ਅੰਤੜੀਆਂ ਦੇ ਕੈਂਸਰ ਦੀ ਸਕ੍ਰੀਨਿੰਗ: CT ਕੋਲੋਨੋਸਕੋਪੀ (CTC) ਕਰਵਾਉਣਾ (Punjabi)
ਅੱਪਡੇਟ ਕੀਤਾ 5 ਨਵੰਬਰ 2026
Applies to England
ਇਹ ਜਾਣਕਾਰੀ ਤੁਹਾਨੂੰ NHS ਅੰਤੜੀਆਂ ਦੇ ਕੈਂਸਰ ਦੀ ਜਾਂਚ ਦੇ ਹਿੱਸੇ ਵਜੋਂ ਕੀਤੇ ਜਾਣ ਵਾਲੇ CTC ਸਕੈਨ ਬਾਰੇ ਦੱਸਦੀ ਹੈ। ਤੁਹਾਡਾ ਸਥਾਨਕ ਐਕਸ-ਰੇ ਵਿਭਾਗ ਤੁਹਾਨੂੰ ਇਸ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਦੇਵੇਗਾ।
CTC
CT ਕੋਲੋਨੋਗ੍ਰਾਫੀ ਇੱਕ ਕੰਪਿਊਟਿਡ ਟੋਮੋਗ੍ਰਾਫੀ (CT) ਜਾਂਚ ਹੈ, ਜਿਸ ਰਾਹੀਂ ਵੱਡੀ ਅੰਤੜੀ (ਕੋਲੋਨ) ਨੂੰ ਦੇਖਿਆ ਜਾਂਦਾ ਹੈ। ਇਹ ਅੰਤੜੀਆਂ ਦੇ ਕੈਂਸਰ ਦਾ ਪਤਾ ਲਗਾਉਣ ਦਾ ਇੱਕ ਅਜਿਹਾ ਤਰੀਕਾ ਹੈ ਜਿਸ ਨਾਲ ਬਿਮਾਰੀ ਦੇ ਸ਼ੁਰੂਆਤੀ ਪੜਾਅ ‘ਤੇ ਹੀ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ।
ਇੱਕ CT ਮਸ਼ੀਨ, ਵਿਸਤ੍ਰਿਤ ਤਸਵੀਰਾਂ ਤਿਆਰ ਕਰਨ ਲਈ ਐਕਸ-ਰੇ ਅਤੇ ਉੱਨਤ ਕੰਪਿਊਟਰਾਂ ਦੀ ਵਰਤੋਂ ਕਰਦੀ ਹੈ। ਇਹ ਟੈਸਟ ਤੁਹਾਡੀ ਅੰਤੜੀ ਦੀ ਸਿਹਤ ਦੀ ਜਾਂਚ ਕਰਨ ਲਈ ਐਕਸ-ਰੇ ਦੀ ਵਰਤੋਂ ਕਰਦਾ ਹੈ।
ਅਸੀਂ ਤੁਹਾਨੂੰ CTC ਸਕੈਨ ਦੀ ਪੇਸ਼ਕਸ਼ ਕਿਉਂ ਕੀਤੀ ਹੈ
ਅਸੀਂ ਤੁਹਾਨੂੰ 2 ਵਿੱਚੋਂ ਇੱਕ ਕਾਰਨ ਕਰਕੇ CTC ਸਕੈਨ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਂ ਤਾਂ ਇਸ ਕਰਕੇ ਹੈ:
- ਤੁਹਾਡੀ ਕੋਲੋਨੋਸਕੋਪੀ ਹੋਈ ਸੀ, ਪਰ ਅਸੀਂ ਤੁਹਾਡੀ ਵੱਡੀ ਅੰਤੜੀ ਦੀ ਪੂਰੀ ਲੰਬਾਈ ਨਹੀਂ ਦੇਖ ਸਕੇ, ਜਾਂ
- ਤੁਹਾਨੂੰ ਦੱਸਿਆ ਗਿਆ ਸੀ ਕਿ ਕੋਲੋਨੋਸਕੋਪੀ ਤੁਹਾਡੇ ਲਈ ਠੀਕ ਨਹੀਂ ਸੀ
ਤੁਹਾਡੇ CTC ਸਕੈਨ ਤੋਂ ਪਹਿਲਾਂ
ਇਹ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੀਆਂ ਅੰਤੜੀਆਂ ਚੰਗੀ ਤਰ੍ਹਾਂ ਸਾਫ਼ ਹੋਣ, ਤਾਂ ਜੋ ਅਸੀਂ ਸਪਸ਼ਟ ਅਤੇ ਵਧੀਆ ਗੁਣਵੱਤਾ ਵਾਲੀਆਂ ਤਸਵੀਰਾਂ ਲੈ ਸਕੀਏ।
ਤੁਹਾਡੇ ਸਕੈਨ ਲਈ ਆਉਣ ਤੋਂ ਪਹਿਲਾਂ, ਅਸੀਂ ਤੁਹਾਨੂੰ ਪਰਹੇਜ਼ ਕੀਤੇ ਜਾਣ ਵਾਲੇ ਭੋਜਨ ਪਦਾਰਥਾਂ ਦੀ ਸੂਚੀ, ਅਤੇ ਸਕੈਨ ਤੋਂ ਪਹਿਲਾਂ ਅੰਤੜੀਆਂ ਸਾਫ਼ ਕਰਨ ਲਈ ਦਵਾਈ ਭੇਜਾਂਗੇ। ਕਿਰਪਾ ਕਰਕੇ ਉਹਨਾਂ ਹਦਾਇਤਾਂ ਦੀ ਪਾਲਣਾ ਕਰੋ ਜੋ ਤੁਹਾਨੂੰ ਦਿੱਤੀਆਂ ਗਈਆਂ ਹਨ ਬਹੁਤ ਧਿਆਨ ਨਾਲ।
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਕਿਰਪਾ ਕਰਕੇ ਆਪਣੀ ਜਾਂਚ ਦੀ ਮਿਤੀ ਤੋਂ ਘੱਟੋ-ਘੱਟ 3 ਦਿਨ ਪਹਿਲਾਂ ਐਕਸ-ਰੇ ਵਿਭਾਗ ਨਾਲ ਸੰਪਰਕ ਕਰੋ ਕਿਉਂਕਿ ਤੁਹਾਨੂੰ ਵੱਖ-ਵੱਖ ਖੁਰਾਕ ਸੰਬੰਧੀ ਨਿਰਦੇਸ਼ਾਂ ਦੀ ਲੋੜ ਹੋ ਸਕਦੀ ਹੈ।
ਸਕੈਨ ਦੌਰਾਨ
ਸਟਾਫ ਤੁਹਾਡੀ ਦੇਖਭਾਲ ਕਰੇਗਾ। ਉਹ ਪ੍ਰਕਿਰਿਆ ਦੀ ਵਿਆਖਿਆ ਕਰਨਗੇ ਅਤੇ ਤੁਹਾਨੂੰ ਹਸਪਤਾਲ ਦਾ ਗਾਊਨ ਪਹਿਨਣ ਲਈ ਕਹਿਣਗੇ।
ਅਸੀਂ ਤੁਹਾਡੀ ਬਾਂਹ ਵਿੱਚ ਇੱਕ ਨਾੜੀ ਵਿੱਚ ਇੱਕ ਛੋਟੀ ਕੈਨੁਲਾ (ਸੂਈ) ਪਾ ਸਕਦੇ ਹਾਂ। ਕੋਈ ਵਿਅਕਤੀ ਸਕੈਨਰ ਟੇਬਲ ‘ਤੇ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਤੁਹਾਡੇ ਪਾਸੇ ਵੱਲ ਪਲਟਣ ਲਈ ਕਹੇਗਾ।
ਇੱਕ ਪਤਲੀ ਅਤੇ ਲਚਕੀਲੀ ਟਿਊਬ ਨੂੰ ਹੌਲੀ-ਹੌਲੀ ਤੁਹਾਡੇ ਗੁਦਾ ਮਾਰਗ ਰਾਹੀਂ ਅੰਦਰ ਪਾਇਆ ਜਾਵੇਗਾ। ਤੁਹਾਡੀ ਵੱਡੀ ਅੰਤੜੀ ਨੂੰ ਹੌਲੀ-ਹੌਲੀ ਫੁਲਾਉਣ ਲਈ ਇੱਕ ਟਿਊਬ ਰਾਹੀਂ ਕਾਰਬਨ ਡਾਈਆਕਸਾਈਡ ਗੈਸ ਅੰਦਰ ਭੇਜੀ ਜਾਵੇਗੀ। ਅੰਤੜੀ ਨੂੰ ਫੁਲਾਵਟ ਵਿੱਚ ਰੱਖਣ ਲਈ, ਲੋੜ ਪੈਣ ‘ਤੇ ਹੋਰ ਗੈਸ ਵੀ ਅੰਦਰ ਪਾਈ ਸਕਦੀ ਹੈ। ਤੁਹਾਨੂੰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਬੇਚੈਨੀ ਜਾਂ ਤਕਲੀਫ਼ ਨੂੰ ਘਟਾਉਣ ਲਈ, ਅਸੀਂ ਕੈਨੁਲਾ ਰਾਹੀਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੀ ਦਵਾਈ ਦੇ ਸਕਦੇ ਹਾਂ।
ਪਹਿਲੇ ਸਕੈਨ ਲਈ ਸਹੀ ਸਥਿਤੀ ਵਿੱਚ ਆਉਣ ਵਿੱਚ ਰੇਡੀਓਗ੍ਰਾਫਰ ਤੁਹਾਡੀ ਮਦਦ ਕਰਨਗੇ। ਰੇਡੀਓਗ੍ਰਾਫੀ ਅਮਲਾ ਕੁਝ ਸਮੇਂ ਲਈ ਕਮਰੇ ਤੋਂ ਬਾਹਰ ਚਲਾ ਜਾਵੇਗਾ, ਪਰ ਉਹ ਸਕੈਨਰ ਰੂਮ ਦੀ ਖਿੜਕੀ ਰਾਹੀਂ ਤੁਹਾਡੇ ‘ਤੇ ਪੂਰੀ ਨਜ਼ਰ ਰੱਖਣਗੇ। ਤੁਸੀਂ ਇੰਟਰਕਾਮ ਸਿਸਟਮ ਦੀ ਵਰਤੋਂ ਕਰਕੇ ਉਨ੍ਹਾਂ ਨਾਲ ਗੱਲਬਾਤ ਕਰ ਸਕੋਗੇ। ਜਦੋਂ ਸਕੈਨ ਸ਼ੁਰੂ ਹੋਵੇਗਾ, ਤਾਂ ਤੁਹਾਨੂੰ ਕੁਝ ਸਕਿੰਟਾਂ ਲਈ ਆਪਣਾ ਸਾਹ ਰੋਕਣ ਲਈ ਕਿਹਾ ਜਾਵੇਗਾ, ਅਤੇ ਤੁਸੀਂ ਮਹਿਸੂਸ ਕਰੋਗੇ ਕਿ ਸਕੈਨਰ ਵਾਲਾ ਟੇਬਲ ਹੌਲੀ-ਹੌਲੀ ਹਿੱਲ ਰਿਹਾ ਹੈ।
ਇਸ ਤੋਂ ਬਾਅਦ, ਰੇਡੀਓਗ੍ਰਾਫਰ ਤੁਹਾਨੂੰ ਦੂਜੀ ਸਥਿਤੀ ਵਿੱਚ ਮੁੜਨ ਲਈ ਕਹਿਣਗੇ (ਇਹ ਤੁਹਾਡੇ ਪੇਟ ਦੇ ਭਾਰ ਜਾਂ ਪਾਸੇ ਦੇ ਭਾਰ ਲੇਟਣਾ ਹੋ ਸਕਦਾ ਹੈ) ਅਤੇ ਉਹ ਦੁਬਾਰਾ ਸਕੈਨ ਕਰਨਗੇ। ਫਿਰ ਉਹ ਤਸਵੀਰਾਂ ਦੀ ਗੁਣਵੱਤਾ ਦੀ ਜਾਂਚ ਕਰਨਗੇ। ਕਈ ਵਾਰ, ਸਾਨੂੰ ਕੁਝ ਅਜਿਹੇ ਹਿੱਸਿਆਂ ਨੂੰ ਬਿਹਤਰ ਢੰਗ ਨਾਲ ਦੇਖਣ ਲਈ ਹੋਰ ਸਕੈਨ ਕਰਨ ਦੀ ਲੋੜ ਪੈ ਸਕਦੀ ਹੈ ਜੋ ਪਹਿਲਾਂ ਸਪੱਸ਼ਟ ਤੌਰ ‘ਤੇ ਦਿਖਾਈ ਨਹੀਂ ਦਿੱਤੇ ਸਨ। ਸਕੈਨ ਵਿੱਚ ਵੇਰਵਿਆਂ ਨੂੰ ਹੋਰ ਸਪੱਸ਼ਟ ਕਰਨ ਲਈ, ਅਸੀਂ ਐਕਸ-ਰੇ ਦੌਰਾਨ ਇੱਕ ਖਾਸ ਤਰਲ ਪਦਾਰਥ (ਜਿਸਨੂੰ ‘ਕੰਟ੍ਰਾਸਟ ਏਜੰਟ’ ਕਿਹਾ ਜਾਂਦਾ ਹੈ) ਦੀ ਵਰਤੋਂ ਕਰ ਸਕਦੇ ਹਾਂ, ਜੋ ਕੈਨੁਲਾ ਰਾਹੀਂ ਦਿੱਤਾ ਜਾਂਦਾ ਹੈ।
ਸਕੈਨ ਪੂਰਾ ਹੋਣ ‘ਤੇ, ਅਸੀਂ ਤੁਹਾਡੇ ਗੁਦਾ ਮਾਰਗ ਵਿੱਚੋਂ ਟਿਊਬ ਨੂੰ ਹੌਲੀ-ਹੌਲੀ ਬਾਹਰ ਕੱਢ ਲਵਾਂਗੇ ਅਤੇ ਕੱਪੜੇ ਪਾਉਣ ਤੋਂ ਪਹਿਲਾਂ ਤੁਹਾਨੂੰ ਟਾਇਲਟ ਜਾਣ ਲਈ ਕਹਾਂਗੇ। ਇਸ ਪੂਰੀ ਜਾਂਚ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ 30 ਮਿੰਟ ਲੱਗਦੇ ਹਨ। ਤੁਸੀਂ ਚਾਹੋ ਤਾਂ ਬਾਕੀ ਦਿਨ ਘਰ ਵਿੱਚ ਆਰਾਮ ਕਰ ਸਕਦੇ ਹੋ, ਹਾਲਾਂਕਿ ਜ਼ਿਆਦਾਤਰ ਲੋਕ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਆਮ ਵਾਂਗ ਜਾਰੀ ਰੱਖਣ ਦੇ ਯੋਗ ਹੁੰਦੇ ਹਨ।
ਤੁਹਾਡੇ ਸਕੈਨ ਦੇ ਨਤੀਜੇ
ਇੱਕ ਮਾਹਰ ਤੁਹਾਡੇ ਸਕੈਨ ਦੀ ਸਮੀਖਿਆ ਕਰੇਗਾ ਅਤੇ ਤੁਹਾਡੇ ਸਲਾਹਕਾਰ ਜਾਂ ਸਕ੍ਰੀਨਿੰਗ ਕਰਨ ਵਾਲੇ ਮਾਹਰ ਨੂੰ ਇੱਕ ਰਿਪੋਰਟ ਭੇਜੇਗਾ। ਇਸ ਤੋਂ ਬਾਅਦ, ਨਤੀਜਿਆਂ ਬਾਰੇ ਚਰਚਾ ਕਰਨ ਲਈ ਤੁਹਾਡੀ ਇੱਕ ਮੁਲਾਕਾਤ ਤੈਅ ਕੀਤੀ ਜਾਵੇਗੀ।
CTC ਦੇ ਜੋਖਮ
ਰੇਡੀਏਸ਼ਨ ਦੀ ਮਾਤਰਾ
CTC ਜਾਂਚ ਵਿੱਚ ਤਸਵੀਰਾਂ ਬਣਾਉਣ ਲਈ ਐਕਸ-ਰੇ (x-rays) ਦੀ ਵਰਤੋਂ ਕੀਤੀ ਜਾਂਦੀ ਹੈ। ਮੈਡੀਕਲ ਰੇਡੀਏਸ਼ਨ ਨਾਲ ਸਿਹਤ ਨੂੰ ਬਹੁਤ ਘੱਟ ਜੋਖਮ ਹੁੰਦਾ ਹੈ।
CTC ਸਕੈਨ ਦੌਰਾਨ ਤੁਹਾਨੂੰ ਮਿਲਣ ਵਾਲੀ ਰੇਡੀਏਸ਼ਨ ਦੀ ਮਾਤਰਾ ਲਗਭਗ ਓਨੀ ਹੀ ਹੁੰਦੀ ਹੈ ਜਿੰਨੀ ਕੁਦਰਤੀ ਵਾਤਾਵਰਣ (ਤੁਹਾਡੇ ਆਲੇ-ਦੁਆਲੇ) ਤੋਂ ਕੁਝ ਸਾਲਾਂ ਵਿੱਚ ਮਿਲਦੀ ਹੈ। ਇਸ ਦਾ ਜੋਖਮ ਬਹੁਤ ਘੱਟ ਮੰਨਿਆ ਜਾਂਦਾ ਹੈ। CT ਵਿਭਾਗ ਰੇਡੀਏਸ਼ਨ ਦੀ ਮਾਤਰਾ ਦੀ ਬਹੁਤ ਧਿਆਨ ਨਾਲ ਨਿਗਰਾਨੀ ਕਰਦਾ ਹੈ ਅਤੇ ਹਮੇਸ਼ਾ ਘੱਟ ਤੋਂ ਘੱਟ ਮਾਤਰਾ ਦੀ ਵਰਤੋਂ ਕਰਦਾ ਹੈ, ਜੋ ਮਾਤਰਾ ਚੰਗੀ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦੀ ਹੈ।
ਸੰਭਾਵਿਤ ਮਾੜੇ ਪ੍ਰਭਾਵ
ਮਾਮੂਲੀ ਮਾੜੇ ਪ੍ਰਭਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ:
- ਅੰਤੜੀਆਂ ਦੀ ਸਫਾਈ ਲਈ ਦਿੱਤੀ ਗਈ ਦਵਾਈ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ – ਇਸ ਲਈ ਤੁਹਾਨੂੰ ਆਪਣੇ ਸਕੈਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀਣ ਦੀ ਲੋੜ ਪਵੇਗੀ।
- ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੇ ਟੀਕੇ ਕਾਰਨ ਮੂੰਹ ਸੁੱਕਣਾ ਅਤੇ ਨਜ਼ਰ ਧੁੰਦਲੀ ਹੋਣਾ (ਜੇਕਰ ਇਹ ਟੀਕਾ ਦਿੱਤਾ ਗਿਆ ਹੋਵੇ) – ਇਹ ਪ੍ਰਭਾਵ 30 ਮਿੰਟਾਂ ਦੇ ਅੰਦਰ ਖਤਮ ਹੋ ਜਾਣਾ ਚਾਹੀਦਾ ਹੈ, ਪਰ ਕਿਰਪਾ ਕਰਕੇ ਉਦੋਂ ਤੱਕ ਗੱਡੀ ਨਾ ਚਲਾਓ ਜਦੋਂ ਤੱਕ ਤੁਹਾਡੀ ਨਜ਼ਰ ਪੂਰੀ ਤਰ੍ਹਾਂ ਆਮ ਵਾਂਗ ਨਹੀਂ ਹੋ ਜਾਂਦੀ।
- ਜੇਕਰ ਇਹ ਟੀਕਾ ਦਿੱਤਾ ਗਿਆ ਹੋਵੇ, ਕੰਟ੍ਰਾਸਟ ਏਜੰਟ (ਐਕਸ-ਰੇ ਡਾਈ) ਵਾਲੇ ਟੀਕੇ ਕਾਰਨ ਸਰੀਰ ਵਿੱਚ ਗਰਮੀ ਮਹਿਸੂਸ ਹੋਣਾ, ਕਦੇ-ਕਦੇ ਮੂੰਹ ਵਿੱਚ ਧਾਤ ਵਰਗਾ ਅਜੀਬ ਸਵਾਦ ਆਉਣਾ, ਅਤੇ ਕੁਝ ਪਲਾਂ ਲਈ ਅਜਿਹਾ ਮਹਿਸੂਸ ਹੋਣਾ ਜਿਵੇਂ ਤੁਸੀਂ ਪਿਸ਼ਾਬ ਕਰ ਦਿੱਤਾ ਹੋਵੇ।
- ਅੰਤੜੀਆਂ ਨੂੰ ਫੁਲਾਉਣ ਲਈ ਵਰਤੀ ਗਈ ਗੈਸ ਕਾਰਨ ਪ੍ਰਕਿਰਿਆ ਦੌਰਾਨ ਅਤੇ ਬਾਅਦ ਵਿੱਚ ਪੇਟ ਦੇ ਅਫ਼ਾਰੇ ਜਾਂ ਗੈਸ ਭਰਨ ਦਾ ਅਹਿਸਾਸ ਹੋਣਾ – ਇਹ ਸਮੱਸਿਆ ਟਾਇਲਟ ਜਾਣ ਅਤੇ ਗੈਸ ਪਾਸ ਕਰਨ ਤੋਂ ਬਾਅਦ ਜਲਦੀ ਹੀ ਠੀਕ ਹੋ ਜਾਂਦੀ ਹੈ।
- ਜਿੱਥੇ ਟੀਕਾ ਲਗਾਇਆ ਗਿਆ ਸੀ, ਉੱਥੇ ਖੂਨ ਜੰਮ ਜਾਣਾ (ਨੀਲ ਪੈ ਜਾਣਾ)
ਦੁਰਲੱਭ ਜਟਿਲਤਾਵਾਂ
ਵਧੇਰੇ ਗੰਭੀਰ ਜਟਿਲਤਾਵਾਂ ਬਹੁਤ ਘੱਟ ਹੁੰਦੀਆਂ ਹਨ, ਪਰ ਰੇਡੀਓਗ੍ਰਾਫੀ ਅਮਲਾ ਇਨ੍ਹਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿੰਦਾ ਹੈ।
ਤੁਹਾਨੂੰ ਘਰ ਭੇਜਣ ਤੋਂ ਪਹਿਲਾਂ, ਉਹ ਇਹ ਯਕੀਨੀ ਬਣਾਉਣਗੇ ਕਿ ਤੁਹਾਨੂੰ ਹੇਠ ਲਿਖੀਆਂ ਸਮੱਸਿਆਵਾਂ ਨਾ ਹੋਣ:
- ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੀ ਦਵਾਈ (ਜੇ ਦਿੱਤੀ ਗਈ ਹੋਵੇ) ਦੇ ਟੀਕੇ ਤੋਂ ਬਾਅਦ ਬੇਹੋਸ਼ੀ ਜਾਂ ਕਮਜ਼ੋਰੀ ਮਹਿਸੂਸ ਹੋਣਾ
- ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ
- ਅੰਤੜੀ ਵਿੱਚ ਛੇਕ ਹੋ ਜਾਣਾ (ਅੰਤੜੀ ਦੀ ਕੰਧ ਵਿੱਚ ਇੱਕ ਛੋਟਾ ਜਿਹਾ ਛੇਕ)
- ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੀ ਦਵਾਈ (ਜੇ ਦਿੱਤੀ ਗਈ ਹੋਵੇ) ਕਾਰਨ ਅੱਖ ਵਿੱਚ ਦਰਦ ਹੋਣਾ – ਅਜਿਹਾ ਬਹੁਤ ਘੱਟ ਹੁੰਦਾ ਹੈ, ਪਰ ਜੇ ਅਜਿਹਾ ਹੋਵੇ, ਤਾਂ ਤੁਹਾਨੂੰ ਅੱਖ ਦੀ ਜਾਂਚ ਲਈ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਤੁਰੰਤ ਜਾਣਾ ਚਾਹੀਦਾ ਹੈ।
ਜੇਕਰ ਤੁਹਾਨੂੰ ਹੋਰ ਜਾਂਚਾਂ ਜਾਂ ਇਲਾਜ ਦੀ ਲੋੜ ਪੈਂਦੀ ਹੈ
ਤੁਹਾਡੇ CTC ਸਕੈਨ ਤੋਂ ਬਾਅਦ, ਤੁਹਾਨੂੰ ਹੋਰ ਜਾਂਚਾਂ ਲਈ ਬੁਲਾਇਆ ਜਾ ਸਕਦਾ ਹੈ। ਇਸ ਬਾਰੇ ਤੁਹਾਡੇ ਸਪੈਸ਼ਲਿਸਟ ਸਕ੍ਰੀਨਿੰਗ ਪ੍ਰੈਕਟੀਸ਼ਨਰ (ਨਰਸ) ਜਾਂ ਤੁਹਾਡੇ ਸਲਾਹਕਾਰ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਜੇ ਇਲਾਜ ਦੀ ਲੋੜ ਪੈਂਦੀ ਹੈ, ਤਾਂ ਤੁਸੀਂ ਮਾਹਰਾਂ ਦੀ ਟੀਮ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਹੋ।
CTC ਸਕੈਨ ਆਮ ਤੌਰ ‘ਤੇ ਕੈਂਸਰ ਅਤੇ ਵੱਡੇ ਪੌਲੀਪਸ ਦਾ ਪਤਾ ਲਗਾਉਣ ਵਿੱਚ ਸਹੀ ਹੁੰਦੇ ਹਨ, ਪਰ ਕੋਈ ਵੀ ਸਕ੍ਰੀਨਿੰਗ ਟੈਸਟ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਹੁੰਦਾ ਅਤੇ ਇਸ ਗੱਲ ਦੀ ਵੀ ਥੋੜ੍ਹੀ ਸੰਭਾਵਨਾ ਹੁੰਦੀ ਹੈ ਕਿ CTC ਸਕੈਨ ਵਿੱਚ ਕੋਈ ਅਜਿਹਾ ਕੈਂਸਰ ਜਾਂ ਪੌਲੀਪ ਫੜਿਆ ਨਾ ਜਾਵੇ, ਜੋ ਬਾਅਦ ਵਿੱਚ ਕੈਂਸਰ ਦਾ ਰੂਪ ਲੈ ਸਕਦਾ ਹੈ।
ਸੰਖੇਪ
ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਿ ਕੀ ਤੁਸੀਂ CTC ਸਕੈਨ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ, ਇੱਥੇ ਇਸਦੇ ਸੰਭਾਵਿਤ ਫਾਇਦਿਆਂ ਅਤੇ ਜੋਖਮਾਂ ਬਾਰੇ ਦੱਸਿਆ ਗਿਆ ਹੈ। ਇੱਕ ਸੀਟੀ ਸਕੈਨ:
- ਇਹ ਕੈਂਸਰ ਅਤੇ ਪੌਲੀਪਸ ਦਾ ਸ਼ੁਰੂਆਤੀ ਪੜਾਅ ‘ਤੇ ਪਤਾ ਲਗਾ ਸਕਦਾ ਹੈ, ਜਿਸ ਨਾਲ ਸਫਲ ਇਲਾਜ ਅਤੇ ਬਚਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।
- ਇਸਨੂੰ ਆਮ ਤੌਰ ‘ਤੇ ਕੋਲੋਨੋਸਕੋਪੀ ਦੇ ਮੁਕਾਬਲੇ ਘੱਟ ਦਾਖਲਾਕਾਰੀ ਪ੍ਰਕਿਰਿਆ ਮੰਨਿਆ ਜਾਂਦਾ ਹੈ।
- ਇਸਦੇ ਕੁਝ ਆਮ ਅਤੇ ਮਾਮੂਲੀ ਮਾੜੇ ਪ੍ਰਭਾਵ ਹੋ ਸਕਦੇ ਹਨ, ਅਤੇ ਕੁਝ ਬਹੁਤ ਹੀ ਦੁਰਲੱਭ ਪਰ ਗੰਭੀਰ ਜੋਖਮ ਵੀ ਹੋ ਸਕਦੇ ਹਨ, ਜਿਵੇਂ ਕਿ ਅੰਤੜੀ ਵਿੱਚ ਛੇਕ ਹੋ ਜਾਣਾ।
- ਇਸ ਵਿੱਚ ਰੇਡੀਏਸ਼ਨ ਦੀ ਇੱਕ ਖੁਰਾਕ ਦਿੱਤੀ ਜਾਂਦੀ ਹੈ, ਪਰ ਇਸ ਨਾਲ ਜੁੜਿਆ ਜੋਖਮ ਬਹੁਤ ਘੱਟ ਹੁੰਦਾ ਹੈ।
- ਹੋ ਸਕਦਾ ਹੈ ਕਿ ਇਹ ਕਿਸੇ ਪੌਲੀਪ ਜਾਂ ਕੈਂਸਰ ਦਾ ਪਤਾ ਨਾ ਲਗਾ ਸਕੇ (ਇਹ ਸੰਭਾਵਨਾ ਕੋਲੋਨੋਸਕੋਪੀ ਵਿੱਚ ਵੀ ਹੁੰਦੀ ਹੈ)।
ਅੰਤੜੀ ਵਿੱਚ ਛੇਕ ਹੋਣਾ ਬਹੁਤ ਹੀ ਦੁਰਲੱਭ ਹੈ, ਅਤੇ ਅਜਿਹਾ ਲਗਭਗ ਹਰ 3,000 ਮਾਮਲਿਆਂ ਵਿੱਚੋਂ ਸਿਰਫ਼ ਇੱਕ ਵਿੱਚ ਹੀ ਹੁੰਦਾ ਹੈ।
ਅੰਤੜੀ ਵਿੱਚ ਹੋਏ ਜ਼ਿਆਦਾਤਰ ਛੇਕ ਬਿਨਾਂ ਕਿਸੇ ਵਿਸ਼ੇਸ਼ ਇਲਾਜ ਦੇ ਆਪਣੇ ਆਪ ਠੀਕ ਹੋ ਜਾਂਦੇ ਹਨ, ਹਾਲਾਂਕਿ ਡਾਕਟਰ ਹਸਪਤਾਲ ਵਿੱਚ ਇੱਕ ਰਾਤ ਰਹਿਣ ਅਤੇ ਐਂਟੀਬਾਇਓਟਿਕਸ ਲੈਣ ਦੀ ਸਲਾਹ ਦੇ ਸਕਦੇ ਹਨ।
ਇਸ ਜਾਣਕਾਰੀ ਬਾਰੇ
NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ NHS ਰਿਕਾਰਡਾਂ ਵਿੱਚ ਮੌਜੂਦ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਨ ਤਾਂ ਜੋ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾ ਸਕੇ। NHS ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਵੀ ਕਰਦਾ ਹੈ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਮਿਲੇ ਅਤੇ ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਸੁਧਾਰ ਕੀਤਾ ਜਾ ਸਕੇ। ਤੁਸੀਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਸਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਂਦਾ ਹੈ, ਅਤੇ ਤੁਹਾਡੇ ਕੋਲ ਕਿਹੜੇ ਵਿਕਲਪ ਮੌਜੂਦ ਹਨ। ਸਕ੍ਰੀਨਿੰਗ ਤੋਂ ਬਾਹਰ ਕਿਵੇਂ ਆਇਆ ਜਾਵੇ ਇਸ ਬਾਰੇ ਭਾਲ ਕਰੋ.
ਤੁਸੀਂ Open Government Licence v3.0 ਦੀਆਂ ਸ਼ਰਤਾਂ ਦੇ ਅਧੀਨ, ਇਸ ਜਾਣਕਾਰੀ (ਲੋਗੋ ਨੂੰ ਛੱਡ ਕੇ) ਨੂੰ ਕਿਸੇ ਵੀ ਫਾਰਮੈਟ ਜਾਂ ਮਾਧਿਅਮ ਵਿੱਚ ਮੁਫ਼ਤ ਦੁਬਾਰਾ ਵਰਤ ਸਕਦੇ ਹੋ। ਜਿੱਥੇ ਅਸੀਂ ਕਿਸੇ ਤੀਜੀ ਧਿਰ ਦੀ ਕਾਪੀਰਾਈਟ (ਕਾਪੀਰਾਈਟ ਅਧਿਕਾਰ ਵਾਲੀ) ਜਾਣਕਾਰੀ ਦੀ ਪਛਾਣ ਕੀਤੀ ਹੈ, ਉੱਥੇ ਤੁਹਾਨੂੰ ਸਬੰਧਤ ਕਾਪੀਰਾਈਟ ਧਾਰਕਾਂ ਤੋਂ ਇਜਾਜ਼ਤ ਲੈਣੀ ਪਵੇਗੀ।