ ਚੱਲਦੀ ਹੈ। ਤੁਸੀਂ ਇੱਕ ਮਾਹਰ ਟੀਮ ਨਾਲ ਆਪਣੇ ਵਿਅਕਤੀਗਤ ਹਾਲਾਤਾਂ ਬਾਰੇ ਚਰਚਾ ਕਰ ਸਕੋਗੇ।

ਜੇਕਰ ਮਾਹਰ ਟੀਮ ਨੂੰ ਲੱਗਦਾ ਹੈ ਕਿ ਸਪਾਈਨਾ ਬਿਫਿਡਾ ਇੱਕ ਹੋਰ ਗੁੰਝਲਦਾਰ ਸਿਹਤ-ਸਮੱਸਿਆ ਦਾ ਹਿੱਸਾ ਹੋ ਸਕਦੀ ਹੈ, ਤਾਂ ਤੁਹਾਨੂੰ ਇੱਕ ਟੈਸਟ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ, ਜਿਸਨੂੰ ਐਮੀਓਨੋਸੈਂਟੇਸਿਜ਼ ਜਾਂਚਕਿਹਾ ਜਾਂਦਾ ਹੈ।

ਸਪਾਈਨਾ ਬਿਫਿਡਾ ਹਰ 10,000 ਬੱਚਿਆਂ ਵਿੱਚੋਂ ਲਗਭਗ 6 ਬੱਚਿਆਂ (0.06%) ਵਿੱਚ ਦੇਖੀ ਜਾਂਦੀ ਹੈ।

ਅਸੀਂ ਸਪਾਈਨਾ ਬਿਫਿਡਾ ਬਾਰੇ ਕਿਵੇਂ ਪਤਾ ਲਗਾਉਂਦੇ ਹਾਂ

ਅਸੀਂ 20-ਹਫ਼ਤੇ ਦੇ ਸਕੈਨ (ਗਰਭ ਅਵਸਥਾ ਦੇ 18+0 ਤੋਂ 20+6 ਹਫ਼ਤਿਆਂ ਦੇ ਵਿਚਕਾਰ) ‘ਤੇ ਸਪਾਈਨਾ ਬਿਫਿਡਾ ਲਈ ਜਾਂਚ ਕਰਦੇ ਹਾਂ।

ਬੰਦ ਸਪਾਈਨਾ ਬਿਫਿਡਾ ਦਾ ਜਨਮ ਤੋਂ ਪਹਿਲਾਂ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।

ਫਾਲੋ-ਅੱਪ ਟੈਸਟ ਅਤੇ ਅਪੌਇੰਟਮੈਂਟਾਂ

ਕਿਉਂਕਿ ਸਕੈਨ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਸਪਾਇਨਾ ਬਿਫਿਡਾ ਹੈ, ਇਸ ਲਈ ਅਸੀਂ ਤੁਹਾਨੂੰ ਮਾਹਰਾਂ ਦੀ ਇੱਕ ਵਿਸ਼ੇਸ਼ੱਗ ਟੀਮ ਕੋਲ ਭੇਜਾਂਗੇ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਦੇਖਭਾਲ ਕਰਨ ਦੀ ਮਹਾਰਤ ਹੁੰਦੀ ਹੈ। ਉਹ ਉਸ ਹਸਪਤਾਲ ਵਿੱਚ ਹੋ ਸਕਦੇ ਹਨ ਜਿੱਥੇ ਤੁਸੀਂ ਵਰਤਮਾਨ ਸਮੇਂ ਜਣੇਪੇ ਤੋਂ ਪਹਿਲਾਂ ਵਾਲੀ ਦੇਖਭਾਲ ਪ੍ਰਾਪਤ ਕਰ ਰਹੇ ਹੋ, ਜਾਂ ਕਿਸੇ ਵੱਖਰੇ ਹਸਪਤਾਲ ਵਿੱਚ। ਤੁਹਾਨੂੰ ਇਹ ਯਕੀਨੀ ਬਣਾਉਣ ਲਈ ਦੂਜੇ ਸਕੈਨ ਦੀ ਲੋੜ ਪਵੇਗੀ ਕਿ ਕੀ ਤੁਹਾਡੇ ਬੱਚੇ ਨੂੰ ਇਹ ਸਿਹਤ-ਸਮੱਸਿਆ ਹੈ। ਵਿਸ਼ੇਸ਼ੱਗ ਟੀਮ ਇਹ ਪੁਸ਼ਟੀ ਕਰ ਸਕੇਗੀ ਕਿ ਕੀ ਤੁਹਾਡੇ ਬੱਚੇ ਨੂੰ ਸਪਾਈਨਾ ਬਿਫਿਡਾ ਹੈ ਅਤੇ ਇਸ ਦਾ ਕੀ ਅਰਥ ਹੋ ਸਕਦਾ ਹੈ।

ਵਿਸ਼ੇਸ਼ੱਗ ਟੀਮ ਨੂੰ ਮਿਲਣ ਤੋਂ ਪਹਿਲਾਂ ਅਜਿਹੇ ਕਿਸੇ ਵੀ ਸਵਾਲ ਨੂੰ ਲਿਖਣਾ ਲਾਭਦਾਇਕ ਹੋ ਸਕਦਾ ਹੈ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ।

ਇਲਾਜ

ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਕਰਨ ਵਾਲੇ ਮਾਹਰਾਂ ਦੀ ਟੀਮ ਵਿੱਚ ਵਿਸ਼ੇਸ਼ੱਗ ਸ਼ਾਮਲ ਹੋਣਗੇ ਜੋ ਜਨਮ ਤੋਂ ਬਾਅਦ ਤੁਹਾਡੇ ਬੱਚੇ ਦੀ ਦੇਖਭਾਲ ਵਿੱਚ ਮਦਦ ਕਰਨਗੇ। ਉਹ ਤੁਹਾਡੇ ਨਾਲ ਸਿਹਤ-ਸਮੱਸਿਆ, ਸੰਭਾਵਿਤ ਪੇਚੀਦਗੀਆਂ, ਇਲਾਜ ਅਤੇ ਇਸ ਬਾਰੇ ਗੱਲ ਕਰਨਗੇ ਕਿ ਤੁਸੀਂ ਆਪਣੇ ਬੱਚੇ ਦੇ ਜਨਮ ਲਈ ਕਿਵੇਂ ਤਿਆਰੀ ਕਰ ਸਕਦੇ ਹੋ। ਟੀਮ ਦੇ ਮੈਂਬਰ ਤੁਹਾਡੇ ਨਾਲ ਸਿਹਤ-ਸਮੱਸਿਆ ਅਤੇ ਇਸ ਬਾਰੇ ਗੱਲ ਕਰਨਗੇ ਕਿ ਤੁਸੀਂ ਆਪਣੇ ਬੱਚੇ ਦੇ ਜਨਮ ਲਈ ਕਿਵੇਂ ਤਿਆਰੀ ਕਰ ਸਕਦੇ ਹੋ। ਉਹ ਤੁਹਾਡੇ ਨਾਲ ਇਸ ਬਾਰੇ ਵੀ ਗੱਲ ਕਰਨਗੇ ਕਿ ਉਹ ਜਨਮ ਤੋਂ ਬਾਅਦ ਬੱਚੇ ਦਾ ਇਲਾਜ ਕਿਵੇਂ ਕਰਨਗੇ। ਸੰਭਵ ਇਲਾਜ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਸਿਹਤ-ਸਮੱਸਿਆ ਕਿੰਨੀ ਗੰਭੀਰ ਹੈ ਅਤੇ ਰੀੜ੍ਹ ਦੀ ਹੱਡੀ ‘ਤੇ ਸਪਾਈਨਾ ਬਿਫਿਡਾ ਕਿੱਥੇ ਹੈ।

ਟੀਮ ਤੁਹਾਨੂੰ ਇੱਕ ਪੀਡੀਆਟ੍ਰਿਕ ਨਿਊਰੋਸਰਜਨ ਨਾਲ ਵੀ ਅਪੌਇੰਟਮੈਂਟ ਦੀ ਪੇਸ਼ਕਸ਼ ਕਰ ਸਕਦੀ ਹੈ ਜੋ ਇਸ ਸਿਹਤ-ਸਮੱਸਿਆ ਤੋਂ ਪ੍ਰਭਾਵਿਤ ਛੋਟੇ ਬੱਚਿਆਂ ਅਤੇ ਬੱਚਿਆਂ ਦੀ ਸਰਜਰੀ ਕਰਨ ਵਿੱਚ ਮਾਹਰ ਹੁੰਦਾ ਹੈ। ਉਹ ਆਪ੍ਰੇਸ਼ਨ ਦੀ ਕਿਸਮ ਜਾਂ ਇਸ ਬਾਰੇ ਦੱਸ ਸਕਣਗੇ ਕਿ ਸਪਾਇਨਾ ਬਿਫਿਡਾ ਨੂੰ ਬੰਦ ਕਰਨ ਲਈ ਬੱਚੇ ਨੂੰ ਹੋਰ ਕਿਹੜੇ ਇਲਾਜ ਦੀ ਲੋੜ ਪੈ ਸਕਦੀ ਹੈ।

ਕੁਝ ਮਾਮਲਿਆਂ ਵਿੱਚ, ਬੱਚੇ ਦੇ ਗਰਭ ਵਿੱਚ ਹੋਣ ਸਮੇਂ ਖੁੱਲ੍ਹੀ ਸਪਾਈਨਾ ਬਿਫਿਡਾ ਬੰਦ ਕੀਤੀ ਜਾ ਸਕਦੀ ਹੈ। ਇਸ ਨੂੰ ਭਰੂਣ ਸਰਜਰੀ ਕਿਹਾ ਜਾਂਦਾ ਹੈ। ਤੁਹਾਡੀ ਦੇਖਭਾਲ ਕਰਨ ਵਾਲੇ ਮਾਹਰਾਂ ਦੀ ਟੀਮ ਤੁਹਾਡੇ ਨਾਲ ਇਸ ਬਾਰੇ ਚਰਚਾ ਕਰੇਗੀ ਕਿ ਕੀ ਇਹ ਸਰਜਰੀ ਇੱਕ ਵਿਕਲਪ ਹੋ ਸਕਦੀ ਹੈ।

ਲੰਬੇ ਸਮੇਂ ਦੀ ਸਿਹਤ

ਖੁੱਲ੍ਹੀ ਸਪਾਈਨਾ ਬਿਫਿਡਾ ਤੋਂ ਪ੍ਰਭਾਵਿਤ ਬੱਚਿਆਂ ਦੀ ਲੰਬੇ ਸਮੇਂ ਦੀ ਸਿਹਤ ਇਨ੍ਹਾਂ ਗੱਲਾਂ ’ਤੇ ਨਿਰਭਰ ਕਰੇਗੀ:

  • ਸਪਾਈਨਾ ਬਿਫਿਡਾ ਦਾ ਆਕਾਰ ਅਤੇ ਸਥਿਤੀ
  • ਕੀ ਸਪਾਈਨਲ ਕੋਰਡ ਅਤੇ ਨਸਾਂ ਨੂੰ ਨੁਕਸਾਨ ਹੋਇਆ ਹੈ ਅਤੇ, ਜੇਕਰ ਅਜਿਹਾ ਹੈ, ਤਾਂ ਕਿਸ ਹੱਦ ਤੱਕ ਹੋਇਆ ਹੈ

ਇਹ ਇਸ ਗੱਲ ‘ਤੇ ਵੀ ਨਿਰਭਰ ਕਰੇਗਾ ਕਿ ਕੀ ਬੱਚੇ ਵਿੱਚ ਹਾਈਡ੍ਰੋਸੈਫਲਸ ਹੁੰਦਾ ਹੈ ਜੋ ਕਿ ਖੁੱਲ੍ਹੇ ਸਪਾਈਨਾ ਬਿਫਿਡਾ ਕਾਰਨ ਬੱਚੇ ਦੇ ਦਿਮਾਗ ਵਿੱਚ ਜਮਾਂ ਹੋਇਆ ਤਰਲ ਹੈ।  ਸਪਾਈਨਾ ਬਿਫਿਡਾ ਤੋਂ ਪ੍ਰਭਾਵਿਤ ਅਨੇਕਾਂ ਬੱਚਿਆਂ ਵਿੱਚ ਜਾਂ ਤਾਂ ਹਾਈਡ੍ਰੋਸੈਫਲਸ ਹੋਵੇਗਾ ਜਾਂ ਬਾਅਦ ਵਿੱਚ ਹੋਵੇਗਾ।

ਖੁੱਲ੍ਹੀ ਸਪਾਈਨਾ ਬਿਫਿਡਾ ਤੋਂ ਪ੍ਰਭਾਵਿਤ ਬੱਚਿਆਂ ਨੂੰ ਅਕਸਰ ਆਪਣੇ ਮਸਾਨੇ ਅਤੇ ਅੰਤੜੀਆਂ (ਪਿਸ਼ਾਬ ਅਤੇ ਟੱਟੀ) ਨੂੰ ਨਿਯੰਤ੍ਰਿਤ ਕਰਨ ਵਿੱਚ ਸਮੱਸਿਆਵਾਂ ਆਉਂਦੀਆਂ ਹਨ। ਜ਼ਿਆਦਾ ਗੰਭੀਰ ਮਾਮਲਿਆਂ ਵਿੱਚ, ਉਨ੍ਹਾਂ ਨੂੰ ਤੁਰਨ ਵਿੱਚ ਮੁਸ਼ਕਿਲ ਆ ਸਕਦੀ ਹੈ ਜਾਂ ਉਹ ਤੁਰਨ ਤੋਂ ਅਸਮਰੱਥ ਹੋ ਸਕਦੇ ਹਨ। ਸਪਾਈਨਾ ਬਿਫਿਡਾ ਅਤੇ ਹਾਈਡ੍ਰੋਸੈਫਲਸ ਕਾਰਨ ਕੁਝ ਸਿੱਖਣ ਦੀਆਂ ਮੁਸ਼ਕਿਲਾਂ ਹੋ ਸਕਦੀਆਂ ਹਨ। ਬੰਦ ਸਪਾਈਨਾ ਬਿਫਿਡਾ ਤੋਂ ਪ੍ਰਭਾਵਿਤ ਬੱਚਿਆਂ ਵਿੱਚ ਇਹ ਦੇਖਣ ਲਈ ਮੁਆਇਨਿਆਂ ਦੀ ਲੋੜ ਹੋ ਸਕਦੀ ਹੈ ਕਿ ਕੀ ਉਨ੍ਹਾਂ ਦਾ ਮਸਾਨਾ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਬਾਅਦ ਵਾਲੀ ਜ਼ਿੰਦਗੀ ਵਿੱਚ ਸਰਜਰੀ ਦੀ ਲੋੜ ਹੋ ਸਕਦੀ ਹੈ।

ਅਗਲੇ ਕਦਮ ਅਤੇ ਵਿਕਲਪ

ਤੁਸੀਂ ਆਪਣੀ ਗਰਭ ਅਵਸਥਾ ਦੌਰਾਨ ਆਪਣੀ ਦੇਖਭਾਲ ਕਰਨ ਵਾਲੀ ਟੀਮ ਨਾਲ ਆਪਣੇ ਬੱਚੇ ਦੀ ਸਪਾਈਨਾ ਬਿਫਿਡਾ ਅਤੇ ਆਪਣੇ ਵਿਕਲਪਾਂ ਬਾਰੇ ਗੱਲ ਕਰ ਸਕਦੇ ਹੋ। ਇਨ੍ਹਾਂ ਵਿੱਚ ਤੁਹਾਡੀ ਗਰਭ ਅਵਸਥਾ ਨੂੰ ਜਾਰੀ ਰੱਖਣਾ ਜਾਂ ਆਪਣੀ ਗਰਭ ਅਵਸਥਾ ਨੂੰ ਖ਼ਤਮ ਕਰਨਾ ਸ਼ਾਮਲ ਹੋਵੇਗਾ। ਤੁਸੀਂ ਸਪਾਈਨਾ ਬਿਫਿਡਾ ਬਾਰੇ ਹੋਰ ਜਾਣਨ ਦੇ ਇੱਛੁਕ ਹੋ ਸਕਦੇ ਹੋ।  ਇਸ ਸਥਿਤੀ ਵਿੱਚ ਮਾਪਿਆਂ ਦੀ ਮਦਦ ਕਰਨ ਦਾ ਤਜ਼ਰਬਾ ਰੱਖਣ ਵਾਲੇ ਸਹਾਇਤਾ ਸੰਗਠਨ   ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।

ਜੇਕਰ ਤੁਸੀਂ ਆਪਣੀ ਗਰਭ ਅਵਸਥਾ ਜਾਰੀ ਰੱਖਣ ਦਾ ਫ਼ੈਸਲਾ ਕਰਦੇ ਹੋ, ਤਾਂ ਮਾਹਰ ਟੀਮ ਤੁਹਾਡੀ ਇਨ੍ਹਾਂ ਗੱਲਾਂ ਲਈ ਮਦਦ ਕਰੇਗੀ:

  • ਤੁਹਾਡੀ ਦੇਖਭਾਲ ਅਤੇ ਤੁਹਾਡੇ ਬੱਚੇ ਦੇ ਜਨਮ ਦੀ ਯੋਜਨਾ ਬਣਾਉਣ ਲਈ
  • ਤੁਹਾਡੇ ਬੱਚੇ ਨੂੰ ਘਰ ਲੈ ਜਾਣ ਦੀ ਤਿਆਰੀ ਕਰਨ ਲਈ

ਜੇਕਰ ਤੁਸੀਂ ਆਪਣੀ ਗਰਭ ਅਵਸਥਾ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮਲ ਹੁੰਦਾ ਹੈ ਅਤੇ ਤੁਹਾਡੀ ਸਹਾਇਤਾ ਕਿਵੇਂ ਕੀਤੀ ਜਾਵੇਗੀ। ਤੁਹਾਨੂੰ ਇਸ ਚੋਣ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਕਿ ਆਪਣੀ ਗਰਭ ਅਵਸਥਾ ਨੂੰ ਕਿੱਥੇ ਅਤੇ ਕਿਵੇਂ ਖਤਮ ਕਰਨਾ ਹੈ ਅਤੇ ਅਜਿਹੀ ਸਹਾਇਤਾ ਮਿਲਣੀ ਚਾਹੀਦੀ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਿਅਕਤੀਗਤ ਹੁੰਦੀ ਹੈ।

ਸਿਰਫ਼ ਤੁਸੀਂ ਹੀ ਜਾਣਦੇ ਹੋ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਫ਼ੈਸਲਾ ਕੀ ਹੈ। ਤੁਸੀਂ ਜੋ ਵੀ ਫ਼ੈਸਲਾ ਲੈਂਦੇ ਹੋ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡਾ ਸਾਥ ਦੇਣਗੇ।

ਭਵਿੱਖ ਦੀਆਂ ਗਰਭ-ਅਵਸਥਾਵਾਂ

ਭਵਿੱਖ ਦੀਆਂ ਗਰਭ-ਅਵਸਥਾਵਾਂ ਦੇ ਇਸ ਸਿਹਤ-ਸਮੱਸਿਆ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਹਾਲਾਂਕਿ, ਜੇਕਰ ਤੁਹਾਡੇ ਬੱਚੇ ਨੂੰ ਸਪਾਈਨਾ ਬਿਫਿਡਾ ਹੋਈ ਹੈ, ਤਾਂ ਇਸ ਸਿਹਤ-ਸਮੱਸਿਆ ਵਾਲਾ ਇੱਕ ਹੋਰ ਬੱਚਾ ਪੈਦਾ ਹੋਣ ਦੀ 4% (100 ਵਿੱਚੋਂ 4) ਤੱਕ ਮਾਮੂਲੀ ਸੰਭਾਵਨਾ ਹੁੰਦੀ ਹੈ।

ਜੇਕਰ ਬੱਚੇ ਦਾ ਸਪਾਈਨਾ ਬਿਫਿਡਾ ਇੱਕ ਅਨੁਵੰਸ਼ਕ ਸਿਹਤ-ਸਮੱਸਿਆ ਦਾ ਹਿੱਸਾ ਸੀ, ਤਾਂ ਸਪਾਈਨਾ ਬਿਫਿਡਾ ਵਾਲਾ ਇੱਕ ਹੋਰ ਬੱਚਾ ਪੈਦਾ ਹੋਣ ਦੀ ਸੰਭਾਵਨਾ 25% (100 ਵਿੱਚੋਂ 25) ਤੱਕ ਵੱਧ ਹੋ ਸਕਦੀ ਹੈ। ਜੇਕਰ ਅਜਿਹਾ ਹੈ, ਤਾਂ ਤੁਹਾਨੂੰ ਭਵਿੱਖ ਦੀਆਂ ਗਰਭ-ਅਵਸਥਾਵਾਂ ਬਾਰੇ ਚਰਚਾ ਕਰਨ ਲਈ ਇੱਕ ਜੈਨੇਟਿਕ ਕੌਂਸਲਰ ਕੋਲ ਭੇਜਿਆ ਜਾ ਸਕਦਾ ਹੈ।

ਤੁਹਾਡੇ ਖੂਨ ਵਿੱਚ ਸਪਾਈਨਾ ਬਿਫਿਡਾ ਅਤੇ ਫੋਲੇਟ (ਫੋਲਿਕ ਐਸਿਡ) ਦੇ ਘੱਟ ਪੱਧਰ ਵਿਚਕਾਰ ਇੱਕ ਸੰਭਾਵੀ ਸਬੰਧ ਹੁੰਦਾ ਹੈ। ਜੇਕਰ ਭਵਿੱਖ ਵਿੱਚ ਗਰਭ ਅਵਸਥਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਔਰਤਾਂ ਦੀ ਪਹਿਲਾਂ ਸਪਾਈਨਾ ਬਿਫਿਡਾ ਤੋਂ ਪ੍ਰਭਾਵਿਤ ਗਰਭ ਅਵਸਥਾ ਹੋਈ ਹੈ, ਉਹ ਗਰਭਵਤੀ ਹੋਣ ਤੋਂ ਪਹਿਲਾਂ ਅਤੇ ਗਰਭ ਅਵਸਥਾ ਦੇ 12 ਹਫ਼ਤਿਆਂ ਤੱਕ ਫੋਲਿਕ ਐਸਿਡ ਦੀ ਵੱਧ ਖੁਰਾਕ (ਪ੍ਰਤੀ ਦਿਨ ਦੀ ਆਮ 0.4 ਮਿਲੀਗ੍ਰਾਮ ਦੀ ਬਜਾਏ 5 ਮਿਲੀਗ੍ਰਾਮ ਪ੍ਰਤੀ ਦਿਨ) ਲੈਣ।

ਹੋਰ ਜਾਣਕਾਰੀ

ਐਂਟੇਨੇਟਲ ਰਿਜ਼ਲਟਸ ਐਂਡ ਚੁਆਇਸਜ਼ (ਏ.ਆਰ.ਸੀ.) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤੇ ਡਾਇਗਨੋਸਿਸ ਅਤੇ ਗਰਭ ਅਵਸਥਾ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਫੈਸਲੇ ਲੈਣ ਵਾਲੇ ਲੋਕਾਂ ਦੀ ਸਹਾਇਤਾ ਕਰਦੀ ਹੈ:

NHS.UK ਕੋਲ ਸਿਹਤ-ਸਮੱਸਿਆਵਾਂ, ਲੱਛਣਾਂ ਅਤੇ ਇਲਾਜ ਬਾਰੇ ਇੱਕ ਮੁਕੰਮਲ ਗਾਈਡ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਕਰਨਾ ਹੈ ਅਤੇ ਕਦੋਂ ਮਦਦ ਲੈਣੀ ਹੈ।

ਸ਼ਾਈਨ  ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਮੁੱਚੇ ਇੰਗਲੈਂਡ, ਵੇਲਜ਼ ਅਤੇ ਨੌਰਦਰਨ ਆਇਰਲੈਂਡ ਵਿੱਚ ਸਪਾਈਨਾ ਬਿਫਿਡਾ ਬਾਰੇ ਮਾਹਰਾਨਾ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ।

ਉਨ੍ਹਾਂ ਮਾਪਿਆਂ ਲਈ ਜਾਣਕਾਰੀ ਜਿਨ੍ਹਾਂ ਨੂੰ ਕੋਰੀਓਨਿਕ ਵਿਲਸ ਸੈਂਪਲਿੰਗ (ਸੀ.ਵੀ.ਐੱਸ.) ਜਾਂ  ਐਮਨੀਓਸੈਂਟੇਸਿਸ  ਡਾਇਗਨੌਸਿਟਿਕ ਟੈਸਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਇਸ ਬਾਰੇ ਪਤਾ ਲਗਾਓ ਕਿ ਐੱਨ.ਐੱਚ.ਐੱਸ. ਇੰਗਲੈਂਡ ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦੀ ਹੈ

ਇਸ ਬਾਰੇ ਪਤਾ ਲਗਾਓ ਕਿ ਸਕ੍ਰੀਨਿੰਗ ਵਿੱਚ ਭਾਗ ਨਾ ਲੈਣ ਦੀ ਚੋਣ ਕਿਵੇਂ ਕਰਨੀ ਹੈ