ਬਲੱਡ ਸਪਾਟ (Punjabi)
ਅੱਪਡੇਟ ਕੀਤਾ 3 ਜੂਨ 2026
Applies to England
ਇਹ ਛੋਟਾ ਜਿਹਾ ਵੀਡੀਓ ਨਵ-ਜਨਮੇ ਬੱਚਿਆਂ ਲਈ ਬਲੱਡ ਸਪਾਟ ਸਕ੍ਰੀਨਿੰਗ ਬਾਰੇ ਦੱਸਦਾ ਹੈ।
NHS ਦੁਆਰਾ ਸਿਫਾਰਿਸ਼ ਕੀਤੀ ਗਈ ਬਲੱਡ ਸਪਾਟ ਜਾਂਚ
ਜਾਂਚ ਦਾ ਉਦੇਸ਼
ਬਲੱਡ ਸਪਾਟ ਸਕ੍ਰੀਨਿੰਗ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕੀ ਤੁਹਾਡੇ ਬੱਚੇ ਨੂੰ ਕਈ ਦੁਰਲੱਭ ਪਰ ਗੰਭੀਰ ਸਿਹਤ ਸੰਬੰਧੀ ਸਮੱਸਿਆਵਾਂ ਵਿੱਚੋਂ ਕੋਈ ਹੈ।
ਸ਼ੁਰੂਆਤ ਵਿੱਚ ਹੀ ਇਲਾਜ ਕਰਨ ਨਾਲ ਤੁਹਾਡੇ ਬੱਚੇ ਦੀ ਸਿਹਤ ਵਿੱਚ ਸੁਧਾਰ ਲਿਆਇਆ ਅਤੇ ਗੰਭੀਰ ਅਪੰਗਤਾ ਜਾਂ ਇੱਥੋਂ ਤੱਕ ਕਿ ਮੌਤ ਨੂੰ ਰੋਕਿਆ ਜਾ ਸਕਦਾ ਹੈ। ਜੇ ਤੁਸੀਂ, ਬੱਚੇ ਦੇ ਪਿਤਾ, ਜਾਂ ਪਰਿਵਾਰ ਦਾ ਕੋਈ ਮੈਂਬਰ ਪਹਿਲਾਂ ਹੀ ਇਹਨਾਂ ਵਿੱਚੋਂ ਕਿਸੇ ਇਕ ਸਿਹਤ ਹਾਲਤ ਦਾ ਸ਼ਿਕਾਰ ਹੋ, ਤਾਂ ਕਿਰਪਾ ਕਰਕੇ ਤੁਰੰਤ ਆਪਣੇ ਸਿਹਤ ਪੇਸ਼ੇਵਰ ਨੂੰ ਦੱਸੋ।
ਇਨ੍ਹਾਂ ਹਾਲਤਾਂ ਬਾਰੇ
ਸਿੱਕਲ ਸੈੱਲ ਰੋਗ
UK ਵਿੱਚ ਪੈਦਾ ਹੋਏ 2,800 ਬੱਚਿਆਂ ਵਿੱਚੋਂ ਤਕਰੀਬਨ 1 ਸਿੱਕਲ ਸੈੱਲ ਰੋਗ (SCD) ਦਾ ਸ਼ਿਕਾਰ ਹੈ। ਇਹ ਕਾਫੀ ਗੰਭੀਰ, ਵਿਰਸੇ ਵਿੱਚ ਮਿਲੀ ਖੂਨ ਦੀ ਬਿਮਾਰੀ ਹੁੰਦੀ ਹੈ। ਇਹ ਹੀਮੋਗਲੋਬਿਨ ਨੂੰ ਪ੍ਰਭਾਵਿਤ ਕਰਦੀ ਹੈ, ਖੂਨ ਦਾ ਉਹ ਭਾਗ ਜਿਹੜਾ ਸਾਰੇ ਸਰੀਰ ਵਿੱਚ ਆਕਸੀਜਨ ਦਾ ਸੰਚਾਰ ਕਰਦਾ ਹੈ। ਜਿਨ੍ਹਾਂ ਬੱਚਿਆਂ SCD ਹੈ, ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਦੌਰਾਨ ਮਾਹਿਰ ਦੇਖਭਾਲ ਦੀ ਲੋੜ ਪਵੇਗੀ।
SCD ਤੋਂ ਪੀੜਤ ਲੋਕਾਂ ਨੂੰ ਤੇਜ਼ ਦਰਦ ਦੇ ਦੌਰੇ ਪੈ ਸਕਦੇ ਹਨ ਅਤੇ ਗੰਭੀਰ ਲਾਗਾਂ (ਇਨਫੈਕਸ਼ਨਾਂ) ਹੋ ਸਕਦੀਆਂ ਹਨ। ਉਹਨਾਂ ਨੂੰ ਐਨੀਮੀਆ (anaemia) (ਜਦੋਂ ਉਹਨਾਂ ਦੇ ਸਰੀਰ ਨੂੰ ਆਕਸੀਜਨ ਲਿਜਾਣ ਵਿੱਚ ਮੁਸ਼ਕਲ ਹੁੰਦੀ ਹੈ) ਵੀ ਹੋ ਸਕਦਾ ਹੈ। SCD ਤੋਂ ਪੀੜਤ ਬੱਚਿਆਂ ਦਾ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਵਿੱਚ ਗੰਭੀਰ ਬਿਮਾਰੀ ਅਤੇ ਲਾਗਾਂ (ਇਨਫੈਕਸ਼ਨਾਂ) ਨੂੰ ਘਟਾਉਣ ਲਈ ਟੀਕੇ (ਵੈਕਸੀਨੇਸ਼ਨਾਂ) ਅਤੇ ਐਂਟੀਬਾਇਓਟਿਕਸ ਸ਼ਾਮਲ ਹਨ।
ਸਿਸਟਿਕ ਫਾਈਬਰੋਸਿਸ
UK ਵਿੱਚ ਜਨਮੇ ਤਕਰੀਬਨ 2,500 ਬੱਚਿਆਂ ਵਿੱਚੋਂ 1 ਬੱਚੇ ਨੂੰ ਸਿਸਟਿਕ ਫ਼ਾਈਬਰੋਸਿਜ਼ (CF) ਹੁੰਦਾ ਹੈ। ਇਹ ਵਿਰਸੇ ਵਿੱਚ ਮਿਲੀ ਅਵਸਥਾ ਹਾਜ਼ਮੇ ਅਤੇ ਫੇਫੜਿਆਂ ਤੇ ਪ੍ਰਭਾਵ ਕਰਦੀ ਹੈ। ਚਫ CF ਵਾਲੇ ਬੱਚਿਆਂ ਭਾਰ ਸਹੀ ਢੰਗ ਨਾਲ ਨਹੀਂ ਵਧਦਾ ਅਤੇ ਅਕਸਰ ਛਾਤੀ ਵਿੱਚ ਇਨਫੈਕਸ਼ਨ ਹੁੰਦੀ ਹੈ। CF ਵਾਲੇ ਬੱਚਿਆਂ ਦਾ ਮੁੱਢ ਤੋਂ ਹੀ ਉੱਚ-ਊਰਜਾ ਖੁਰਾਕ, ਦਵਾਈਆਂ ਅਤੇ ਫਿਜ਼ੀਓਥੈਰੇਪੀ ਰਾਹੀ ਇਲਾਜ ਕੀਤਾ ਜਾ ਸਕਦਾ ਹੈ। ਭਾਵੇਂ CF ਵਾਲੇ ਬੱਚੇ ਅਜੇ ਵੀ ਬਹੁਤ ਬੀਮਾਰ ਹੋ ਸਕਦੇ ਹਨ, ਸ਼ੁਰੂਆਤੀ ਇਲਾਜ ਉਨ੍ਹਾਂ ਨੂੰ ਵਧੇਰੇ ਲੰਮੇ ਸਮੇਂ ਤੱਕ ਸਿਹਤਮੰਦ ਰਹਿਣ ਵਿਚ ਮਦਦ ਕਰ ਸਕਦਾ ਹੈ।
ਕਨਜੈਨਿਟਲ ਹਾਈਪੋਥਾਇਰੋਇਡਿਜ਼ਮ
UK ਵਿੱਚ ਪੈਦਾ ਹੋਏ 2,000 ਵਿੱਚੋਂ ਲਗਭਗ 1 ਬੱਚਿਆਂ ਵਿੱਚ ਜਮਾਂਦਰੂ ਹਾਈਪੋਥਾਇਰੋਇਡਿਜ਼ਮ (CHT) ਹੈ। CHT ਨਾਲ ਬੱਚਿਆਂ ਕੋਲ ਜ਼ਿਆਦਾ ਹੌਰਮੋਨ ਥਾਇਰੌਕਸਾਈਨ ਨਹੀਂ ਹੁੰਦਾ। ਥਾਇਰੌਕਸਾਈਨ ਤੋਂ ਬਿਨ੍ਹਾਂ ਬੱਚੇ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਅਤੇ ਉਨ੍ਹਾਂ ਵਿੱਚ ਸਥਾਈ ਗੰਭੀਰ ਸਰੀਰਕ ਸਮੱਸਿਆਵਾਂ ਅਤੇ ਸਿੱਖਲਾਈ ਦੀ ਅਯੋਗਤਾ ਦਾ ਵਿਕਾਸ ਹੋ ਸਕਦਾ ਹੈ।
ਸੀ ਹੈਚ ਟੀ ਨਾਲ ਬੱਚਿਆਂ ਦਾ ਮੁੱਢ ਤੋਂ ਹੀ ਥਾਇਰੌਕਸਾਈਨ ਗੋਲੀਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਉਨ੍ਹਾਂ ਦਾ ਵਿਕਾਸ ਸਧਾਰਨ ਬੱਚਿਆਂ ਵਾਂਗ ਹੋਵੇਗਾ।
ਵਿਰਾਸਤੀ ਪਾਚਕ ਰੋਗ
ਇਹ ਦੱਸਣਾ ਮਹੱਤਵਪੂਰਨ ਹੈ ਕਿ ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਮੈਟਾਬੋਲਿਕ ਸਮੱਸਿਆ ਹੈ, ਤਾਂ ਆਪਣੇ ਸਿਹਤ ਸੰਭਾਲ ਪੇਸ਼ੇਵਰ (ਹੈਲਥਕੇਅਰ ਪ੍ਰੋਫੈਸ਼ਨਲ) ਨੂੰ ਜ਼ਰੂਰ ਦੱਸੋ। ਬੱਚਿਆਂ ਦੀਆਂ ਕੁਝ ਵਿਰਾਸਤੀ ਮੈਟਾਬੋਲਿਕ ਬਿਮਾਰੀਆਂ (IMDs) ਲਈ ਸਕ੍ਰੀਨਿੰਗ ਕੀਤੀ ਜਾਂਦੀ ਹੈ।
ਇਹ ਹਨ:
-
ਫੇਨਲਕੀਟੋਨਿਊਰੀਆ (ਪੀ.ਕੇ.ਯੂ.)
-
ਮੀਡੀਅਮ-ਚੇਨ ਏਸਿਲ-CoA ਡੀਹਾਈਡ੍ਰੋਜਨੇਜ਼ ਡੈਫ਼ੀਸ਼ੈਂਸੀ(ਐੱਮ.ਸੀ.ਏ.ਡੀ.ਡੀ.)
-
ਮੈਪਲ ਸਿਰਮ ਯੂਰੀਨ ਡਿਜ਼ੀਜ਼ (ਐੱਮ.ਐੱਸ.ਯੂ.ਡੀ.)
-
ਆਈਸੋਵਲੇਰਿਕ ਐਸੀਡੀਮੀਆ (ਆਈ.ਵੀ.ਏ.)
-
ਗਲੂਟਾਰਿਕ ਐਸੀਡਯੂਰੀਆ ਟਾਈਪ 1 (ਜੀ.ਏ.ਆਈ.1)
-
ਹੋਮੋਸਿਸਟੀਨਯੂਰੀਆ (ਪਾਇਰੀਡੌਕਸਿਨ ਅਨਰਿਸਪੌਂਸਿਵ) (ਐੱਚ.ਸੀ.ਯੂ.)
-
ਹੈਰੀਡਿਏਟਰੀ ਟਾੲਰੋਸਿਨੇਮੀਆ ਟਾਈਪ 1 (ਐੱਚ.ਟੀ.1)
ਯੂਕੇ ਵਿੱਚ ਜਨਮੇ ਤਕਰੀਬਨ 2,500 ਬੱਚਿਆਂ ਵਿੱਚੋਂ 1 ਬੱਚੇ ਨੂੰ PKU ਜਾਂ MCADD ਹੁੰਦੀ ਹੈ। ਹੋਰ ਹਾਲਤਾਂ ਬਹੁਤ ਘੱਟ ਹੁੰਦੀਆਂ ਹਨ—ਇਹ 300,000 ਬੱਚਿਆਂ ਵਿੱਚੋਂ 1 ਤੋਂ 100,000 ਬੱਚਿਆਂ ਵਿੱਚੋਂ 1 ਵਿੱਚ ਹੁੰਦੀਆਂ ਹਨ।
ਇਨ੍ਹਾਂ ਵਿਰਸੇ ਵੱਜੋ ਮਿਲੀਆਂ ਅਵਸਥਾਵਾਂ ਵਾਲੇ ਬੱਚੇ ਆਪਣੇ ਭੋਜਨ ਵਿੱਚ ਕੁਝ ਤੱਤਾਂ ਨੂੰ ਹਜ਼ਮ ਨਹੀਂ ਕਰ ਸਕਦੇ। ਇਲਾਜ ਤੋਂ ਬਿਨ੍ਹਾਂ ਉਹ ਬੱਚੇ ਜਿਨ੍ਹਾਂ ਕੋਲ ਇਹ ਅਵਸਥਾਵਾਂ ਹਨ ਅਚਨਕ ਹੀ ਅਤੇ ਗੰਭੀਰ ਤੌਰ ਤੇ ਬੀਮਾਰ ਹੋ ਸਕਦੇ ਹਨ। ਇਨ੍ਹਾਂ ਅਵਸਥਾਵਾਂ ਦੇ ਲੱਛਣ ਵੱਖ ਵੱਖ ਤਰ੍ਹਾਂ ਦੇ ਹਨ; ਕੁਝ ਜਾਨ-ਲੇਵਾ ਜਾਂ ਗੰਭੀਰ ਵਿਕਾਸੀ ਸਮੱਸਿਆਵਾਂ ਉਤਪੰਨ ਕਰ ਸਕਦੇ ਹਨ।
ਇਹ ਸੱਭ ਧਿਆਨ ਨਾਲ ਪ੍ਰਬੰਧਿਤ ਕੀਤੀ ਖੁਰਾਕ ਰਾਹੀ ਸੋਧੀਆਂ ਜਾ ਸਕਦੀਆਂ ਹਨ, ਜਿਹੜੀ ਹਰ ਅਵਸਥਾ ਲਈ ਵੱਖਰੀ ਹੈ ਅਤੇ ਇਸ ਵਿੱਚ ਜੁੜਵੀ ਦਵਾਈਆਂ ਵੀ ਸ਼ਮਾਲ ਹਨ।
ਸਕ੍ਰੀਨਿੰਗ ਟੈਸਟ
ਜਦੋਂ ਤੁਹਾਡੇ ਬੱਚੇ ਦੀ ਉਮਰ 5 ਦਿਨ ਹੁੰਦੀ ਹੈ, ਤਾਂ ਸਿਹਤ ਪੇਸ਼ੇਵਰ ਤੁਹਾਡੇ ਬੱਚੇ ਦੀ ਅੱਡੀ ਨੂੰ ਇੱਕ ਖਾਸ ਉਪਕਰਣ ਦੀ ਵਰਤੋਂ ਨਾਲ ਚੁਭੋ ਕੇ ਖੂਨ ਦੀਆਂ ਕੁਝ ਬੂੰਦਾਂ ਇੱਕ ਕਾਰਡ ’ਤੇ ਇਕੱਠੀਆਂ ਕਰੇਗਾ। ਕਦੇ-ਕਦੇ ਇਹ 5 ਦਿਨ ਤੋਂ ਬਾਅਦ ਹੋ ਸਕਦਾ ਹੈ। ਅੱਡੀ ਦੀ ਚੋਭ ਤੁਹਾਡੇ ਬੱਚੇ ਵਾਸਤੇ ਕਸ਼ਟਦਾਇੱਕ ਹੋ ਸਕਦੀ ਹੈ ਅਤੇ ਤੁਹਾਡਾ ਬੱਚਾ ਸ਼ਾਇਦ ਇਸ ਕਰਕੇ ਰੋਵੇ। ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਨਿੱਘਾ ਅਤੇ ਅਰਾਮਦੇਹ ਹੈ, ਉਸ ਨੂੰ ਲਾਡ ਕਰੋ ਅਤੇ ਖੁਆਉ।
ਕਈ ਵਾਰ, ਬਾਦ ਵਿੱਚ ਇੱਕ ਹੋਰ ਬਲੱਡ ਸਪੌਟ ਨਮੂਨੇ ਦੀ ਲੋੜ ਪੈਂਦੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਇਸ ਦੇ ਕਾਰਨ ਸਮਝਾਏ ਜਾਣਗੇ। ਜੇ ਅਜਿਹਾ ਹੈ, ਤਾਂ ਕਾਰਨ ਸਪੱਸ਼ਟ ਕੀਤਾ ਜਾਵੇਗਾ। ਇਸ ਦਾ ਇਹ ਮਤਲਭ ਨਹੀਂ ਕਿ ਤੁਹਾਡੇ ਬੱਚੇ ਨਾਲ ਕੁਝ ਖ਼ਰਾਬ ਹੈ।
ਜੇਕਰ ਤੁਹਾਡੇ ਬੱਚੇ ਦੀ ਸਕ੍ਰੀਨਿੰਗ ਇੰਗਲੈਂਡ ਵਿੱਚ ਸ਼ੁਰੂ ਹੁੰਦੀ ਹੈ ਪਰ ਦੂਜਾ ਨਮੂਨਾ ਕਿਸੇ ਹੋਰ ਦੇਸ਼ ਵਿੱਚ ਲਿਆ ਜਾਂਦਾ ਹੈ, ਤਾਂ ਉਹਨਾਂ ਦੀ ਉਸ ਦੇਸ਼ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਸਥਿਤੀਆਂ ਲਈ ਜਾਂਚ ਕੀਤੀ ਜਾਵੇਗੀ। ਇਹ ਇੰਗਲੈਂਡ ਵਿੱਚ ਉਪਲਬਧ ਸਥਿਤੀਆਂ ਤੋਂ ਵੱਖਰੀਆਂ ਹੋ ਸਕਦੀਆਂ ਹਨ।
ਟੈਸਟ ਦੀ ਸੁਰੱਖਿਆ
ਇਸ ਟੈਸਟ ਨਾਲ ਕੋਈ ਖਤਰਾ ਜੁੜਿਆ ਨਹੀਂ ਹੈ।
ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ
ਤੁਹਾਡੇ ਬੱਚੇ ਲਈ ਨਵਜੰਮੇ ਬੱਚੇ ਦੀ ਬਲੱਡ ਸਪਾਟ ਸਕ੍ਰੀਨਿੰਗ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਤੁਸੀਂ ਸਾਰੀਆਂ ਸਮੱਸਿਆਵਾਂ ਜਾਂ ਸਿਰਫ਼ ਖਾਸ ਸਮੱਸਿਆਵਾਂ ਲਈ ਸਕ੍ਰੀਨਿੰਗ ਕਰਵਾਉਣ ਦੀ ਚੋਣ ਕਰ ਸਕਦੇ ਹੋ।
ਤੁਸੀਂ ਆਪਣੇ ਬੱਚੇ ਦੀ SCD, CF (ਸਿਸਟਿਕ ਫਾਈਬਰੋਸਿਸ) ਅਤੇ CHT (ਜਨਮਜਾਤ ਹਾਇਪੋਥਾਇਰਾਇਡਿਜ਼ਮ) ਲਈ ਵੱਖਰੇ ਤੌਰ ‘ਤੇ ਸਕ੍ਰੀਨਿੰਗ ਕਰਵਾਉਣ ਦੀ ਚੋਣ ਕਰ ਸਕਦੇ ਹੋ। ਜੇਕਰ ਤੁਸੀਂ IMDs ਲਈ ਆਪਣੇ ਬੱਚੇ ਦੀ ਸਕ੍ਰੀਨਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਉਹਨਾਂ ਸਾਰਿਆਂ ਲਈ ਟੈਸਟ ਕੀਤਾ ਜਾਵੇਗਾ। ਵੱਖ-ਵੱਖ IMDs ਲਈ ਵੱਖਰੇ ਤੌਰ ‘ਤੇ ਸਕ੍ਰੀਨਿੰਗ ਦੀ ਪੇਸ਼ਕਸ਼ ਨਹੀਂ ਕੀਤੀ ਜਾ ਸਕਦੀ।
ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਦੀ ਕਿਸੇ ਵੀ ਸਮੱਸਿਆ ਲਈ ਸਕ੍ਰੀਨਿੰਗ ਕੀਤੀ ਜਾਵੇ, ਜਾਂ ਤੁਹਾਨੂੰ ਟੈਸਟ ਬਾਰੇ ਕੋਈ ਚਿੰਤਾ ਹੈ, ਤਾਂ ਕਿਰਪਾ ਕਰਕੇ ਆਪਣੀ ਦਾਈ (ਮਿਡਵਾਈਫ) ਨਾਲ ਗੱਲ ਕਰੋ।
ਸ਼ੁਰੂਆਤੀ ਸਕ੍ਰੀਨਿੰਗ ਸਭ ਤੋਂ ਵਧੀਆ ਹੈ ਕਿਉਂਕਿ ਲੋੜ ਪੈਣ ‘ਤੇ ਜਿੰਨੀ ਛੇਤੀ ਹੋ ਸਕੇ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਪਰ ਜੇ ਤੁਸੀਂ ਸਕ੍ਰੀਨਿੰਗ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੇ ਬੱਚੇ ਦੀ ਸਕ੍ਰੀਨਿੰਗ ਬਾਦ ਵਿੱਚ ਕੀਤੀ ਜਾ ਸਕਦੀ ਹੈ ਜੇ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ। CF (ਕੇਵਲ 8 ਹਫ਼ਤਿਆਂ ਦੀ ਉਮਰ ਤੱਕ) ਤੋਂ ਇਲਾਵਾ ਸਾਰੀਆਂ ਹਾਲਤਾਂ ਲਈ 12 ਮਹੀਨੇ ਦੀ ਉਮਰ ਤੱਕ ਦੇ ਬੱਚਿਆਂ ਦੀ ਸਕ੍ਰੀਨਿੰਗ ਕੀਤੀ ਜਾ ਸਕਦੀ ਹੈ।
ਸੰਭਵ ਨਤੀਜੇ
ਨਵਜੰਮੇ ਬੱਚੇ ਦੀ ਬਲੱਡ ਸਪਾਟ ਸਕ੍ਰੀਨਿੰਗ ਦੇ ਨਤੀਜਿਆਂ ਨੂੰ ‘ਸਮੱਸਿਆ ਦਾ ਸ਼ੱਕ ਨਹੀਂ ਹੈ’ ਜਾਂ ‘ਸਮੱਸਿਆ ਦਾ ਸ਼ੱਕ ਹੈ’ ਵਜੋਂ ਦੱਸਿਆ ਜਾਂਦਾ ਹੈ।
ਜ਼ਿਆਦਾਤਰ ਨਤੀਜੇ ਦਿਖਾਉਣਗੇ ਕਿ ਜਿਹਨਾਂ ਸਮੱਸਿਆਵਾਂ ਲਈ ਸਕ੍ਰੀਨਿੰਗ ਕੀਤੀ ਗਈ ਹੈ, ਉਹਨਾਂ ਦਾ ‘ਸ਼ੱਕ ਨਹੀਂ ਹੈ’।
ਕੁਝ ਦਿਖਾਉਣਗੇ ਕਿ ਜਿਹਨਾਂ ਸਮੱਸਿਆਵਾਂ ਲਈ ਸਕ੍ਰੀਨਿੰਗ ਕੀਤੀ ਗਈ ਹੈ, ਉਹਨਾਂ ਦਾ ‘ਸ਼ੱਕ ਹੈ’। ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਬੱਚੇ ਨੂੰ ਯਕੀਨੀ ਤੌਰ ‘ਤੇ ਇਹ ਸਮੱਸਿਆ ਹੈ, ਪਰ ਉਸਨੂੰ ਇਹ ਹੋਣ ਦੀ ਜ਼ਿਆਦਾ ਸੰਭਾਵਨਾ ਹੈ।
ਜੇਕਰ ਸਕ੍ਰੀਨਿੰਗ ਨਤੀਜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਸਮੱਸਿਆ ਦਾ ਸ਼ੱਕ ਹੈ, ਤਾਂ ਇੱਕ ਸਿਹਤ ਸੰਭਾਲ ਪੇਸ਼ੇਵਰ (ਹੈਲਥਕੇਅਰ ਪ੍ਰੋਫੈਸ਼ਨਲ) ਤੁਹਾਡੇ ਨਾਲ ਫ਼ੋਨ ‘ਤੇ ਜਾਂ ਵਿਅਕਤੀਗਤ ਤੌਰ ‘ਤੇ ਸੰਪਰਕ ਕਰੇਗਾ। ਉਹ ਦੱਸਣਗੇ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਨਤੀਜੇ ਦਾ ਕੀ ਮਤਲਬ ਹੈ ਅਤੇ ਤੁਹਾਨੂੰ ਦੱਸਣਗੇ ਕਿ ਕੀ ਤੁਹਾਨੂੰ ਕੁਝ ਕਰਨ ਦੀ ਲੋੜ ਹੈ।
ਤੁਹਾਡੇ ਬੱਚੇ ਨੂੰ ਹੋਰ ਟੈਸਟਾਂ ਲਈ ਅਤੇ ਜੇਕਰ ਲੋੜ ਹੋਵੇ ਤਾਂ ਇਲਾਜ ਸ਼ੁਰੂ ਕਰਨ ਲਈ ਇੱਕ ਮਾਹਿਰ ਕੋਲ ਰੈਫਰ ਕੀਤਾ ਜਾਵੇਗਾ।
ਨਵਜੰਮੇ ਬੱਚੇ ਦੀ ਬਲੱਡ ਸਪਾਟ ਸਕ੍ਰੀਨਿੰਗ ਕੁਝ ਅਜਿਹੇ ਬੱਚਿਆਂ ਦਾ ਪਤਾ ਲਗਾਉਂਦੀ ਹੈ ਜੋ CF (ਸਿਸਟਿਕ ਫਾਈਬਰੋਸਿਸ), SCD ਜਾਂ ਖੂਨ ਦੇ ਲਾਲ ਸੈੱਲਾਂ ਦੀ ਕਿਸੇ ਹੋਰ ਸਮੱਸਿਆ ਦੇ ਜੈਨੇਟਿਕ ਕੈਰੀਅਰ (ਵਾਹਕ) ਹੋ ਸਕਦੇ ਹਨ।
ਕੈਰੀਅਰ (ਵਾਹਕ) ਸਿਹਤਮੰਦ ਹੁੰਦੇ ਹਨ ਅਤੇ ਉਹਨਾਂ ਨੂੰ ਇਹ ਸਮੱਸਿਆ ਨਹੀਂ ਹੁੰਦੀ। ਕੈਰੀਅਰਾਂ (ਵਾਹਕਾਂ) ਨੂੰ ਸਿਹਤ ਸਮੱਸਿਆਵਾਂ ਸਿਰਫ਼ ਦੁਰਲੱਭ ਸਥਿਤੀਆਂ ਵਿੱਚ ਹੀ ਹੋ ਸਕਦੀਆਂ ਹਨ ਜਿੱਥੇ ਉਹਨਾਂ ਦੇ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ। ਉਦਾਹਰਨ ਲਈ, ਜੇਕਰ ਉਹਨਾਂ ਦੀ ਬੇਹੋਸ਼ੀ ਦੀ ਦਵਾਈ (ਐਨਸਥੀਟਿਕ) ਦੇ ਕੇ ਸਰਜਰੀ ਹੋ ਰਹੀ ਹੋਵੇ।
ਜੇਕਰ ਤੁਹਾਡਾ ਬੱਚਾ ਇੱਕ ਜੈਨੇਟਿਕ ਕੈਰੀਅਰ (ਵਾਹਕ) ਹੈ, ਤਾਂ ਇੱਕ ਸਿਹਤ ਸੰਭਾਲ ਪੇਸ਼ੇਵਰ (ਹੈਲਥਕੇਅਰ ਪ੍ਰੋਫੈਸ਼ਨਲ) ਤੁਹਾਡੇ ਨਾਲ ਸੰਪਰਕ ਕਰੇਗਾ ਜਾਂ ਤੁਹਾਨੂੰ ਡਾਕ ਰਾਹੀਂ ਇੱਕ ਚਿੱਠੀ ਮਿਲੇਗੀ ਜਿਸ ਵਿੱਚ ਦੱਸਿਆ ਜਾਵੇਗਾ ਕਿ ਇਸਦਾ ਕੀ ਮਤਲਬ ਹੈ। ਤੁਹਾਡੇ ਬੱਚੇ ਨੂੰ ਕਿਸੇ ਇਲਾਜ ਦੀ ਲੋੜ ਨਹੀਂ ਹੋਵੇਗੀ ਪਰ ਉਸਨੂੰ ਹੋਰ ਟੈਸਟਾਂ ਦੀ ਲੋੜ ਪੈ ਸਕਦੀ ਹੈ। ਸਕ੍ਰੀਨਿੰਗ ਸਾਰੇ ਕੈਰੀਅਰਾਂ (ਵਾਹਕਾਂ) ਦਾ ਪਤਾ ਨਹੀਂ ਲਗਾਉਂਦੀ।
ਮੇਰੇ ਨਤੀਜੇ ਪ੍ਰਾਪਤ ਕਰਨਾ
ਜੇਕਰ ਸਕ੍ਰੀਨ ਕੀਤੀਆਂ ਗਈਆਂ ਸਮੱਸਿਆਵਾਂ ਵਿੱਚੋਂ ਕਿਸੇ ਇੱਕ ਦਾ ਸ਼ੱਕ ਹੁੰਦਾ ਹੈ, ਤਾਂ ਇੱਕ ਮਾਹਿਰ ਕਲੀਨਿਕਲ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ। ਇਹ ਨਤੀਜਿਆਂ ਬਾਰੇ ਦੱਸਣ ਅਤੇ ਤੁਹਾਡੇ ਬੱਚੇ ਨੂੰ ਹੋਰ ਟੈਸਟਾਂ ਦੀ ਪੇਸ਼ਕਸ਼ ਕਰਨ ਲਈ ਹੈ। ਇਹਨਾਂ ਵਿੱਚੋਂ ਕੁਝ ਹੋਰ ਟੈਸਟ ਜਲਦੀ ਕੀਤੇ ਜਾਣ ਦੀ ਲੋੜ ਹੁੰਦੀ ਹੈ। ਤੁਹਾਨੂੰ ਮਾਹਿਰ ਟੀਮ ਵੱਲੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਜੇਕਰ ਸਕ੍ਰੀਨ ਕੀਤੀਆਂ ਗਈਆਂ ਸਮੱਸਿਆਵਾਂ ਵਿੱਚੋਂ ਕਿਸੇ ਦਾ ਵੀ ਸ਼ੱਕ ਨਹੀਂ ਹੁੰਦਾ, ਤਾਂ ਤੁਹਾਨੂੰ 6 ਹਫ਼ਤਿਆਂ ਦੇ ਅੰਦਰ ਚਿੱਠੀ ਰਾਹੀਂ ਜਾਂ ਆਪਣੇ ਹੈਲਥ ਵਿਜ਼ਿਟਰ ਤੋਂ ਨਤੀਜੇ ਮਿਲ ਜਾਣੇ ਚਾਹੀਦੇ ਹਨ।
ਨਤੀਜਿਆਂ ਨੂੰ ਬੱਚੇ ਦੀ ਪਰਸਨਲ ਚਾਇਲਡ ਹੈਲਥ ਰਿਕਾਡ (ਲਾਲ ਕਿਤਾਬ) ਵਿੱਚ ਦਰਜ ਕਰ ਦਿੱਤਾ ਜਾਵੇਗਾ। ਕਿਰਪਾ ਕਰਕੇ ਇਸ ਨੂੰ ਸੁਰੱਖਿਅਤ ਰੱਖੋ ਅਤੇ ਇਸ ਨੂੰ ਅਪੌਇੰਟਮੈਂਟਾਂ ਤੇ ਆਪਣੇ ਨਾਲ ਲੈ ਕੇ ਆਵੋ।
ਸਕ੍ਰੀਨਿੰਗ ਤੋਂ ਬਾਅਦ ਮੇਰੇ ਬੱਚੇ ਦਾ ਬਲੱਡ ਸਪੌਟ ਕਾਰਡ ਅਤੇ ਅੰਕੜੇ
ਬਲੱਡ ਸਪੌਟ ਕਾਰਡਾਂ ਨੂੰ ਜਾਂਚ ਤੋਂ ਬਾਅਦ ਘੱਟੋ-ਘੱਟ 5 ਸਾਲ ਲਈ ਸਟੋਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਕਾਰਨਾਂ ਲਈ ਵਰਤਿਆ ਜਾ ਸਕਦਾ ਹੈ:
-
ਨਤੀਜੇ ਦੀ ਜਾਂਚ ਕਰਨ ਜਾਂ ਤੁਹਾਡੇ ਡਾਕਟਰ ਦੁਆਰਾ ਸਿਫ਼ਾਰਸ਼ ਕੀਤੇ ਗਏ ਹੋਰ ਟੈਸਟਾਂ ਲਈ (ਜੇਕਰ ਨਤੀਜੇ ਤੁਹਾਡੇ ਬੱਚੇ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ, ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ)
-
ਇੰਗਲੈਂਡ ਵਿੱਚ ਸਕ੍ਰੀਨਿੰਗ ਲਈ ਪਹਿਲਾਂ ਤੋਂ ਪ੍ਰਵਾਨਿਤ ਸਮੱਸਿਆਵਾਂ ਲਈ ਸਕ੍ਰੀਨਿੰਗ ਪ੍ਰੋਗਰਾਮ ਜਾਂ ਟੈਸਟਿੰਗ ਦੇ ਤਰੀਕਿਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ (ਜੇਕਰ ਨਤੀਜੇ ਤੁਹਾਡੇ ਬੱਚੇ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ, ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ)
-
UK ਵਿੱਚ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਖੋਜ ਲਈ (ਇਸ ਨਾਲ ਤੁਹਾਡੇ ਬੱਚੇ ਦੀ ਪਛਾਣ ਨਹੀਂ ਹੋਵੇਗੀ, ਅਤੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਜਾਵੇਗਾ)
ਇਸ ਤੋਂ ਇਲਾਵਾ, ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਖੋਜਕਰਤਾ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਨਵਜੰਮੇ ਬਲੱਡ ਸਪਾਟ ਸਕ੍ਰੀਨਿੰਗ ਪ੍ਰੋਗਰਾਮ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਵਿੱਚ ਹਿੱਸਾ ਲੈਣ ਲਈ ਸੱਦਾ ਦੇਣਾ ਚਾਹ ਸਕਦੇ ਹਨ। ਕੋਈ ਵੀ ਵਾਧੂ ਅਧਿਐਨ ਕਰਨ ਵਾਲੇ ਖੋਜਕਰਤਾ ਇਹ ਦੱਸਣਗੇ ਕਿ ਕੀ ਕੀਤਾ ਜਾ ਰਿਹਾ ਹੈ ਅਤੇ ਫਿਰ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਉਸ ਅਧਿਐਨ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ। ਜੇਕਰ ਤੁਸੀਂ ਕਿਸੇ ਵੀ ਵਾਧੂ ਜਾਣਕਾਰੀ ਇਕੱਠੀ ਕਰਨ ਵਿੱਚ ਹਿੱਸਾ ਲੈਣ ਬਾਰੇ ਚਰਚਾ ਕਰਨ ਲਈ ਸੰਪਰਕ ਨਹੀਂ ਕਰਨਾ ਚਾਹੁੰਦੇ ਤਾਂ ਕਿਰਪਾ ਕਰਕੇ ਆਪਣੀ ਦਾਈ ਨੂੰ ਦੱਸੋ।
ਬਲੱਡ ਸਪਾਟ ਕਾਰਡਾਂ ਦੀ ਸਾਰੀ ਵਰਤੋਂ ਕੋਡ ਆਫ਼ ਪ੍ਰੈਕਟਿਸ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਕਿਸੇ ਵੀ ਖੋਜ ਨੂੰ ਇੱਕ ਸੁਤੰਤਰ ਖੋਜ ਨੈਤਿਕਤਾ ਕਮੇਟੀ ਦੁਆਰਾ ਪ੍ਰਵਾਨਗੀ ਦਿੱਤੀ ਜਾਵੇਗੀ।
NHS.UK ’ਤੇ ਸਹਾਇਤਾ ਸਮੂਹਾਂ ਬਾਰੇ ਵਧੇਰੇ ਜਾਣਕਾਰੀ ਅਤੇ ਵੇਰਵੇ ਦੇਖੋ।