Skip to main content
ਸੇਧ

ਐੱਨ.ਐੱਚ.ਐੱਸ. ਦਾ ਬੱਚੇਦਾਨੀ ਦੇ ਮੂੰਹ (ਸਰਵਾਈਕਲ) ਦੀ ਸਕ੍ਰੀਨਿੰਗ ਸਬੰਧੀ ਪ੍ਰੋਗਰਾਮ – ਐੱਚ.ਪੀ.ਵੀ. ਲਈ ਸਵੈ-ਜਾਂਚ (Punjabi)

ਪ੍ਰਕਾਸ਼ਿਤ 24 ਅਗਸਤ 2026

Applies to England

ਐੱਚ.ਪੀ.ਵੀ. ਲਈ ਸਵੈ-ਜਾਂਚ ਬਾਰੇ

ਐੱਨ.ਐੱਚ.ਐੱਸ. (ਨੈਸ਼ਨਲ ਹੈਲਥ ਸਰਵਿਸ) ਕੁਝ ਔਰਤਾਂ ਅਤੇ ਉਨ੍ਹਾਂ ਲੋਕਾਂ, ਜਿਨ੍ਹਾਂ ਦੇ ਸਰੀਰ ਵਿੱਚ ਬੱਚੇਦਾਨੀ ਦਾ ਮੂੰਹ ਹੈ, ਨੂੰ ਹਿਊਮਨ ਪੈਪੀਲੋਮਾਵਾਇਰਸ ਨਾਮਕ ਵਾਇਰਸ – ਜੋ ਐੱਚ.ਪੀ.ਵੀ. ਵੱਜੋਂ ਵੀ ਜਾਣਿਆ ਜਾਂਦਾ ਹੈ, ਦੀ ਵਿਕਲਪਿਕ ਜਾਂਚ ਲਈ ਐੱਚ.ਪੀ.ਵੀ. ਲਈ ਸਵੈ-ਜਾਂਚ ਦੀ ਪੇਸ਼ਕਸ਼ ਕਰ ਰਹੀ ਹੈ। 

ਐੱਚ.ਪੀ.ਵੀ. ਇੱਕ ਆਮ ਵਾਇਰਸ ਹੈ ਅਤੇ ਆਮ ਤੌਰ ‘ਤੇ ਨੁਕਸਾਨ-ਰਹਿਤ ਹੁੰਦਾ ਹੈ, ਪਰ ਕੁਝ ਉੱਚ-ਜੋਖਮ ਵਾਲੀਆਂ ਕਿਸਮਾਂ ਤੁਹਾਡੇ ਲਈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ। ਤੁਸੀਂ ਨਿੱਜੀ ਤੌਰ ‘ਤੇ ਐੱਚ.ਪੀ.ਵੀ. ਲਈ ਸਵੈ-ਜਾਂਚ ਖੁਦ ਕਰ ਸਕਦੇ ਹੋ।

ਤੁਹਾਨੂੰ ਸੱਦਾ ਕਿਉਂ ਦਿੱਤਾ ਗਿਆ ਹੈ 

ਤੁਹਾਨੂੰ ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ (ਜੋ ਪਹਿਲਾਂ ਸਮੀਅਰ ਟੈਸਟ ਵੱਜੋਂ ਜਾਣੀ ਜਾਂਦੀ ਸੀ) ਲਈ ਸੱਦਾ ਦਿੱਤਾ ਗਿਆ ਸੀ ਪਰ ਤੁਸੀਂ ਇਸ ਲਈ ਨਹੀਂ ਆਏ ਸੀ।  ਐੱਚ.ਪੀ.ਵੀ. ਲਈ ਸਵੈ-ਜਾਂਚ ਤੁਹਾਨੂੰ ਹਿੱਸਾ ਲੈਣ ਦਾ ਇੱਕ ਹੋਰ ਵਿਕਲਪ ਦਿੰਦੀ ਹੈ।

ਤੁਸੀਂ ਅੱਗੇ ਦਿੱਤੇ ਅਨੁਸਾਰ ਟੈਸਟ ਕਰ ਸਕਦੇ ਹੋ:

  • ਆਪਣੇ ਘਰ ਵਿੱਚ ਜਾਂ ਕਿਸੇ ਨਿੱਜੀ ਜਗ੍ਹਾ ’ਤੇ
  • ਆਪਣੇ ਲਈ ਢੁਕਵੇਂ ਸਮੇਂ ’ਤੇ
  • ਅਪੌਇੰਟਮੈਂਟ ਦੀ ਲੋੜ ਤੋਂ ਬਗੈਰ।

ਕਿੱਟ ਵਿੱਚ ਦਿੱਤੀਆਂ ਹਦਾਇਤਾਂ ਤੁਹਾਨੂੰ ਦੱਸਣਗੀਆਂ ਕਿ ਜਾਂਚ ਕਿਵੇਂ ਕਰਨੀ ਹੈ। ਜੇਕਰ ਤੁਹਾਨੂੰ ਕਿਸੇ ਵਾਧੂ ਮਦਦ ਦੀ ਲੋੜ ਹੈ - ਉਦਾਹਰਨ ਦੇ ਤੌਰ ’ਤੇ, ਜੇਕਰ ਤੁਹਾਡੀ ਸਰੀਰਕ ਜਾਂ ਸਿੱਖਣ ਦੀ ਅਸਮਰੱਥਾ ਹੈ - ਤਾਂ ਸਹਾਇਤਾ ਉਪਲਬਧ ਹੈ। ਤੁਹਾਨੂੰ ਆਪਣੇ ਸਵੈ-ਜਾਂਚ ਵਾਲੇ ਸੱਦੇ ਵਿੱਚ ਸੰਪਰਕ ਵੇਰਵੇ ਮਿਲਣਗੇ।

ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਅਤੇ ਐੱਚ.ਪੀ.ਵੀ. ਲਈ ਸਵੈ-ਜਾਂਚ ਵਿੱਚ ਕੀ ਅੰਤਰ ਹੈ

ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਆਪਣੇ ਆਪ ਨੂੰ ਬਚਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ।

ਸਾਡੇ ਕੋਲ ਅਜੇ ਇਹ ਦਿਖਾਉਣ ਲਈ ਕੋਈ ਸਬੂਤ ਨਹੀਂ ਹੈ ਕਿ ਐੱਚ.ਪੀ.ਵੀ. ਲਈ ਸਵੈ-ਜਾਂਚ ਵੱਲ ਜਾਣਾ, ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ ਓਨਾ ਹੀ ਪ੍ਰਭਾਵਸ਼ਾਲੀ ਹੈ ਜਿੰਨਾ ਬੱਚੇਦਾਨੀ ਦੇ ਮੂੰਹ ਦੀ ਨਿਯਮਿਤ ਸਕ੍ਰੀਨਿੰਗ ਲਈ ਜਾਣਾ ਅਸਰਦਾਰ ਹੁੰਦਾ ਹੈ।  ਪਰ ਜੇਕਰ ਤੁਹਾਡੀ ਸਕ੍ਰੀਨਿੰਗ ਨਹੀਂ ਕੀਤੀ ਗਈ ਹੈ, ਤਾਂ ਸਵੈ-ਜਾਂਚ ਅਗਲਾ ਸਭ ਤੋਂ ਵਧੀਆ ਵਿਕਲਪ ਹੈ।

ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ

  • ਤੁਹਾਡੀ ਜੀ.ਪੀ. ਸਰਜਰੀ ਜਾਂ ਜਿਨਸੀ ਸਿਹਤ ਕਲੀਨਿਕ ਵਿੱਚ ਹੁੰਦੀ ਹੈ।
  • ਇੱਕ ਨਰਸ ਜਾਂ ਡਾਕਟਰ ਤੁਹਾਡੀ ਬੱਚੇਦਾਨੀ ਦੇ ਮੂੰਹ ਤੋਂ ਇੱਕ ਛੋਟਾ ਜਿਹਾ ਨਮੂਨਾ ਲੈਂਦੇ ਹਨ।
  • ਨਮੂਨੇ ਦੀ ਉੱਚ-ਜੋਖਮ ਵਾਲੇ ਐੱਚ.ਪੀ.ਵੀ. ਲਈ ਜਾਂਚ ਕੀਤੀ ਜਾਂਦੀ ਹੈ।
  • ਜੇਕਰ ਉੱਚ-ਜੋਖਮ ਵਾਲੇ ਐੱਚ.ਪੀ.ਵੀ. ਦੇ ਸਰੀਰ ਵਿੱਚ ਹੋਣ ਬਾਰੇ ਪਤਾ ਲੱਗਦਾ ਹੈ, ਤਾਂ ਫੇਰ ਨਮੂਨੇ ਦੀ ਜਾਂਚ ਸੈੱਲ ਵਿੱਚ ਤਬਦੀਲੀਆਂ ਲਈ ਕੀਤੀ ਜਾਂਦੀ ਹੈ ਜੋ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦੇ ਜੋਖਮ ਨੂੰ ਵਧਾ ਸਕਦਾ ਹੈ।
  • ਇਨ੍ਹਾਂ ਤਬਦੀਲੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਐੱਚ.ਪੀ.ਵੀ. ਲਈ ਸਵੈ-ਜਾਂਚ

  • ਤੁਸੀਂ ਘਰ ਵਿੱਚ ਜਾਂ ਕਿਸੇ ਨਿੱਜੀ ਜਗ੍ਹਾ ‘ਤੇ ਆਪਣਾ ਨਮੂਨਾ ਲੈਂਦੇ ਹੋ।
  • ਟੈਸਟ ਵਿੱਚ ਨਮੂਨਾ ਲੈਣ ਲਈ ਤੁਹਾਡੀ ਯੋਨੀ ਅੰਦਰ ਕੁਝ ਸੈਂਟੀਮੀਟਰ ਤੱਕ ਇੱਕ ਸਵੈਬ (ਰੂੰ ਲੱਗੀ ਛੋਟੀ ਜਿਹੀ ਡੰਡੀ ਵਰਗਾ) ਪਾਉਣਾ ਸ਼ਾਮਲ ਹੈ। ਕਿੱਟ ਵਿੱਚ ਪੂਰੀਆਂ ਹਦਾਇਤਾਂ ਦਿੱਤੀਆਂ ਹਨ।
  • ਫੇਰ ਤੁਸੀਂ ਡਾਕ ਰਾਹੀਂ ਐੱਨ.ਐੱਚ.ਐੱਸ. ਨੂੰ ਨਮੂਨਾ ਵਾਪਸ ਭੇਜਦੇ ਹੋ, ਜਿੱਥੇ ਇਸ ਦੀ ਉੱਚ-ਜੋਖਮ ਵਾਲੇ ਐੱਚ.ਪੀ.ਵੀ. ਲਈ ਜਾਂਚ ਕੀਤੀ ਜਾਂਦੀ ਹੈ।
  • ਜੇਕਰ ਉੱਚ-ਜੋਖਮ ਵਾਲੇ ਐੱਚ.ਪੀ.ਵੀ. ਦੇ ਮੌਜੂਦ ਹੋਣ ਬਾਰੇ ਪਤਾ ਲੱਗਦਾ ਹੈ, ਤਾਂ ਤੁਹਾਨੂੰ ਆਪਣੀ ਜੀ.ਪੀ. ਸਰਜਰੀ ਜਾਂ ਜਿਨਸੀ ਸਿਹਤ ਕਲੀਨਿਕ ਵਿਖੇ ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਲਈ ਅਪੌਇੰਟਮੈਂਟ ਬੁੱਕ ਕਰਨ ਲਈ ਕਿਹਾ ਜਾਵੇਗਾ।
  • ਇੱਕ ਨਰਸ ਜਾਂ ਡਾਕਟਰ ਤੁਹਾਡੀ ਬੱਚੇਦਾਨੀ ਦੇ ਮੂੰਹ ਤੋਂ ਇੱਕ ਛੋਟਾ ਜਿਹਾ ਨਮੂਨਾ ਲੈਣਗੇ ਜਿਸ ਦੀ ਜਾਂਚ ਸੈੱਲ ਤਬਦੀਲੀਆਂ ਲਈ ਕੀਤੀ ਜਾ ਸਕਦੀ ਹੈ ਜੋ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦੇ ਜੋਖਮ ਨੂੰ ਵਧਾ ਸਕਦਾ ਹੈ।
  • ਇਨ੍ਹਾਂ ਤਬਦੀਲੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਬੱਚੇਦਾਨੀ ਦੇ ਮੂੰਹ ਅਤੇ ਯੋਨੀ ਦੀ ਸਥਿਤੀ ਨੂੰ ਦਰਸਾਉਂਦਾ ਇੱਕ ਰੇਖਾ-ਚਿੱਤਰ

ਸਵੈ-ਜਾਂਚ ਕਿੱਟ ਕਿਵੇਂ ਪ੍ਰਾਪਤ ਕਰੀਏ

ਐੱਨ.ਐੱਚ.ਐੱਸ. ਤੁਹਾਨੂੰ ਐੱਚ.ਪੀ.ਵੀ. ਲਈ ਸਵੈ-ਜਾਂਚ ਵਿੱਚ ਹਿੱਸਾ ਲੈਣ ਲਈ ਸੱਦਾ ਦੇਵੇਗੀ। ਤੁਹਾਡਾ ਸੱਦਾ ਐੱਨ.ਐੱਚ.ਐੱਸ. ਐਪ, ਇੱਕ ਟੈਕਸਟ ਸੰਦੇਸ਼ (ਐੱਸ.ਐੱਮ.ਐੱਸ.), ਇੱਕ ਈਮੇਲ ਜਾਂ ਇੱਕ ਚਿੱਠੀ ਰਾਹੀਂ ਆ ਸਕਦਾ ਹੈ।

ਇੱਕ ਵਾਰ ਜਦੋਂ ਤੁਹਾਨੂੰ ਆਪਣਾ ਸੱਦਾ ਮਿਲ ਜਾਂਦਾ ਹੈ, ਤਾਂ ਐੱਨ.ਐੱਚ.ਐੱਸ. ਐਪ ਵਿੱਚ ਜਾਂ ਆਪਣੇ ਐੱਨ.ਐੱਚ.ਐੱਸ. ਔਨਲਾਈਨ ਅਕਾਊਂਟ ਰਾਹੀਂ ਆਪਣੀ ਮੁਫ਼ਤ ਕਿੱਟ ਦਾ ਆਰਡਰ ਕਰਨ ਲਈ ਹਦਾਇਤਾਂ ਦੀ ਪਾਲਣਾ ਕਰੋ। ਜੇਕਰ ਤੁਹਾਡੇ ਕੋਲ ਅਕਾਊਂਟ ਨਹੀਂ ਹੈ, ਤਾਂ ਤੁਸੀਂ ਇਹ ਬਣਾ ਸਕਦੇ ਹੋ। ਤੁਹਾਡੇ ਸੱਦੇ ਵਿੱਚ ਕਿੱਟ ਆਰਡਰ ਕਰਨ ਦੇ ਹੋਰ ਤਰੀਕਿਆਂ ਬਾਰੇ ਵੀ ਜਾਣਕਾਰੀ ਸ਼ਾਮਲ ਹੁੰਦੀ ਹੈ।

ਆਪਣੇ ਨਤੀਜੇ ਕਿਵੇਂ ਪ੍ਰਾਪਤ ਕਰਨੇ ਹਨ

ਆਪਣਾ ਨਮੂਨਾ ਲੈਣ ਤੋਂ ਬਾਅਦ, ਦਿੱਤੇ ਗਏ ਲਿਫ਼ਾਫੇ ਵਿੱਚ ਪਾ ਕੇ ਇਸ ਨੂੰ ਤੁਰੰਤ ਵਾਪਸੀ ਡਾਕ ਰਾਹੀਂ ਭੇਜ ਦਿਓ। ਡਾਕ ਖ਼ਰਚ ਮੁਫ਼ਤ ਹੈ।

ਤੁਹਾਨੂੰ ਆਪਣੇ ਨਤੀਜੇ 14 ਦਿਨਾਂ ਦੇ ਅੰਦਰ ਪ੍ਰਾਪਤ ਹੋਣੇ ਚਾਹੀਦੇ ਹਨ ਅਤੇ ਤੁਹਾਨੂੰ ਉਹ ਐੱਨ.ਐੱਚ.ਐੱਸ. ਐਪ ਜਾਂ ਚਿੱਠੀ ਰਾਹੀਂ ਮਿਲਣਗੇ।

ਨਤੀਜੇ ਤੁਹਾਨੂੰ ਕੀ ਦੱਸਣਗੇ

ਐੱਚ.ਪੀ.ਵੀ. ਨੈਗੇਟਿਵ

ਤੁਹਾਡੀ ਜਾਂਚ ਵਿੱਚ ਉੱਚ-ਜੋਖਮ ਵਾਲਾ ਐੱਚ.ਪੀ.ਵੀ. ਨਹੀਂ ਮਿਲਿਆ। ਜੇਕਰ ਤੁਸੀਂ ਅਜੇ ਵੀ ਯੋਗ ਹੁੰਦੇ ਹੋ ਤਾਂ ਤੁਹਾਨੂੰ 5 ਸਾਲਾਂ ਵਿੱਚ ਦੁਬਾਰਾ ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾਵੇਗਾ।  

ਤੁਹਾਨੂੰ ਭਵਿੱਖ ਵਿੱਚ ਫੇਰ ਵੀ ਐੱਚ.ਪੀ.ਵੀ. ਹੋ ਸਕਦਾ ਹੈ, ਇਸ ਲਈ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਲੱਛਣਾਂ ਨੂੰ ਜਾਣਨਾ ਮਹੱਤਵਪੂਰਨ ਹੈ। ਐੱਨ.ਐੱਚ.ਐੱਸ. ਦੀ ਵੈੱਬਸਾਈਟ ਉਨ੍ਹਾਂ ਬਾਰੇ ਦੱਸਦੀ ਹੈ: nhs.uk/conditions/cervical-cancer/symptoms/

ਐੱਚ.ਪੀ.ਵੀ. ਪਾਜ਼ੀਟਿਵ

ਤੁਹਾਡੇ ਟੈਸਟ ਵਿੱਚ ਉੱਚ-ਜੋਖਮ ਵਾਲੇ ਐੱਚ.ਪੀ.ਵੀ. ਦੀ ਮੌਜੂਦਗੀ ਬਾਰੇ ਪਤਾ ਲੱਗਿਆ ਸੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ। ਤੁਹਾਨੂੰ ਆਪਣੀ ਜੀ.ਪੀ. ਸਰਜਰੀ ਜਾਂ ਜਿਨਸੀ ਸਿਹਤ ਕਲੀਨਿਕ ਵਿੱਚ ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਲਈ ਅਪੌਇੰਟਮੈਂਟ ਬੁੱਕ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਸੈੱਲ ਵਿੱਚ ਤਬਦੀਲੀਆਂ ਦੀ ਜਾਂਚ ਕੀਤੀ ਜਾ ਸਕੇ ਜੋ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ।

ਐੱਚ.ਪੀ.ਵੀ. ਬਾਰੇ ਇੱਥੋਂ ਹੋਰ ਜਾਣਕਾਰੀ ਲਵੋ: nhs.uk/conditions/human-papilloma-virus-hpv/

ਐੱਚ.ਪੀ.ਵੀ. ਦਾ ਨਤੀਜਾ ਸਪੱਸ਼ਟ ਨਹੀਂ ਹੈ

ਜੇਕਰ ਅਸੀਂ ਤੁਹਾਡੀ ਐੱਚ.ਪੀ.ਵੀ. ਲਈ ਸਵੈ-ਜਾਂਚ ਤੋਂ ਸਪੱਸ਼ਟ ਨਤੀਜਾ ਪ੍ਰਾਪਤ ਨਹੀਂ ਕਰ ਸਕੇ ਸੀ, ਤਾਂ ਤੁਹਾਨੂੰ ਇਸ ਨੂੰ ਦੁਬਾਰਾ ਕਰਨ ਲਈ ਕਿਹਾ ਜਾ ਸਕਦਾ ਹੈ। ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੈਂਸਰ ਹੈ।

ਜੇਕਰ ਤੁਸੀਂ ਐੱਚ.ਪੀ.ਵੀ. ਲਈ ਸਵੈ-ਜਾਂਚ ਨਹੀਂ ਕਰਨੀ ਚਾਹੁੰਦੇ ਤਾਂ ਕੀ ਕਰਨਾ ਹੈ

ਤੁਸੀਂ ਅਜੇ ਵੀ ਕਿਸੇ ਵੀ ਸਮੇਂ ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਸਬੰਧੀ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ - ਭਾਵੇਂ ਤੁਹਾਨੂੰ ਕਈ ਮਹੀਨਿਆਂ ਜਾਂ ਸਾਲਾਂ ਪਹਿਲਾਂ ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਲਈ ਸੱਦਾ ਦਿੱਤਾ ਗਿਆ ਸੀ। 

ਜੇਕਰ ਤੁਹਾਡੀ ਬੱਚੇਦਾਨੀ ਦੇ ਮੂੰਹ ਦੀ ਰੂਟੀਨ ਸਕ੍ਰੀਨਿੰਗ ਤੁਹਾਡੇ 60ਵੇਂ ਜਨਮਦਿਨ ‘ਤੇ ਜਾਂ ਇਸ ਤੋਂ ਬਾਅਦ ਵਿੱਚ ਹੋਣੀ ਹੈ ਅਤੇ ਤੁਸੀਂ ਹਾਜ਼ਰ ਨਹੀਂ ਹੁੰਦੇ, ਤਾਂ ਤੁਹਾਨੂੰ ਇਸ ਬਾਰੇ ਪੁਸ਼ਟੀ ਪ੍ਰਾਪਤ ਹੋਵੇਗੀ ਕਿ ਤੁਹਾਨੂੰ ਹੁਣ ਰੂਟੀਨ ਸੱਦੇ ਨਹੀਂ ਮਿਲਣਗੇ। ਤੁਹਾਨੂੰ ਐੱਚ.ਪੀ.ਵੀ. ਲਈ ਸਵੈ-ਜਾਂਚ ਕਿੱਟ ਦੀ ਬੇਨਤੀ ਕਰਨ ਲਈ ਸੱਦਾ ਮਿਲ ਸਕਦਾ ਹੈ।

nhs.uk/cervicalscreening/ ‘ਤੇ ਹੋਰ ਜਾਣਕਾਰੀ ਲਵੋ

ਜੇਕਰ ਤੁਸੀਂ ਐੱਚ.ਪੀ.ਵੀ. ਦਾ ਟੀਕਾ ਲਗਵਾਇਆ ਹੈ

ਟੀਕਾ ਐੱਚ.ਪੀ.ਵੀ. ਦੀਆਂ ਸਾਰੀਆਂ ਕਿਸਮਾਂ ਤੋਂ ਬਚਾਅ ਨਹੀਂ ਕਰਦਾ ਹੈ। ਭਾਵੇਂ ਤੁਸੀਂ ਐੱਚ.ਪੀ.ਵੀ. ਦਾ ਟੀਕਾ ਲਗਾਇਆ ਹੈ, ਪਰ ਤੁਹਾਨੂੰ ਫੇਰ ਵੀ ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ ਵਾਲੀਆਂ ਅਪੌਇੰਟਮੈਂਟਾਂ ਲਈ ਜਾਣਾ ਚਾਹੀਦਾ ਹੈ ਜਾਂ, ਜੇਕਰ ਸੱਦਾ ਦਿੱਤਾ ਗਿਆ ਹੈ, ਤਾਂ ਐੱਚ.ਪੀ.ਵੀ. ਦੀ ਸਵੈ-ਜਾਂਚ ਕਰਵਾਉਣੀ ਚਾਹੀਦੀ ਹੈ। 

ਜੇਕਰ ਤੁਹਾਡੀ ਉਮਰ 25 ਸਾਲ ਤੋਂ ਘੱਟ ਹੈ ਅਤੇ 12 ਜਾਂ 13 ਸਾਲ ਦੀ ਉਮਰ ਵਿੱਚ ਆਪਣਾ ਐੱਚ.ਪੀ.ਵੀ. ਟੀਕਾ ਖੁੰਝਾ ਲਿਆ ਸੀ, ਤਾਂ ਟੀਕਾਕਰਨ ਲਈ ਆਪਣੀ ਜੀ.ਪੀ. ਸਰਜਰੀ ਨਾਲ ਸੰਪਰਕ ਕਰੋ। 

ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ

ਅਸੀਂ ਤੁਹਾਨੂੰ ਸਹੀ ਸਮੇਂ ‘ਤੇ ਸੱਦਾ ਦੇਣ ਅਤੇ ਸਕ੍ਰੀਨਿੰਗ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਐੱਨ.ਐੱਚ.ਐੱਸ. ਰਿਕਾਰਡਾਂ ਦੀ ਵਰਤੋਂ ਕਰਦੇ ਹਾਂ।

ਐੱਨ.ਐੱਚ.ਐੱਸ. ਸਕ੍ਰੀਨਿੰਗ ਵਿੱਚ ਮਰੀਜ਼ ਦੀ ਭੇਤਦਾਰੀ  ’ਤੇ ਇਸ ਬਾਰੇ ਹੋਰ ਪੜ੍ਹੋ ਕਿ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦੇ ਹਾਂ।

  ਐੱਨ.ਐੱਚ.ਐੱਸ. ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਭਾਗ ਨਾ ਲੈਣ ਦੀ ਚੋਣ ਕਰਨਾ  ’ਤੇ ਹੋਰ ਵੀ ਪੜ੍ਹੋ।

ਵਿਕਲਪਿਕ ਸੰਸਕਰਣ

ਇਹ ਜਾਣਕਾਰੀ ਹੋਰ ਭਾਸ਼ਾਵਾਂ ਅਤੇ ਆਸਾਨੀ ਨਾਲ ਪੜ੍ਹਨਯੋਗ ਫਾਰਮੈਟ ਵਿੱਚ ਉਪਲਬਧ ਹੈ:

ਜਦੋਂ ਤੁਸੀਂ ਕਾਲ ਜਾਂ ਈਮੇਲ ਕਰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਆਪਣਾ ਹਵਾਲਾ ਨੰਬਰ ਦਿਓ।  ਤੁਸੀਂ ਇਸ ਨੂੰ ਆਪਣੇ ਸੱਦੇ ਵਿੱਚੋਂ ਲੱਭ ਸਕਦੇ ਹੋ।