Skip to main content
ਸੇਧ

ਐੱਚ.ਪੀ.ਵੀ. (HPV) ਸਵੈ-ਜਾਂਚ ਕਿੱਟਾਂ: ਇਨ੍ਹਾਂ ਨੂੰ ਕਿਵੇਂ ਵਰਤਣਾ ਹੈ (Copan) (Punjabi)

ਪ੍ਰਕਾਸ਼ਿਤ 24 ਅਗਸਤ 2026

Applies to England

ਐੱਚ.ਪੀ.ਵੀ. ਸਵੈ-ਜਾਂਚ ਕਿੱਟ ਦੀ ਬੇਨਤੀ ਕਰਨ ਲਈ ਤੁਹਾਡਾ ਧੰਨਵਾਦ।

ਇਹ ਐੱਚ.ਪੀ.ਵੀ. ਸਵੈ-ਜਾਂਚ ਕਿੱਟ ਸਿਰਫ਼ ਤੁਹਾਡੀ ਵਰਤੋਂ ਲਈ ਹੈ ਅਤੇ ਇਸ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ, ਜਾਂ ਕਿਸੇ ਹੋਰ ਵੱਲੋਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਕਿਰਪਾ ਕਰਕੇ ਆਪਣੀ ਕਿੱਟ ਨਾਲ ਸ਼ਾਮਲ ਨਿਰਦੇਸ਼ਾਂ ਦੀ ਪਾਲਣਾ ਕਰੋ।

ਜੇਕਰ ਤੁਹਾਨੂੰ ਵਧੀਕ ਸਹਾਇਤਾ ਦੀ ਲੋੜ ਹੈ (ਉਦਾਹਰਣ ਦੇ ਤੌਰ ’ਤੇ, ਸਰੀਰਕ ਜਾਂ ਸਿੱਖਣ ਦੀ ਅਸਮਰੱਥਾ ਕਾਰਨ), ਤਾਂ 0300 303 2724 ‘ਤੇ ਫ਼ੋਨ-ਕਾਲ ਕਰੋ।

ਆਪਣੀ ਮਾਹਵਾਰੀ ਦੌਰਾਨ, ਗਰਭ ਅਵਸਥਾ ਦੌਰਾਨ, ਜਾਂ ਗਰਭ ਅਵਸਥਾ ਜਾਂ ਗਾਇਨੀਕੋਲੋਜੀਕਲ (ਔਰਤਾਂ ਦੇ ਰੋਗਾਂ ਨਾਲ ਸਬੰਧਤ) ਸਰਜਰੀ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਆਪਣਾ ਨਮੂਨਾ ਇਕੱਤਰ ਨਾ ਕਰੋ। 

ਜੇਕਰ ਤੁਸੀਂ ਆਪਣੀ ਸਵੈ-ਜਾਂਚ ਕਰਨ ਤੋਂ 3 ਦਿਨ ਪਹਿਲਾਂ ਯੋਨੀ ਸਬੰਧੀ ਦਵਾਈਆਂ, ਯੋਨੀ ਨਾਲ ਸਬੰਧਤ ਗਰਭ ਨਿਰੋਧਕਾਂ, ਕਰੀਮਾਂ, ਵਾਸ਼ (ਘੋਲਾਂ), ਲੁਬਰੀਕੈਂਟ ਜਾਂ ਕੋਂਡਮ ਦੀ ਵਰਤੋਂ ਕੀਤੀ ਹੈ ਤਾਂ ਆਪਣਾ ਨਮੂਨਾ ਇਕੱਤਰ ਨਾ ਕਰੋ।

ਜੇਕਰ ਤੁਸੀਂ ਸਰਵਾਈਕਲ (ਬੱਚੇਦਾਨੀ ਦਾ ਮੂੰਹ) ਕੈਂਸਰ ਬਾਰੇ ਚਿੰਤਤ ਹੋ ਜਾਂ ਕੋਈ ਨਵੇਂ ਜਾਂ ਅਸਾਧਾਰਨ ਲੱਛਣ ਹੁੰਦੇ ਹਨ ਤਾਂ ਆਪਣਾ ਨਮੂਨਾ ਇਕੱਤਰ ਨਾ ਕਰੋ, ਜਿੰਨੀ ਜਲਦੀ ਹੋ ਸਕੇ ਆਪਣੇ ਜੀ.ਪੀ. ਨਾਲ ਸੰਪਰਕ ਕਰੋ। ਲੱਛਣਾਂ ਵਿੱਚ ਸ਼ਾਮਲ ਹਨ:

  • ਸੈਕਸ ਦੌਰਾਨ ਜਾਂ ਬਾਅਦ ਵਿੱਚ, ਮਾਹਵਾਰੀਆਂ ਦੇ ਵਿਚਕਾਰ, ਜਾਂ ਮੀਨੋਪੌਜ਼ ਤੋਂ ਬਾਅਦ ਖੂਨ ਵਗਣਾ
  • ਸੈਕਸ ਦੌਰਾਨ ਦਰਦ ਹੋਣਾ
  • ਯੋਨੀ ਵਿੱਚੋਂ ਰਿਸਾਵ ਜੋ ਆਮ ਨਾਲੋਂ ਜ਼ਿਆਦਾ ਹੋਵੇ ਜਾਂ ਅਸਾਧਾਰਨ ਗੰਧ ਆਉਂਦੀ ਹੋਵੇ

ਆਪਣੀ ਸਵੈ-ਜਾਂਚ ਦੀ ਵਰਤੋਂ ਉਦੋਂ ਤੱਕ ਨਾ ਕਰੋ ਜਦੋਂ ਤੱਕ ਇਨ੍ਹਾਂ ਲੱਛਣਾਂ ਦੀ ਜਾਂਚ ਨਹੀਂ ਹੋ ਜਾਂਦੀ।

ਦਿੱਤੇ ਗਏ ਵਾਪਸੀ ਵਾਲੇ ਲਿਫ਼ਾਫ਼ੇ ਦੀ ਵਰਤੋਂ ਕਰਕੇ ਆਪਣੀ ਸਵੈ-ਜਾਂਚ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ ਆਪਣੀ ਸਵੈ-ਜਾਂਚ ਵਾਪਸ ਕਰੋ।

ਜੇਕਰ ਤੁਹਾਨੂੰ 14 ਦਿਨਾਂ ਦੇ ਅੰਦਰ ਆਪਣੇ ਨਤੀਜੇ ਪ੍ਰਾਪਤ ਨਹੀਂ ਹੁੰਦੇ, ਸਵੈ-ਜਾਂਚ ਬਾਰੇ ਕੋਈ ਸਵਾਲ ਹਨ, ਜਾਂ ਤੁਹਾਡੀ ਕਿੱਟ ਖਰਾਬ ਹਾਲਤ ਵਿੱਚ ਮਿਲਦੀ ਹੈ, ਤਾਂ 0300 303 2724 ‘ਤੇ ਫ਼ੋਨ-ਕਾਲ ਕਰੋ।

ਐੱਨ.ਐੱਚ.ਐੱਸ. ਦਾ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ

ਇਸ ਕਿੱਟ ਵਿੱਚ ਸ਼ਾਮਲ ਹੈ

ਮਹੱਤਵਪੂਰਨ

ਇਹ ਕਿੱਟ ਐੱਚ.ਪੀ.ਵੀ. ਟੈਸਟ ਨਿਰਮਾਤਾ ਦੀ ਨਿਰਧਾਰਤ ਵਰਤੋਂ ਤੋਂ ਵੱਖਰੇ ਉਦੇਸ਼ ਲਈ ਵਰਤੀ ਜਾ ਰਹੀ ਹੈ (“ਆਫ-ਲੇਬਲ”)। ਇਸ ਦਾ ਅਰਥ ਇਹ ਨਹੀਂ ਹੈ ਕਿ ਐੱਚ.ਪੀ.ਵੀ. ਜਾਂਚ ਅਸੁਰੱਖਿਅਤ ਜਾਂ ਗ਼ੈਰ-ਭਰੋਸੇਯੋਗ ਹੈ, ਬਲਕਿ ਇਸ ਦੀ ਵਰਤੋਂ ਮੂਲ ਰੂਪ ਵਿੱਚ ਦੱਸੇ ਗਏ ਤਰੀਕੇ ਤੋਂ ਵੱਖਰੇ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਸਥਿਤੀ ਵਿੱਚ, ਸਵੈਬ ਨੂੰ ਕਲੀਨਿਕ ਦੀ ਬਜਾਏ ਘਰ ਵਿੱਚ ਵਰਤਣ ਲਈ ਲੋਕਾਂ ਕੋਲ ਭੇਜਿਆ ਜਾ ਰਿਹਾ ਹੈ ਅਤੇ ਲੈਬਾਰਟਰੀ ਸਵੈ-ਇਕੱਤਰ ਕੀਤੇ ਨਮੂਨਿਆਂ ਲਈ ਢੁਕਵੀਂ ਪ੍ਰਕਿਰਿਆ ਦੀ ਵਰਤੋਂ ਕਰਦੀ ਹੈ।

ਤੁਹਾਡੇ ਵੱਲੋਂ ਸ਼ੁਰੂਆਤ ਕਰਨ ਤੋਂ ਪਹਿਲਾਂ

  • ਇਸ ਬਾਰੇ ਪਤਾ ਲਗਾਓ ਕਿ ਕਿੱਟ ਅੰਦਰ ਤਸਵੀਰ ਵਿੱਚ ਦਿਖਾਈਆਂ ਗਈਆਂ ਸਾਰੀਆਂ ਵਸਤੂਆਂ ਮੌਜੂਦ ਹਨ। ਜੇਕਰ ਕੁਝ ਗੁੰਮ ਹੈ ਜਾਂ ਖਰਾਬ ਹੈ, ਤਾਂ ਕਿੱਟ ਦੀ ਵਰਤੋਂ ਨਾ ਕਰੋ। 0300 303 2724 ‘ਤੇ ਹੈਲਪਲਾਈਨ ਨੂੰ ਫ਼ੋਨ ਕਰੋ।
  • ਕਿਰਪਾ ਕਰਕੇ ਆਪਣੀ ਸਵੈ-ਜਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ
  • ਇੱਕ ਵਾਰ ਜਦੋਂ ਤੁਸੀਂ ਨਿਰਦੇਸ਼ ਪੜ੍ਹ ਲੈਂਦੇ ਹੋ, ਤਾਂ ਸਵੈ-ਜਾਂਚ ਨੂੰ ਪੂਰਾ ਹੋਣ ਵਿੱਚ ਸਿਰਫ ਕੁਝ ਮਿੰਟ ਲੱਗਣਗੇ।

1. ਹੱਥ ਧੋਵੋ

  • ਕਿਰਪਾ ਕਰਕੇ ਆਪਣੀ ਸਵੈ-ਜਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ।

2. ਢੱਕਣ ਉਤਾਰੋ

  • ਟਿਊਬ ਨੂੰ ਇੱਕ ਹੱਥ ਨਾਲ ਪਕੜੋ ਅਤੇ ਦੂਜੇ ਹੱਥ ਨਾਲ ਢੱਕਣ ਨੂੰ ਘੁੰਮਾ ਕੇ ਖੋਲ੍ਹੋ ਅਤੇ ਇਸ ਨੂੰ ਟਿਊਬ ਤੋਂ ਹਟਾ ਦਿਓ।
  • ਟਿਊਬ ਨੂੰ ਸੰਭਾਲ ਕੇ ਰੱਖੋ।  ਤੁਹਾਨੂੰ ਬਾਅਦ ਵਿੱਚ ਇਸ ਦੀ ਲੋੜ ਪਵੇਗੀ।

3. ਸਵੈਬ ਨੂੰ ਪਕੜਨਾ

  • ਲਾਲ ਲਕੀਰ ‘ਤੇ ਸਵੈਬ ਨੂੰ ਪਕੜੋ, ਇਹ ਯਕੀਨੀ ਬਣਾਏਗਾ ਕਿ ਤੁਸੀਂ ਸਵੈਬ ਨੂੰ ਬਹੁਤ ਦੂਰ ਅੰਦਰ ਤੱਕ ਨਹੀਂ ਪਾਉਂਦੇ।
  • ਇਹ ਯਕੀਨੀ ਬਣਾਓ ਕਿ ਸਵੈ-ਜਾਂਚ ਕਰਨ ਤੋਂ ਪਹਿਲਾਂ ਸਵੈਬ ਕਿਸੇ ਵੀ ਹੋਰ ਚੀਜ਼ ਨੂੰ ਨਾ ਛੂਹੇ।
  • ਤੁਸੀਂ ਸਵੈਬ ‘ਤੇ ਲਾਲ ਲਕੀਰ ਮਹਿਸੂਸ ਕਰ ਸਕੋਗੇ।

4. ਇੱਕ ਆਰਾਮਦਾਇਕ ਸਥਿਤੀ ਵਿੱਚ ਆਓ

  • ਇੱਕ ਆਰਾਮਦਾਇਕ ਸਥਿਤੀ ਵਿੱਚ ਆਓ, ਉਦਾਹਰਣ ਦੇ ਤੌਰ ’ਤੇ ਟੈਂਪੋਨ ਪਾਉਣ ਸਮੇਂ।
  • ਤੁਸੀਂ ਸਵੈ-ਜਾਂਚ ਕਿੱਟ ਦੀ ਵਰਤੋਂ ਬੈਠ ਕੇ, ਖੜ੍ਹੇ ਹੋ ਕੇ ਜਾਂ ਲੇਟ ਕੇ ਕਰ ਸਕਦੇ ਹੋ।

5. ਇਸ ਨੂੰ ਅੰਦਰ ਪਾਉਣ ਦੀ ਤਿਆਰੀ ਕਰੋ

  • ਆਪਣੀਆਂ ਲੱਤਾਂ ਨੂੰ ਖੋਲ੍ਹ ਕੇ, ਆਪਣੀ ਯੋਨੀ ਦੀ ਬਾਹਰੀ ਚਮੜੀ ਨੂੰ ਹੌਲੀ-ਹੌਲੀ ਫੈਲਾਓ।
  • (ਸਵੈਬ ਦੀ) ਨੋਕ ਨੂੰ ਆਪਣੀ ਪਿੱਠ ਦੇ ਹੇਠਲੇ ਹਿੱਸੇ ਵੱਲ ਕਰੋ ਅਤੇ ਇਸ ਨੂੰ ਹੌਲੀ-ਹੌਲੀ ਆਪਣੀ ਯੋਨੀ ਦੇ ਅੰਦਰ ਲਗਭਗ 5 ਸੈਂਟੀਮੀਟਰ ਤੱਕ ਪਾਓ (ਤਕਰੀਬਨ 2 ਇੰਚ ਜਾਂ ਆਪਣੀ ਤਰਜਨੀ ਉਂਗਲ ਦੇ ਪਹਿਲੇ ਦੋ ਜੋੜਾਂ ਦੀ ਲੰਬਾਈ ਦੇ ਬਰਾਬਰ)।
  • ਇਹ ਲਾਲ ਲਕੀਰ ਦੇ ਹੇਠਾਂ ਹੈ।

6. ਸਵੈਬ ਨੂੰ ਅੰਦਰ ਪਾਓ

  • ਜੇਕਰ ਸਵੈਬ ਅਸਾਨੀ ਨਾਲ ਅੰਦਰ ਨਾ ਜਾਵੇ, ਤਾਂ ਇਸ ਨੂੰ ਅੰਦਰ ਪਾਉਂਦੇ ਸਮੇਂ ਹੌਲੀ-ਹੌਲੀ ਘੁਮਾਓ। ਲਾਲ ਲਕੀਰ ’ਤੇ ਤੁਹਾਡੀਆਂ ਉਂਗਲਾਂ ਤੁਹਾਨੂੰ ਬਹੁਤ ਜ਼ਿਆਦਾ ਅੰਦਰ ਜਾਣ ਤੋਂ ਰੋਕਣਗੀਆਂ।
  • ਸਵੈਬ ਦੇ ਸਿਰੇ ਦਾ ਤੁਹਾਡੀ ਸਰਵਿਕਸ ਨਾਲ ਛੂਹਣਾ ਜ਼ਰੂਰੀ ਨਹੀਂ ਹੈ।
  • ਇਹ ਤਕਲੀਫਦੇਹ ਨਹੀਂ ਹੋਣਾ ਚਾਹੀਦਾ ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨੂੰ ਜਾਰੀ ਨਾ ਰੱਖੋ।  ਹੈਲਪਲਾਈਨ ਨੂੰ 0300 303 2724 ‘ਤੇ ਕਾਲ ਕਰੋ।

7. ਸਵੈਬ ਨੂੰ ਹੌਲੀ-ਹੌਲੀ ਘੁੰਮਾਓ

  • ਆਪਣੀ ਯੋਨੀ ਦੇ ਅੰਦਰ ਸਵੈਬ ਸਟਿੱਕ ਨੂੰ 20 ਸਕਿੰਟਾਂ ਲਈ ਘੁੰਮਾਓ।
  • ਸਵੈਬ ਨੂੰ ਹੌਲੀ-ਹੌਲੀ ਬਾਹਰ ਕੱਢ ਲਵੋ।

8. ਸਵੈਬ ਨੂੰ ਵਾਪਸ ਟਿਊਬ ਵਿੱਚ ਰੱਖੋ

  • ਟਿਊਬ ਦੇ ਅੰਦਰ ਸਵੈਬ ਸਟਿੱਕ ਨੂੰ ਵਾਪਸ ਰੱਖੋ।
  • ਢੱਕਣ ਨੂੰ ਟਿਊਬ ਉੱਤੇ ਉਦੋਂ ਤੱਕ ਦਬਾਓ ਜਦੋਂ ਤੱਕ ਤੁਸੀਂ ਕਲਿੱਕ ਦੀ ਅਵਾਜ਼ ਮਹਿਸੂਸ ਨਹੀਂ ਕਰਦੇ।

9. ਲੇਬਲ ਨੂੰ ਪੂਰਾ ਕਰੋ

ਪੈੱਨ ਦੀ ਵਰਤੋਂ ਕਰਦੇ ਹੋਏ, ਸੇਫਟੀਪਾਉਚ ਦੇ ਪਿਛਲੇ ਪਾਸੇ ਦਿੱਤੇ ਗਏ ਲੇਬਲ ‘ਤੇ ਆਪਣੀ ਸਵੈ-ਜਾਂਚ ਕਰਨ ਦੀ ਮਿਤੀ ਲਿਖੋ।

10. ਆਪਣੀ ਕਲੈਕਸ਼ਨ ਟਿਊਬ ਨੂੰ ਡਾਕ ਰਾਹੀਂ ਭੇਜਣ ਲਈ ਤਿਆਰ ਕਰੋ

  • ਆਪਣੀ ਕਲੈਕਸ਼ਨ ਟਿਊਬ ਨੂੰ ਆਪਣੇ ਸੇਫਟੀਪਾਉਚ ਵਿੱਚ ਪਾਓ।
  • ਪੀਲੀ ਪੱਟੀ ਨੂੰ ਲਾਹ ਦਿਓ ਅਤੇ ਸੀਲ (ਬੰਦ) ਕਰਨ ਲਈ ਉੱਪਰਲਾ ਹਿੱਸਾ ਮੋੜੋ, ਇਹ ਯਕੀਨੀ ਬਣਾਓ ਕਿ ਤੁਹਾਡੀ ਟਿਊਬ ਅੰਦਰ ਹੋਵੇ।
  • ਸੇਫ਼ਟੀਪਾਉਚ ਦੇ ਅਗਲੇ ਪਾਸੇ ਹਦਾਇਤਾਂ ਮਿਲ ਸਕਦੀਆਂ ਹਨ।

11. ਸੇਫ਼ਟੀਪਾਉਚ ਨੂੰ ਲਿਫ਼ਾਫ਼ੇ ਵਿੱਚ ਪਾਓ

  • ਸੇਫ਼ਟੀਪਾਉਚ ਨੂੰ ਵਾਪਸੀ ਵਾਲੇ ਲਿਫ਼ਾਫ਼ੇ ਵਿੱਚ ਪਾਓ ਅਤੇ ਬੰਦ ਕਰ ਦਿਓ।

12. ਇੱਕ ਪੋਸਟ ਬਾਕਸ ਵਿੱਚ ਪਾ ਦਿਓ

  • ਆਪਣੀ ਸਵੈ-ਜਾਂਚ ਕਰਨ ਦੇ 24 ਘੰਟਿਆਂ ਦੇ ਅੰਦਰ ਯੂ.ਕੇ. ਦੇ ਕਿਸੇ ਵੀ ਪੋਸਟ ਬਾਕਸ ਵਿੱਚ ਇਸ ਨੂੰ ਪਾ ਦਿਓ।