ਐੱਚ.ਪੀ.ਵੀ. (HPV) ਸਵੈ-ਜਾਂਚ ਕਿੱਟਾਂ: ਇਨ੍ਹਾਂ ਨੂੰ ਕਿਵੇਂ ਵਰਤਣਾ ਹੈ (Hologic) (Punjabi)
ਪ੍ਰਕਾਸ਼ਿਤ 24 ਅਗਸਤ 2026
Applies to England
ਐੱਚ.ਪੀ.ਵੀ. ਸਵੈ-ਜਾਂਚ ਕਿੱਟ ਦੀ ਬੇਨਤੀ ਕਰਨ ਲਈ ਤੁਹਾਡਾ ਧੰਨਵਾਦ।
ਇਹ ਐੱਚ.ਪੀ.ਵੀ. ਸਵੈ-ਜਾਂਚ ਕਿੱਟ ਸਿਰਫ਼ ਤੁਹਾਡੀ ਵਰਤੋਂ ਲਈ ਹੈ ਅਤੇ ਇਸ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ, ਜਾਂ ਕਿਸੇ ਹੋਰ ਵੱਲੋਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕਿਰਪਾ ਕਰਕੇ ਆਪਣੀ ਕਿੱਟ ਨਾਲ ਸ਼ਾਮਲ ਨਿਰਦੇਸ਼ਾਂ ਦੀ ਪਾਲਣਾ ਕਰੋ।
ਜੇਕਰ ਤੁਹਾਨੂੰ ਵਧੀਕ ਸਹਾਇਤਾ ਦੀ ਲੋੜ ਹੈ (ਉਦਾਹਰਣ ਦੇ ਤੌਰ ’ਤੇ, ਸਰੀਰਕ ਜਾਂ ਸਿੱਖਣ ਦੀ ਅਸਮਰੱਥਾ ਕਾਰਨ), ਤਾਂ 0300 303 2724 ‘ਤੇ ਫ਼ੋਨ-ਕਾਲ ਕਰੋ।
ਆਪਣੀ ਮਾਹਵਾਰੀ ਦੌਰਾਨ, ਗਰਭ ਅਵਸਥਾ ਦੌਰਾਨ, ਜਾਂ ਗਰਭ ਅਵਸਥਾ ਜਾਂ ਗਾਇਨੀਕੋਲੋਜੀਕਲ (ਔਰਤਾਂ ਦੇ ਰੋਗਾਂ ਨਾਲ ਸਬੰਧਤ) ਸਰਜਰੀ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਆਪਣਾ ਨਮੂਨਾ ਇਕੱਤਰ ਨਾ ਕਰੋ।
ਜੇਕਰ ਤੁਸੀਂ ਆਪਣੀ ਸਵੈ-ਜਾਂਚ ਕਰਨ ਤੋਂ 3 ਦਿਨ ਪਹਿਲਾਂ ਯੋਨੀ ਸਬੰਧੀ ਦਵਾਈਆਂ, ਯੋਨੀ ਨਾਲ ਸਬੰਧਤ ਗਰਭ ਨਿਰੋਧਕਾਂ, ਕਰੀਮਾਂ, ਵਾਸ਼ (ਘੋਲਾਂ), ਲੁਬਰੀਕੈਂਟ ਜਾਂ ਕੋਂਡਮ ਦੀ ਵਰਤੋਂ ਕੀਤੀ ਹੈ ਤਾਂ ਆਪਣਾ ਨਮੂਨਾ ਇਕੱਤਰ ਨਾ ਕਰੋ।
ਜੇਕਰ ਤੁਸੀਂ ਸਰਵਾਈਕਲ (ਬੱਚੇਦਾਨੀ ਦਾ ਮੂੰਹ) ਕੈਂਸਰ ਬਾਰੇ ਚਿੰਤਤ ਹੋ ਜਾਂ ਕੋਈ ਨਵੇਂ ਜਾਂ ਅਸਾਧਾਰਨ ਲੱਛਣ ਹੁੰਦੇ ਹਨ ਤਾਂ ਆਪਣਾ ਨਮੂਨਾ ਇਕੱਤਰ ਨਾ ਕਰੋ, ਜਿੰਨੀ ਜਲਦੀ ਹੋ ਸਕੇ ਆਪਣੇ ਜੀ.ਪੀ. ਨਾਲ ਸੰਪਰਕ ਕਰੋ। ਲੱਛਣਾਂ ਵਿੱਚ ਸ਼ਾਮਲ ਹਨ:
- ਸੈਕਸ ਦੌਰਾਨ ਜਾਂ ਬਾਅਦ ਵਿੱਚ, ਮਾਹਵਾਰੀਆਂ ਦੇ ਵਿਚਕਾਰ, ਜਾਂ ਮੀਨੋਪੌਜ਼ ਤੋਂ ਬਾਅਦ ਖੂਨ ਵਗਣਾ
- ਸੈਕਸ ਦੌਰਾਨ ਦਰਦ ਹੋਣਾ
- ਯੋਨੀ ਵਿੱਚੋਂ ਰਿਸਾਵ ਜੋ ਆਮ ਨਾਲੋਂ ਜ਼ਿਆਦਾ ਹੋਵੇ ਜਾਂ ਅਸਾਧਾਰਨ ਗੰਧ ਆਉਂਦੀ ਹੋਵੇ
ਆਪਣੀ ਸਵੈ-ਜਾਂਚ ਦੀ ਵਰਤੋਂ ਉਦੋਂ ਤੱਕ ਨਾ ਕਰੋ ਜਦੋਂ ਤੱਕ ਇਨ੍ਹਾਂ ਲੱਛਣਾਂ ਦੀ ਜਾਂਚ ਨਹੀਂ ਹੋ ਜਾਂਦੀ।
ਦਿੱਤੇ ਗਏ ਵਾਪਸੀ ਵਾਲੇ ਲਿਫ਼ਾਫ਼ੇ ਦੀ ਵਰਤੋਂ ਕਰਕੇ ਆਪਣੀ ਸਵੈ-ਜਾਂਚ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ ਆਪਣੀ ਸਵੈ-ਜਾਂਚ ਵਾਪਸ ਕਰੋ।
ਜੇਕਰ ਤੁਹਾਨੂੰ 14 ਦਿਨਾਂ ਦੇ ਅੰਦਰ ਆਪਣੇ ਨਤੀਜੇ ਪ੍ਰਾਪਤ ਨਹੀਂ ਹੁੰਦੇ, ਸਵੈ-ਜਾਂਚ ਬਾਰੇ ਕੋਈ ਸਵਾਲ ਹਨ, ਜਾਂ ਤੁਹਾਡੀ ਕਿੱਟ ਖਰਾਬ ਹਾਲਤ ਵਿੱਚ ਮਿਲਦੀ ਹੈ, ਤਾਂ 0300 303 2724 ‘ਤੇ ਫ਼ੋਨ-ਕਾਲ ਕਰੋ।
ਐੱਨ.ਐੱਚ.ਐੱਸ. ਦਾ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ
ਇਸ ਕਿੱਟ ਵਿੱਚ ਸ਼ਾਮਲ ਹੈ
ਸੁਰੱਖਿਆ ਜਾਣਕਾਰੀ
ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਕਲੈਕਸ਼ਨ (ਨਮੂਨਾ ਇਕੱਤਰ ਕਰਨ ਵਾਲੀ) ਟਿਊਬ ਵਿੱਚ ਮੌਜੂਦ ਤਰਲ ਨੂੰ ਨਾ ਨਿਗਲੋ। ਜੇਕਰ ਤਰਲ ਨਿਗਲ ਲਿਆ ਜਾਂਦਾ ਹੈ ਜਾਂ ਅੱਖਾਂ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਸਲਾਹ ਲਈ ਐੱਨ.ਐੱਚ.ਐੱਸ. 111 ਜਾਂ ਸਿਹਤ ਸੰਭਾਲ ਪੇਸ਼ੇਵਰ ਨਾਲ ਸੰਪਰਕ ਕਰੋ। ਜੇਕਰ ਲੱਛਣ ਗੰਭੀਰ ਹਨ ਜਾਂ ਤੁਸੀਂ ਚਿੰਤਤ ਹੋ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
ਮਹੱਤਵਪੂਰਨ
ਇਹ ਕਿੱਟ ਐੱਚ.ਪੀ.ਵੀ. ਟੈਸਟ ਨਿਰਮਾਤਾ ਦੀ ਨਿਰਧਾਰਤ ਵਰਤੋਂ ਤੋਂ ਵੱਖਰੇ ਉਦੇਸ਼ ਲਈ ਵਰਤੀ ਜਾ ਰਹੀ ਹੈ (“ਆਫ-ਲੇਬਲ”)। ਇਸ ਦਾ ਅਰਥ ਇਹ ਨਹੀਂ ਹੈ ਕਿ ਐੱਚ.ਪੀ.ਵੀ. ਜਾਂਚ ਅਸੁਰੱਖਿਅਤ ਜਾਂ ਗ਼ੈਰ-ਭਰੋਸੇਯੋਗ ਹੈ, ਬਲਕਿ ਇਸ ਦੀ ਵਰਤੋਂ ਮੂਲ ਰੂਪ ਵਿੱਚ ਦੱਸੇ ਗਏ ਤਰੀਕੇ ਤੋਂ ਵੱਖਰੇ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਸਥਿਤੀ ਵਿੱਚ, ਸਵੈਬ ਨੂੰ ਕਲੀਨਿਕ ਦੀ ਬਜਾਏ ਘਰ ਵਿੱਚ ਵਰਤਣ ਲਈ ਲੋਕਾਂ ਕੋਲ ਭੇਜਿਆ ਜਾ ਰਿਹਾ ਹੈ ਅਤੇ ਲੈਬਾਰਟਰੀ ਸਵੈ-ਇਕੱਤਰ ਕੀਤੇ ਨਮੂਨਿਆਂ ਲਈ ਢੁਕਵੀਂ ਪ੍ਰਕਿਰਿਆ ਦੀ ਵਰਤੋਂ ਕਰਦੀ ਹੈ।
ਤੁਹਾਡੇ ਵੱਲੋਂ ਸ਼ੁਰੂਆਤ ਕਰਨ ਤੋਂ ਪਹਿਲਾਂ
- ਇਸ ਬਾਰੇ ਪਤਾ ਲਗਾਓ ਕਿ ਕਿੱਟ ਅੰਦਰ ਤਸਵੀਰ ਵਿੱਚ ਦਿਖਾਈਆਂ ਗਈਆਂ ਸਾਰੀਆਂ ਵਸਤੂਆਂ ਮੌਜੂਦ ਹਨ। ਜੇਕਰ ਕੁਝ ਗੁੰਮ ਹੈ ਜਾਂ ਖਰਾਬ ਹੈ, ਤਾਂ ਕਿੱਟ ਦੀ ਵਰਤੋਂ ਨਾ ਕਰੋ। 0300 303 2724 ‘ਤੇ ਹੈਲਪਲਾਈਨ ਨੂੰ ਫ਼ੋਨ ਕਰੋ।
- ਕਿਰਪਾ ਕਰਕੇ ਆਪਣੀ ਸਵੈ-ਜਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ।
- ਇੱਕ ਵਾਰ ਜਦੋਂ ਤੁਸੀਂ ਨਿਰਦੇਸ਼ ਪੜ੍ਹ ਲੈਂਦੇ ਹੋ, ਤਾਂ ਸਵੈ-ਜਾਂਚ ਨੂੰ ਪੂਰਾ ਹੋਣ ਵਿੱਚ ਸਿਰਫ ਕੁਝ ਮਿੰਟ ਲੱਗਣਗੇ।
1. ਹੱਥ ਧੋਵੋ
- ਕਿਰਪਾ ਕਰਕੇ ਆਪਣੀ ਸਵੈ-ਜਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ।
2. ਹਿੱਸਿਆਂ (ਸਮੱਗਰੀ) ਨੂੰ ਕੱਢ ਦਿਓ
- ਸਾਫ਼ (ਪਾਰਦਰਸ਼ੀ) ਬਾਹਰੀ ਪੈਕੇਜਿੰਗ ਵਿੱਚੋਂ ਸਵੈਬ ਅਤੇ ਟਿਊਬ ਨੂੰ ਕੱਢ ਦਿਓ
3. ਢੱਕਣ ਉਤਾਰੋ
- ਆਪਣੀ ਟਿਊਬ ਤੋਂ ਢੱਕਣ ਉਤਾਰ ਦਿਓ। ਢੱਕਣ ਅਤੇ ਟਿਊਬ ਦੋਵਾਂ ਨੂੰ ਹੇਠਾਂ ਇੱਕ ਸਮਤਲ ਸਤ੍ਹਾ ‘ਤੇ ਰੱਖੋ।
- ਤਰਲ ਮੌਜੂਦ ਹੈ ਅਤੇ ਇਹ ਡੁੱਲ੍ਹਣਾ ਨਹੀਂ ਚਾਹੀਦਾ।
4. ਸਵੈਬ ਕੱਢ ਦਿਓ
- ਨਰਮ ਨੋਕ ਨੂੰ ਛੂਹਣ ਤੋਂ ਬਿਨਾਂ ਸਵੈਬ ਪੈਕੇਜ ਨੂੰ ਧਿਆਨਪੂਰਵਕ ਢੰਗ ਨਾਲ ਖੋਲ੍ਹੋ।
- ਸਵੈ-ਜਾਂਚ ਕਰਨ ਤੋਂ ਪਹਿਲਾਂ ਸਵੈਬ ਨੂੰ ਕਲੈਕਸ਼ਨ ਟਿਊਬ ਵਿੱਚ ਨਾ ਪਾਓ।
5. ਸਵੈਬ ਨੂੰ ਪਕੜਨਾ
- ਸਵੈਬ ਨੂੰ ਕਾਲੀ ਲਕੀਰ ‘ਤੇ ਪਕੜੋ, ਇਹ ਯਕੀਨੀ ਬਣਾਏਗਾ ਕਿ ਤੁਸੀਂ ਸਵੈਬ ਨੂੰ ਬਹੁਤ ਦੂਰ ਅੰਦਰ ਤੱਕ ਨਹੀਂ ਪਾਉਂਦੇ।
- ਇਹ ਯਕੀਨੀ ਬਣਾਓ ਕਿ ਸਵੈ-ਜਾਂਚ ਕਰਨ ਤੋਂ ਪਹਿਲਾਂ ਸਵੈਬ ਕਿਸੇ ਵੀ ਹੋਰ ਚੀਜ਼ ਨੂੰ ਨਾ ਛੂਹੇ।
- ਤੁਸੀਂ ਸਵੈਬ ‘ਤੇ ਕਾਲੀ ਲਕੀਰ ਮਹਿਸੂਸ ਕਰ ਸਕੋਗੇ।
6. ਇੱਕ ਆਰਾਮਦਾਇਕ ਸਥਿਤੀ ਵਿੱਚ ਆਓ
- ਇੱਕ ਆਰਾਮਦਾਇਕ ਸਥਿਤੀ ਵਿੱਚ ਆਓ, ਉਦਾਹਰਣ ਦੇ ਤੌਰ ’ਤੇ ਟੈਂਪੋਨ ਪਾਉਣ ਸਮੇਂ।
- ਤੁਸੀਂ ਸਵੈ-ਜਾਂਚ ਕਿੱਟ ਦੀ ਵਰਤੋਂ ਬੈਠ ਕੇ, ਖੜ੍ਹੇ ਹੋ ਕੇ ਜਾਂ ਲੇਟ ਕੇ ਕਰ ਸਕਦੇ ਹੋ।
7. ਇਸ ਨੂੰ ਅੰਦਰ ਪਾਉਣ ਦੀ ਤਿਆਰੀ ਕਰੋ
- ਆਪਣੀਆਂ ਲੱਤਾਂ ਨੂੰ ਖੋਲ੍ਹ ਕੇ, ਆਪਣੀ ਯੋਨੀ ਦੀ ਬਾਹਰੀ ਚਮੜੀ ਨੂੰ ਹੌਲੀ-ਹੌਲੀ ਫੈਲਾਓ।
- (ਸਵੈਬ ਦੀ) ਨੋਕ ਨੂੰ ਆਪਣੀ ਪਿੱਠ ਦੇ ਹੇਠਲੇ ਹਿੱਸੇ ਵੱਲ ਕਰੋ ਅਤੇ ਇਸ ਨੂੰ ਹੌਲੀ-ਹੌਲੀ ਆਪਣੀ ਯੋਨੀ ਦੇ ਅੰਦਰ ਲਗਭਗ 5 ਸੈਂਟੀਮੀਟਰ ਤੱਕ ਪਾਓ (ਤਕਰੀਬਨ 2 ਇੰਚ ਜਾਂ ਆਪਣੀ ਤਰਜਨੀ ਉਂਗਲ ਦੇ ਪਹਿਲੇ ਦੋ ਜੋੜਾਂ ਦੀ ਲੰਬਾਈ ਦੇ ਬਰਾਬਰ)।
- ਇਹ ਕਾਲੀ ਲਕੀਰ ਦੇ ਹੇਠਾਂ ਹੈ।
8. ਸਵੈਬ ਨੂੰ ਅੰਦਰ ਪਾਓ
- ਜੇਕਰ ਸਵੈਬ ਅਸਾਨੀ ਨਾਲ ਅੰਦਰ ਨਾ ਜਾਵੇ, ਤਾਂ ਇਸ ਨੂੰ ਅੰਦਰ ਪਾਉਂਦੇ ਸਮੇਂ ਹੌਲੀ-ਹੌਲੀ ਘੁਮਾਓ। ਕਾਲੀ ਲਕੀਰ ’ਤੇ ਤੁਹਾਡੀਆਂ ਉਂਗਲਾਂ ਤੁਹਾਨੂੰ ਬਹੁਤ ਜ਼ਿਆਦਾ ਅੰਦਰ ਜਾਣ ਤੋਂ ਰੋਕਣਗੀਆਂ।
- ਸਵੈਬ ਦੇ ਸਿਰੇ ਦਾ ਤੁਹਾਡੀ ਸਰਵਿਕਸ ਨਾਲ ਛੂਹਣਾ ਜ਼ਰੂਰੀ ਨਹੀਂ ਹੈ।
- ਇਹ ਤਕਲੀਫਦੇਹ ਨਹੀਂ ਹੋਣਾ ਚਾਹੀਦਾ ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨੂੰ ਜਾਰੀ ਨਾ ਰੱਖੋ। ਹੈਲਪਲਾਈਨ ਨੂੰ 0300 303 2724 ‘ਤੇ ਕਾਲ ਕਰੋ।
9. ਸਵੈਬ ਨੂੰ ਹੌਲੀ-ਹੌਲੀ ਘੁੰਮਾਓ
- ਸਵੈਬ ਸਟਿਕ ਨੂੰ ਆਪਣੀ ਯੋਨੀ ਅੰਦਰ 10-30 ਸਕਿੰਟਾਂ ਲਈ ਘੁੰਮਾਓ, ਯਕੀਨੀ ਬਣਾਓ ਕਿ ਇਹ ਤੁਹਾਡੀ ਯੋਨੀ ਦੀਆਂ ਪਰਤਾਂ ਨੂੰ ਛੂੰਹਦਾ ਹੈ।
- ਸਵੈਬ ਨੂੰ ਹੌਲੀ-ਹੌਲੀ ਬਾਹਰ ਕੱਢ ਲਵੋ।
10. ਟਿਊਬ ਵਿੱਚ ਸਵੈਬ ਪਾਓ
- ਆਪਣੇ ਸਵੈਬ ਨੂੰ ਟਿਊਬ ਵਿੱਚ ਰੱਖੋ ਜਿਸ ਵਿੱਚ ਨਰਮ ਨੋਕ ਦਾ ਮੂੰਹ ਟਿਊਬ ਦੇ ਹੇਠਲੇ ਹਿੱਸੇ ਵੱਲ ਹੋਵੇ।
- ਟਿਊਬ ਦੇ ਅੰਦਰੋਂ ਕੋਈ ਵੀ ਤਰਲ ਪਦਾਰਥ ਨਾ ਡੋਲ੍ਹੋ।
11. ਸਵੈਬ ਨੂੰ ਟਿਊਬ ਦੇ ਅੰਦਰ ਤੋਂ ਤੋੜ ਦਿਓ।
- ਟਿਊਬ ਦੇ ਕਿਨਾਰੇ ਨਾਲ ਕਾਲੀ ਲਾਈਨ ਨੂੰ ਮਿਲਾ ਕੇ ਰੱਖਦੇ ਹੋਏ, ਸਵੈਬ ਨੂੰ ਉਦੋਂ ਤੱਕ ਮੋੜੋ ਜਦੋਂ ਤੱਕ ਇਹ ਟੁੱਟ ਨਹੀਂ ਜਾਂਦਾ।
- ਤੁਸੀਂ ਸਵੈਬ ‘ਤੇ ਕਾਲੀ ਲਕੀਰ ਮਹਿਸੂਸ ਕਰ ਸਕੋਗੇ।
- ਸਵੈਬ ਟਿਊਬ ਵਿੱਚ ਹੋਣਾ ਚਾਹੀਦਾ ਹੈ।
12. ਟਿਊਬ ‘ਤੇ ਢੱਕਣ ਨੂੰ ਵਾਪਸ ਕਸੋ
- ਟਿਊਬ ਦਾ ਢੱਕਣ ਦੁਬਾਰਾ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਕੱਸ ਦਿਓ ਅਤੇ ਫੇਰ ਟਿਊਬ ਨੂੰ ਸੁਰੱਖਿਅਤ ਰੱਖਣ ਲਈ ਇਸ ਨੂੰ ਇਸ ਦੀ ਪੈਕੇਜਿੰਗ ਵਿੱਚ ਵਾਪਸ ਰੱਖ ਦਿਓ।
- ਜੇ ਤਰਲ ਡੁੱਲ ਜਾਂਦਾ ਹੈ, ਤਾਂ ਸਵੈ-ਜਾਂਚ ਵਾਪਸ ਨਾ ਭੇਜੋ। ਹੈਲਪਲਾਈਨ ਨੂੰ 0300 303 2724 ‘ਤੇ ਕਾਲ ਕਰੋ।
13. ਲੇਬਲ ਨੂੰ ਪੂਰਾ ਕਰੋ
- ਪੈੱਨ ਦੀ ਵਰਤੋਂ ਕਰਦੇ ਹੋਏ, ਸੇਫਟੀਪਾਉਚ ਦੇ ਪਿਛਲੇ ਪਾਸੇ ਦਿੱਤੇ ਗਏ ਲੇਬਲ ‘ਤੇ ਆਪਣੀ ਸਵੈ-ਜਾਂਚ ਕਰਨ ਦੀ ਮਿਤੀ ਲਿਖੋ।
14. ਆਪਣੀ ਕਲੈਕਸ਼ਨ ਟਿਊਬ ਨੂੰ ਡਾਕ ਰਾਹੀਂ ਭੇਜਣ ਲਈ ਤਿਆਰ ਕਰੋ
- ਸਵੈਬ ਅੰਦਰ ਪਾ ਕੇ ਟਿਊਬ ਨੂੰ ਆਪਣੇ ਸੇਫ਼ਟੀਪਾਊਚ ਵਿੱਚ ਪਾ ਦਿਓ।
- ਪੀਲੀ ਪੱਟੀ ਨੂੰ ਲਾਹ ਦਿਓ ਅਤੇ ਸੀਲ ਕਰਨ ਲਈ ਉੱਪਰਲਾ ਹਿੱਸਾ ਮੋੜੋ, ਇਹ ਯਕੀਨੀ ਬਣਾਓ ਕਿ ਤੁਹਾਡੀ ਟਿਊਬ ਅੰਦਰ ਹੈ।
- ਸੇਫ਼ਟੀਪਾਉਚ ਦੇ ਅਗਲੇ ਪਾਸੇ ਹਦਾਇਤਾਂ ਮਿਲ ਸਕਦੀਆਂ ਹਨ।
15. ਸੇਫ਼ਟੀਪਾਉਚ ਨੂੰ ਲਿਫ਼ਾਫ਼ੇ ਵਿੱਚ ਪਾਓ
- ਸੇਫ਼ਟੀਪਾਉਚ ਨੂੰ ਵਾਪਸੀ ਵਾਲੇ ਲਿਫ਼ਾਫ਼ੇ ਵਿੱਚ ਪਾਓ ਅਤੇ ਬੰਦ ਕਰ ਦਿਓ।
16. ਇੱਕ ਪੋਸਟ ਬਾਕਸ ਵਿੱਚ ਪਾਓ
- ਆਪਣੀ ਸਵੈ-ਜਾਂਚ ਕਰਨ ਦੇ 24 ਘੰਟਿਆਂ ਦੇ ਅੰਦਰ ਯੂ.ਕੇ. ਦੇ ਕਿਸੇ ਵੀ ਪੋਸਟ ਬਾਕਸ ਵਿੱਚ ਇਸ ਨੂੰ ਪਾ ਦਿਓ।