ਪ੍ਰਚਾਰ ਸਮੱਗਰੀ

HIV: ਤੁਹਾਡੇ ਸਕ੍ਰੀਨਿੰਗ ਟੈਸਟ ਦੇ ਪਾਜ਼ਿਟਿਵ ਨਤੀਜੇ ਦਾ ਕੀ ਮਤਲਬ ਹੈ

ਅੱਪਡੇਟ ਕੀਤਾ 19 May 2022

Applies to England

ਤੁਹਾਡੇ ਹਾਲ ਹੀ ਦੇ ਸਕ੍ਰੀਨਿੰਗ ਟੈਸਟਾਂ ਵਿੱਚੋਂ ਇੱਕ ਹਿਊਮਨ ਇਮਊਨੋਡੇਫੀਸ਼ੀਐਂਸੀ ਵਾਇਰਸ (HIV) ਲਈ ਪਾਜ਼ਿਟਿਵ ਸੀ। ਇਹ ਜਾਣਕਾਰੀ ਦੱਸਦੀ ਹੈ ਕਿ HIV ਕੀ ਹੈ ਅਤੇ ਤੁਹਾਡੇ ਅਤੇ ਤੁਹਾਡੀ ਗਰਭ-ਅਵਸਥਾ ਲਈ ਇਸਦਾ ਕੀ ਅਰਥ ਹੈ।

HIV ਇੱਕ ਖੂਨ ਵਿੱਚ ਪਾਇਆ ਜਾਣ ਵਾਲਾ ਵਾਇਰਸ ਹੈ ਜੋ ਸਰੀਰ ਦੀ ਰੋਗ-ਪ੍ਰਤਿਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਉਸ ਨੂੰ ਕਮਜ਼ੋਰ ਕਰਦਾ ਹੈ। ਇਲਾਜ ਦੇ ਬਿਨਾਂ HIV ਵਾਲੇ ਵਿਅਕਤੀ ਨੂੰ ਗੰਭੀਰ ਲਾਗਾਂ ਅਤੇ ਸਿਹਤ ਜਟਿਲਤਾਵਾਂ ਹੋਣ ਦਾ ਜੋਖਮ ਹੁੰਦਾ ਹੈ ਜਿਨ੍ਹਾਂ ਨੂੰ ਸਿਹਤਮੰਦ ਰੋਗ-ਪ੍ਰਤਿਰੱਖਿਆ ਪ੍ਰਣਾਲੀ ਆਮ ਤੌਰ ‘ਤੇ ਰੋਕ ਲਵੇਗੀ ਜਾਂ ਉਹਨਾਂ ਨਾਲ ਲੜੇਗੀ।

ਹਾਲਾਂਕਿ HIV ਦਾ ਕੋਈ ਪੱਕਾ ਇਲਾਜ ਨਹੀਂ ਹੈ, ਪਰ ਅੱਜ ਉਪਲਬਧ ਇਲਾਜ ਵਾਇਰਸ ਨੂੰ ਕੰਟਰੋਲ ਵਿੱਚ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਹੈ, ਜਿਸ ਨਾਲ ਤੁਹਾਡੀ ਰੋਗ-ਪ੍ਰਤਿਰੱਖਿਆ ਪ੍ਰਣਾਲੀ ਮਜ਼ਬੂਤ ਰਹਿ ਸਕਦੀ ਹੈ। HIV ਵਾਲੇ ਜ਼ਿਆਦਾਤਰ ਲੋਕਾਂ ਦੀ ਆਮ ਉਮਰ ਜਿਉਣ ਦੀ ਸੰਭਾਵਨਾ ਹੁੰਦੀ ਹੈ।

1. ਕਾਰਨ

HIV ਇਹਨਾਂ ਤਰੀਕਿਆਂ ਨਾਲ ਹੋ ਸਕਦਾ ਹੈ:

  • ਅਸੁਰੱਖਿਅਤ ਸੰਭੋਗ ਦੌਰਾਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ

  • ਗਰਭ-ਅਵਸਥਾ ਦੌਰਾਨ, ਜਨਮ ਵੇਲੇ, ਜਾਂ ਆਪਣਾ ਦੁੱਧ ਚੁੰਘਾਉਣ ਵੇਲੇ ਮਾਂ ਤੋਂ ਬੱਚੇ ਵਿੱਚ

  • ਸੂਈਆਂ ਦੀ ਸਾਂਝੀ ਵਰਤੋਂ ਕਰਨ ਦੁਆਰਾ ਲਾਗ-ਗ੍ਰਸਤ ਖੂਨ

HIV ਰੋਜ਼ਾਨਾ ਦੇ ਸੰਪਰਕ ਰਾਹੀਂ ਨਹੀਂ ਫੈਲਦਾ ਹੈ ਜਿਵੇਂ ਕਿ ਖਾਂਸੀ ਜਾਂ ਚੁੰਮਣਾ, ਜਾਂ ਬਾਥਰੂਮਾਂ, ਟੌਇਲਟਾਂ, ਭੋਜਨ, ਕੱਪਾਂ ਜਾਂ ਤੌਲੀਏ ਦੀ ਸਾਂਝੀ ਵਰਤੋਂ ਕਰਨ ਨਾਲ।

2. ਆਪਣੇ ਬੱਚੇ ਦੀ ਰੱਖਿਆ ਕਰਨੀ

ਇੱਕ ਮਾਂ ਗਰਭ-ਅਵਸਥਾ ਦੌਰਾਨ, ਜਨਮ ਸਮੇਂ ਜਾਂ ਛਾਤੀ ਦਾ ਦੁੱਧ ਚੁੰਘਾਉਣ ਵੇਲੇ ਆਪਣੇ ਬੱਚੇ ਨੂੰ HIV ਦੇ ਸਕਦੀ ਹੈ, ਨਤੀਜੇ ਵਜੋਂ ਬੱਚੇ ਨੂੰ HIV ਹੋ ਜਾਂਦਾ ਹੈ। HIV ਦਾ ਇਲਾਜ ਜਿੰਨੀ ਜਲਦੀ ਹੋ ਸਕੇ ਸ਼ੁਰੂ ਕਰਨ ਅਤੇ HIV ਟੀਮ ਦੁਆਰਾ ਦਿੱਤੀ ਸਲਾਹ ਅਨੁਸਾਰ ਇਸਨੂੰ ਲੈਣ ਨਾਲ ਤੁਹਾਡੇ ਬੱਚੇ ਨੂੰ HIV ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ - ਹਰ 1,000 ਬੱਚਿਆਂ ਵਿੱਚੋਂ 0.3% ਜਾਂ 3 ਤੋਂ ਘੱਟ।

3. ਗਰਭ-ਅਵਸਥਾ ਦੌਰਾਨ ਕੀ ਆਸ ਕਰਨੀ ਹੁੰਦੀ ਹੈ

ਤੁਹਾਡੀ ਗਰਭ-ਅਵਸਥਾ ਦੌਰਾਨ ਤੁਹਾਡੀ ਦੇਖਭਾਲ ਕਰਨ ਅਤੇ ਤੁਹਾਡੀ ਸਹਾਇਤਾ ਕਰਨ ਲਈ ਸਿਹਤ ਪੇਸ਼ੇਵਰਾਂ ਦੀ ਇੱਕ ਟੀਮ ਮਿਲ ਕੇ ਕੰਮ ਕਰੇਗੀ।

ਤੁਹਾਡੇ ਗਰਭਵਤੀ ਹੋਣ ਸਮੇਂ ਤੁਹਾਨੂੰ ਹਰ ਰੋਜ਼ ਦਵਾਈ ਲੈਣ ਦੀ ਤਜਵੀਜ਼ ਕੀਤੀ ਜਾਵੇਗੀ। ਇਹ ਐਂਟੀਰਿਟਰੋਵਾਇਰਲ ਦਵਾਈ ਤੁਹਾਡੇ ਸਰੀਰ ਵਿੱਚ ਵਾਇਰਸ ਦੀ ਗਿਣਤੀ ਨੂੰ ਘਟਾਏਗੀ ਅਤੇ HIV ਦੇ ਤੁਹਾਡੇ ਬੱਚੇ ਵਿੱਚ ਜਾਣ ਦੇ ਜੋਖਮ ਨੂੰ ਘਟਾਏਗੀ। ਇਹ ਇਲਾਜ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸੁਰੱਖਿਅਤ ਹੁੰਦਾ ਹੈ ਅਤੇ ਇਸ ਦੇ ਬਹੁਤ ਘੱਟ ਮਾੜੇ ਪ੍ਰਭਾਵ ਹੁੰਦੇ ਹਨ।

ਜੇਕਰ ਤੁਹਾਡੀ HIV ਚੰਗੀ ਤਰ੍ਹਾਂ ਨਿਯੰਤ੍ਰਿਤ ਹੈ ਅਤੇ ਤੁਹਾਡੀ ਗਰਭ-ਅਵਸਥਾ ਗੁੰਝਲਦਾਰ ਨਹੀਂ ਹੈ, ਤਾਂ ਡਿਲੀਵਰੀ ਲਈ ਤੁਹਾਡੀਆਂ ਚੋਣਾਂ HIV ਕਰਕੇ ਪ੍ਰਭਾਵਿਤ ਨਹੀਂ ਹੋਣਗੀਆਂ।

ਭਾਵੇਂ ਤੁਸੀਂ ਅਸਰਦਾਰ ਐਂਟੀਰਿਟਰੋਵਾਇਰਲ ਇਲਾਜ ਕਰਵਾ ਰਹੇ ਹੋ, ਪਰ ਛਾਤੀ ਦਾ ਦੁੱਧ ਚੁੰਘਾਉਣ ਨਾਲ ਤੁਹਾਡੇ ਬੱਚੇ ਨੂੰ HIV ਹੋਣ ਦਾ ਜੋਖਮ ਹੁੰਦਾ ਹੈ। ਹਾਲਾਂਕਿ ਜੋਖਮ ਬਹੁਤ ਘੱਟ ਮੰਨਿਆ ਜਾਂਦਾ ਹੈ, ਪਰ ਸਭ ਤੋਂ ਸੁਰੱਖਿਅਤ ਵਿਕਲਪ ਤੁਹਾਡੇ ਬੱਚੇ ਨੂੰ ਜਨਮ ਤੋਂ ਹੀ ਫਾਰਮੂਲਾ ਫੀਡ ਦੇਣਾ ਹੈ। ਤੁਹਾਡੀ HIV ਟੀਮ ਡਿਲੀਵਰੀ ਤੋਂ ਪਹਿਲਾਂ ਤੁਹਾਡੇ ਬੱਚੇ ਨੂੰ ਦੁੱਧ ਪਿਲਾਉਣ ਬਾਰੇ ਤੁਹਾਡੇ ਨਾਲ ਗੱਲ ਕਰੇਗੀ।

4. ਇਸ ਤੋਂ ਬਾਅਦ ਕੀ ਹੋਵੇਗਾ

ਜੇਕਰ ਤੁਹਾਨੂੰ ਪਹਿਲਾਂ ਹੀ ਰੈਫਰ ਨਹੀਂ ਕੀਤਾ ਗਿਆ ਹੈ ਤਾਂ ਤੁਹਾਡੀ ਸਕ੍ਰੀਨਿੰਗ ਟੀਮ ਤੁਹਾਨੂੰ ਤੁਹਾਡੀ ਸਥਾਨਕ HIV ਟੀਮ ਕੋਲ ਰੈਫਰ ਕਰੇਗੀ। ਹੋਰ ਖੂਨ ਦੀਆਂ ਜਾਂਚਾਂ ਅਤੇ ਸਿਹਤ ਜਾਂਚਾਂ ਕੀਤੀਆਂ ਜਾਣਗੀਆਂ ਅਤੇ ਫਿਰ ਤੁਹਾਨੂੰ ਇਲਾਜ ਸ਼ੁਰੂ ਕਰਨ ਦੀ ਸਲਾਹ ਦਿੱਤੀ ਜਾਵੇਗੀ।

ਜਦੋਂ ਤੁਸੀਂ ਤਿਆਰ ਹੁੰਦੇ ਹੋ ਤਾਂ ਟੀਮ ਤੁਹਾਡੀ ਬਿਮਾਰੀ ਬਾਰੇ ਤੁਹਾਡੇ ਸਾਥੀ ਅਤੇ ਪਰਿਵਾਰ ਨਾਲ ਗੱਲ ਕਰਨ ਵਿੱਚ ਤੁਹਾਡੀ ਸਹਾਇਤਾ ਕਰੇਗੀ ਅਤੇ ਜੇ ਲੋੜ ਹੋਵੇ ਤਾਂ ਉਹਨਾਂ ਦੇ ਟੈਸਟ ਦਾ ਇੰਤਜ਼ਾਮ ਕਰਨ ਵਿੱਚ ਮਦਦ ਕਰੇਗੀ।

ਇਹ ਮਹੱਤਵਪੂਰਨ ਹੈ ਕਿ ਤੁਸੀਂ ਗਰਭ-ਅਵਸਥਾ ਦੌਰਾਨ ਆਪਣੀਆਂ ਸਾਰੀਆਂ ਮੁਲਾਕਾਤਾਂ ਵਿੱਚ ਸ਼ਾਮਲ ਹੋਵੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਸਿਹਤਮੰਦ ਰਹੋ ਅਤੇ ਤੁਹਾਡੇ ਬੱਚੇ ਵਿੱਚ ਵਾਇਰਸ ਜਾਣ ਦੇ ਜੋਖਮ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਰੱਖਿਆ ਜਾ ਸਕੇ। ਗਰਭ-ਅਵਸਥਾ ਤੋਂ ਬਾਅਦ ਤੁਹਾਨੂੰ ਆਪਣੀ HIV ਟੀਮ ਨੂੰ ਮਿਲਣਾ ਅਤੇ ਇਲਾਜ ਕਰਵਾਉਣਾ ਜਾਰੀ ਰੱਖਣਾ ਚਾਹੀਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਭਵਿੱਖ ਲਈ ਇੱਕ ਸਿਹਤਮੰਦ ਰੋਗ-ਪ੍ਰਤਿਰੱਖਿਆ ਪ੍ਰਣਾਲੀ ਬਣਾਈ ਰੱਖਦੇ ਹੋ।

5. ਕਿਸ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਹਾਨੂੰ HIV ਹੈ

ਇਹ ਮਹੱਤਵਪੂਰਨ ਹੈ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਵਿੱਚ ਸ਼ਾਮਲ ਸਿਹਤ ਪੇਸ਼ੇਵਰਾਂ ਨੂੰ ਤੁਹਾਡੀ HIV ਬਾਰੇ ਪਤਾ ਹੋਵੇ, ਤਾਂ ਜੋ ਤੁਸੀਂ ਦੋਵੇਂ ਸੁਰੱਖਿਅਤ ਅਤੇ ਪ੍ਰਭਾਵੀ ਇਲਾਜ ਪ੍ਰਾਪਤ ਕਰ ਸਕੋ।

6. ਪਰਦੇਦਾਰੀ

ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਬੁਲਾਉਣ ਵਾਸਤੇ NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ NHS ਰਿਕਾਰਡਾਂ ਤੋਂ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਨ। ਤੁਹਾਡੀ ਜਾਣਕਾਰੀ ਨੂੰ ਇਹ ਯਕੀਨੀ ਬਣਾਓ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਹੋਵੇ, ਅਤੇ ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਸੁਧਾਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਤੁਹਾਡੀਆਂ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਵੋ।

7. ਵਧੇਰੇ ਜਾਣਕਾਰੀ

ਤੁਸੀਂ HIV ਬਾਰੇ ਵਧੇਰੇ ਜਾਣਕਾਰੀ ਇੱਥੋਂ ਲੈ ਸਕਦੇ ਹੋ:

ਜੇਕਰ ਤੁਹਾਡੇ ਕੋਈ ਹੋਰ ਸਵਾਲ ਜਾਂ ਚਿੰਤਾਵਾਂ ਹੋਣ, ਤਾਂ ਕਿਰਪਾ ਕਰਕੇ ਆਪਣੀ ਸਕ੍ਰੀਨਿੰਗ ਟੀਮ ਜਾਂ ਮਿਡਵਾਈਫ ਨਾਲ ਗੱਲ ਕਰੋ।