ਛੂਤ ਦੀਆਂ ਬਿਮਾਰੀਆਂ (Punjabi)
ਅੱਪਡੇਟ ਕੀਤਾ 3 ਜੂਨ 2026
Applies to England
ਇਹ ਇੱਕ ਛੋਟੀ ਜਿਹੀ ਐਨੀਮੇਸ਼ਨ ਦੱਸਦੀ ਹੈ ਕਿ ਗਰਭ-ਅਵਸਥਾ ਦੌਰਾਨ ਛੂਤ ਦੀਆਂ ਬਿਮਾਰੀਆਂ ਲਈ ਸਕ੍ਰੀਨਿੰਗ ਕਿਉਂ ਜ਼ਰੂਰੀ ਹੈ।
NHS ਦੁਆਰਾ ਇਨਫੈਕਸ਼ਨ ਨਾਲ ਸੰਬੰਧਤ ਬਿਮਾਰੀਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਸਕ੍ਰੀਨਿੰਗ ਦਾ ਉਦੇਸ਼
ਅਸੀਂ ਇਹ ਪਤਾ ਲਗਾਉਣ ਲਈ ਸਕ੍ਰੀਨਿੰਗ ਦੀ ਪੇਸ਼ਕਸ਼ ਕਰਦੇ ਹਾਂ ਕਿ ਕਿਤੇ ਤੁਹਾਨੂੰ ਹੈਪੇਟਾਈਟਸ ਬੀ, HIV (ਹਿਊਮਨ ਇਮਯੂਨੋਡੈਫੀਸ਼ੀਐਂਸੀ ਵਾਇਰਸ) ਜਾਂ ਸਿਫਿਲਿਸ ਤਾਂ ਨਹੀਂ। ਜਿਹੜੀਆਂ ਔਰਤਾਂ HIV, ਹੈਪੇਟਾਈਟਸ ਬੀ ਅਤੇ/ਜਾਂ ਸਿਫਿਲਿਸ ਤੋਂ ਪੀੜਤ ਹਨ, ਉਹਨਾਂ ਨੂੰ ਛੇਤੀ ਮਾਹਿਰਾਂ ਨਾਲ ਅਪਾਇਂਟਮੇਂਟਾਂ ਦੀ ਲੋੜ ਹੁੰਦੀ ਹੈ। ਇਸਦਾ ਮਕਸਦ ਗਰਭ ਅਵਸਥਾ ਵਿੱਚ ਉਨ੍ਹਾਂ ਦੀ ਦੇਖਭਾਲ ਦੀ ਯੋਜਨਾ ਬਣਾਉਣਾ ਹੈ।
ਜਿਹੜੀਆਂ ਔਰਤਾਂ ਪਹਿਲਾਂ ਹੀ ਜਾਣਦੀਆਂ ਹਨ ਕਿ ਉਹ HIV ਤੋਂ ਪੀੜਤ ਹਨ, ਉਹਨਾਂ ਨੂੰ ਹੈਪੇਟਾਈਟਸ ਬੀ ਹੈ ਜਾਂ ਉਹਨਾਂ ਦਾ ਪਹਿਲਾਂ ਹੀ ਸਿਫਿਲਿਸ ਦਾ ਇਲਾਜ ਹੋ ਚੁੱਕਾ ਹੈ, ਉਹਨਾਂ ਨੂੰ ਫਿਰ ਵੀ ਹਰ ਗਰਭ-ਅਵਸਥਾ ਵਿੱਚ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਹਾਨੂੰ ਪਹਿਲਾਂ ਕਦੇ ਇਹਨਾਂ ਵਿੱਚੋਂ ਕਿਸੇ ਵੀ ਲਾਗ (ਇਨਫੈਕਸ਼ਨ) ਦੇ ਹੋਣ ਬਾਰੇ ਪਤਾ ਲੱਗਾ ਸੀ, ਤਾਂ ਕਿਰਪਾ ਕਰਕੇ ਆਪਣੀ ਦਾਈ (ਮਿਡਵਾਈਫ) ਜਾਂ ਸਿਹਤ ਸੰਭਾਲ ਪੇਸ਼ੇਵਰ (ਹੈਲਥਕੇਅਰ ਪ੍ਰੋਫੈਸ਼ਨਲ) ਨੂੰ ਸੂਚਿਤ ਕਰੋ।
ਇਨ੍ਹਾਂ ਹਾਲਤਾਂ ਬਾਰੇ
ਹੈਪੇਟਾਈਟਸ ਬੀ, HIV ਅਤੇ ਸਿਫਿਲਿਸ ਖੂਨ ਅਤੇ ਸਰੀਰਕ ਤਰਲ ਪਦਾਰਥਾਂ ਰਾਹੀਂ ਫੈਲਦੇ ਹਨ। ਇਹ ਜਿਨਸੀ ਸੰਪਰਕ ਰਾਹੀਂ ਜਾਂ ਨਾੜੀ ਰਾਹੀਂ ਲਈਆਂ ਜਾਣ ਵਾਲੀਆਂ ਦਵਾਈਆਂ (ਨਸ਼ਿਆਂ) ਲਈ ਵਰਤੀਆਂ ਜਾਣ ਵਾਲੀਆਂ ਸੰਕਰਮਿਤ ਸੂਈਆਂ ਅਤੇ ਉਪਕਰਣਾਂ ਨੂੰ ਸਾਂਝਾ ਕਰਨ ਰਾਹੀਂ ਹੋ ਸਕਦਾ ਹੈ। ਇਹ ਵਾਇਰਸ ਗਰਭ-ਅਵਸਥਾ ਅਤੇ/ਜਾਂ ਜਨਮ ਦੌਰਾਨ ਬੱਚੇ ਨੂੰ ਵੀ ਹੋ ਸਕਦੇ ਹਨ।
ਹੈਪੇਟਾਇਟਸ B
ਹੈਪੇਟਾਈਟਸ ਬੀ ਵਾਇਰਸ ਜਿਗਰ (ਲਿਵਰ) ਨੂੰ ਪ੍ਰਭਾਵਿਤ ਕਰਦਾ ਹੈ। ਇਹ ਗੰਭੀਰ (ਅਕਿਊਟ) ਅਤੇ ਪੁਰਾਣੀ (ਕ੍ਰੋਨਿਕ) ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਜਿਹੜੇ ਬੱਚੇ ਜਨਮ ਵੇਲੇ ਜਾਂ ਜੀਵਨ ਦੇ ਪਹਿਲੇ ਸਾਲ ਦੌਰਾਨ ਸੰਕਰਮਿਤ ਹੋ ਜਾਂਦੇ ਹਨ, ਉਹਨਾਂ ਨੂੰ ਪੁਰਾਣੀ ਹੈਪੇਟਾਈਟਸ ਬੀ ਦੀ ਲਾਗ (ਇਨਫੈਕਸ਼ਨ) ਹੋਣ ਦੀ 10 ਵਿੱਚੋਂ 9 (90%) ਸੰਭਾਵਨਾ ਹੁੰਦੀ ਹੈ। ਇਸ ਨਾਲ ਜਿਗਰ (ਲਿਵਰ) ਦੀਆਂ ਸਮੱਸਿਆਵਾਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਜੇਕਰ ਬੱਚਾ ਟੀਕਿਆਂ (ਵੈਕਸੀਨੇਸ਼ਨਾਂ) ਦਾ ਪੂਰਾ ਕੋਰਸ ਕਰ ਲੈਂਦਾ ਹੈ, ਤਾਂ ਇਹ ਖਤਰਾ ਕਾਫ਼ੀ ਹੱਦ ਤੱਕ ਘੱਟ ਕੇ 10 ਵਿੱਚੋਂ ਲਗਭਗ 1 (10%) ਰਹਿ ਜਾਂਦਾ ਹੈ।
ਐਚਆਈਵੀ
HIV ਰੋਗਾਂ ਨਾਲ ਲੜਨ ਦੀ ਸ਼ਕਤੀ (ਇਮਿਊਨ ਸਿਸਟਮ) ਨੂੰ ਕਮਜ਼ੋਰ ਕਰਦਾ ਹੈ, ਜਿਸ ਨਾਲ ਲਾਗਾਂ (ਇਨਫੈਕਸ਼ਨਾਂ) ਨਾਲ ਲੜਨਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਗਰਭ-ਅਵਸਥਾ ਦੌਰਾਨ, ਜਨਮ ਦਿੰਦੇ ਸਮੇਂ ਜਾਂ ਛਾਤੀ ਦਾ ਦੁੱਧ ਚੁੰਘਾਉਣ ਰਾਹੀਂ ਬੱਚੇ ਨੂੰ ਹੋ ਸਕਦਾ ਹੈ। ਗਰਭ-ਅਵਸਥਾ ਦੌਰਾਨ ਇਲਾਜ ਨਾਲ ਬੱਚੇ ਨੂੰ HIV ਹੋਣ ਦੀ ਸੰਭਾਵਨਾ 4 ਵਿੱਚੋਂ 1 (25%) ਤੋਂ ਘਟਾ ਕੇ 1,000 ਵਿੱਚੋਂ 4 ਤੋਂ ਵੀ ਘੱਟ (0.4%) ਹੋ ਜਾਂਦੀ ਹੈ। ਬੱਚੇ ਦੇ ਸੰਕਰਮਿਤ ਹੋਣ ਦੀ ਸੰਭਾਵਨਾ ਨੂੰ ਘਟਾਉਣ ਲਈ ਜਨਮ ਵੇਲੇ ਬੱਚੇ ਨੂੰ ਵੀ ਇਲਾਜ ਦਿੱਤਾ ਜਾ ਸਕਦਾ ਹੈ।
ਸਿਫਲਿਸ
ਸਿਫਿਲਿਸ ਇੱਕ ਲਾਗ (ਇਨਫੈਕਸ਼ਨ) ਹੈ ਜੋ ਅਸੁਰੱਖਿਅਤ ਜਿਨਸੀ ਸੰਪਰਕ ਰਾਹੀਂ ਫੈਲਦੀ ਹੈ। ਇਹ ਗਰਭ-ਅਵਸਥਾ ਦੌਰਾਨ ਬੱਚੇ ਨੂੰ ਹੋ ਸਕਦੀ ਹੈ। ਜੇਕਰ ਗਰਭ-ਅਵਸਥਾ ਦੌਰਾਨ ਇਸਦਾ ਇਲਾਜ ਨਾ ਕੀਤਾ ਜਾਵੇ, ਤਾਂ ਇਸਦੇ ਨਤੀਜੇ ਵਜੋਂ ਬੱਚੇ ਲਈ ਗੰਭੀਰ ਸਿਹਤ ਅਤੇ ਵਿਕਾਸ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਗਰਭਪਾਤ (ਮਿਸਕੈਰਿਜ) ਜਾਂ ਮਰੇ ਹੋਏ ਬੱਚੇ ਦਾ ਜਨਮ (ਸਟਿਲਬਰਥ) ਵੀ ਹੋ ਸਕਦਾ ਹੈ। ਗਰਭ-ਅਵਸਥਾ ਦੌਰਾਨ ਇਲਾਜ ਨਾਲ ਬੱਚੇ ਦੇ ਸੰਕਰਮਿਤ ਹੋਣ ਦੀ ਸੰਭਾਵਨਾ ਨੂੰ ਘਟਾਇਆ ਜਾ ਸਕਦਾ ਹੈ।
ਸਕ੍ਰੀਨਿੰਗ ਟੈਸਟ
ਤੁਹਾਡੀ ਨਾੜੀ ਵਿੱਚੋਂ ਖੂਨ ਲਿਆ ਜਾਂਦਾ ਹੈ, ਆਮ ਤੌਰ ‘ਤੇ ਤੁਹਾਡੀ ਬਾਂਹ ਵਿੱਚੋਂ।

ਸਿਹਤ ਦੇਖਭਾਲ ਪੇਸ਼ੇਵਰ ਔਰਤ ਦੀ ਬਾਂਹ ਵਿੱਚੋਂ ਖੂਨ ਦਾ ਨਮੂਨਾ ਲੈਂਦਾ ਹੈ।
ਇਸ ਖੂਨ ਦੀ ਇੱਕ ਛੋਟੀ ਜਿਹੀ ਮਾਤਰਾ ਨੂੰ ਪ੍ਰਯੋਗਸ਼ਾਲਾ ਵਿੱਚ ਸੰਗ੍ਰਹਿਤ ਕੀਤਾ ਜਾਂਦਾ ਹੈ। ਇਸਦੀ ਵਰਤੋਂ ਟੈਸਟ ਕਰਨ ਲਈ ਕੀਤੀ ਜਾ ਸਕਦੀ ਹੈ, ਜੇ ਤੁਹਾਡੀ ਗਰਭ ਅਵਸਥਾ ਦੋ ਦੌਰਾਨ ਹੋਰ ਇਨਫੈਕਸ਼ਨਾਂ ਜਾਂ ਧੱਫੜਾਂ ਦੇ ਚਿੰਨ੍ਹ ਨਜ਼ਰ ਆਉਂਦੇ ਹਨ।
ਟੈਸਟ ਦੀ ਸੁਰੱਖਿਆ
ਇਸ ਟੈਸਟ ਨਾਲ ਕਿਸੇ ਤਰ੍ਹਾਂ ਦੇ ਵੀ ਖ਼ਤਰੇੇ ਸੰਬੰਧਿਤ ਨਹੀਂ ਹਨ।
ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ
ਇਹਨਾਂ ਟੈਸਟਾਂ ਨੂੰ ਕਰਵਾਉਣ ਦੀ ਪੁਰਜ਼ੋਰ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਗਰਭ-ਅਵਸਥਾ ਦੌਰਾਨ ਤੁਹਾਡੀ ਸਿਹਤ ਦੀ ਰੱਖਿਆ ਕਰ ਸਕਦੇ ਹਨ ਅਤੇ ਤੁਰੰਤ ਇਲਾਜ ਅਤੇ ਦੇਖਭਾਲ ਨੂੰ ਯਕੀਨੀ ਬਣਾ ਸਕਦੇ ਹਨ। ਇਹ ਤੁਹਾਡੇ ਬੱਚੇ, ਸਾਥੀ (ਪਾਰਟਨਰ) ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਲਾਗ (ਇਨਫੈਕਸ਼ਨ) ਲੱਗਣ ਦੀ ਕਿਸੇ ਵੀ ਸੰਭਾਵਨਾ ਨੂੰ ਬਹੁਤ ਘੱਟ ਕਰ ਦਿੰਦੇ ਹਨ।
ਟੈਸਟ ਨਹੀਂ ਕਰਵਾਉਣਾ
ਜੇਕਰ ਤੁਸੀਂ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਗਰਭ-ਅਵਸਥਾ ਵਿੱਚ ਬਾਅਦ ਵਿੱਚ, ਆਦਰਸ਼ਕ ਤੌਰ ‘ਤੇ 20 ਹਫ਼ਤਿਆਂ ਤੱਕ, ਦੁਬਾਰਾ ਸਕ੍ਰੀਨਿੰਗ ਦੀ ਪੇਸ਼ਕਸ਼ ਕੀਤੀ ਜਾਵੇਗੀ। ਤੁਹਾਨੂੰ ਜਣੇਪਾ ਸਕ੍ਰੀਨਿੰਗ ਟੀਮ (ਮੈਟਰਨਿਟੀ ਸਕ੍ਰੀਨਿੰਗ ਟੀਮ) ਜਾਂ ਜਿਨਸੀ ਸਿਹਤ ਟੀਮ (ਸੈਕਸ਼ੂਅਲ ਹੈਲਥ ਟੀਮ) ਦੇ ਕਿਸੇ ਮੈਂਬਰ ਨਾਲ ਟੈਸਟਿੰਗ ਬਾਰੇ ਆਪਣੀਆਂ ਚਿੰਤਾਵਾਂ ‘ਤੇ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਜੇਕਰ ਤੁਸੀਂ ਛੂਤ ਦੀਆਂ ਬਿਮਾਰੀਆਂ ਲਈ ਸਕ੍ਰੀਨਿੰਗ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਅਸੀਂ ਇਸਨੂੰ ਰਿਕਾਰਡ ਕਰਾਂਗੇ। ਇਹ ਇਸ ਲਈ ਹੈ ਕਿਉਂਕਿ NHS ਇੰਗਲੈਂਡ ਇਹ ਜਾਂਚ ਕਰਨਾ ਚਾਹੁੰਦਾ ਹੈ ਕਿ ਕਿੰਨੇ ਲੋਕ ਸਕ੍ਰੀਨਿੰਗ ਨਾ ਕਰਵਾਉਣ ਦਾ ਫੈਸਲਾ ਕਰਦੇ ਹਨ। ਇਸ ਨੂੰ ਸਮਝਣ ਨਾਲ ਮਾਵਾਂ ਅਤੇ ਬੱਚਿਆਂ ਦੋਵਾਂ ਲਈ ਗਰਭ-ਅਵਸਥਾ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਨਕਾਰਾਤਮਕ ਨਤੀਜਾ
ਇੱਕ ਨੈਗੇਟਿਵ ਨਤੀਜੇ ਦਾ ਮਤਲਬ ਹੈ ਕਿ ਜਦੋਂ ਤੁਹਾਡਾ ਖੂਨ ਦਾ ਨਮੂਨਾ ਲਿਆ ਗਿਆ ਸੀ ਤਾਂ ਤੁਹਾਡਾ ਨਤੀਜਾ ਨੈਗੇਟਿਵ ਸੀ। ਤੁਸੀਂ ਆਪਣੀ ਗਰਭ-ਅਵਸਥਾ ਦੌਰਾਨ ਕਿਸੇ ਵੀ ਸਮੇਂ ਸੰਕਰਮਿਤ ਹੋ ਸਕਦੇ ਹੋ।
ਜੇਕਰ ਤੁਹਾਡੇ ਵਿੱਚ ਲੱਛਣ ਦਿਖਾਈ ਦਿੰਦੇ ਹਨ ਜਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਹੈ, ਤਾਂ ਜਿੰਨੀ ਜਲਦੀ ਹੋ ਸਕੇ ਆਪਣੀ ਦਾਈ (ਮਿਡਵਾਈਫ) ਜਾਂ GP ਨਾਲ ਗੱਲ ਕਰੋ।
ਤੁਸੀਂ ਅਤੇ ਤੁਹਾਡਾ ਸਾਥੀ (ਪਾਰਟਨਰ) ਕਿਸੇ ਵੀ ਸਮੇਂ ਟੈਸਟ ਕਰਵਾ ਸਕਦੇ ਹੋ ਅਤੇ ਕਿਸੇ ਵੀ ਸਮੇਂ ਸਥਾਨਕ ਜਿਨਸੀ ਸਿਹਤ ਸੇਵਾਵਾਂ ਤੱਕ ਐਕਸੈਸ ਕਰ ਸਕਦੇ ਹੋ। ਅਸੀਂ ਦੁਬਾਰਾ ਟੈਸਟ ਕਰਵਾਉਣ ਦੀ ਸਿਫਾਰਸ਼ ਕਰਦੇ ਹਾਂ ਜੇਕਰ ਤੁਸੀਂ:
- ਆਪਣਾ ਜਿਨਸੀ ਸਾਥੀ (ਸੈਕਸ਼ੂਅਲ ਪਾਰਟਨਰ) ਬਦਲਦੇ ਹੋ
- ਤੁਹਾਡਾ ਸਾਥੀ (ਪਾਰਟਨਰ) ਹੋਰ ਲੋਕਾਂ ਨਾਲ ਜਿਨਸੀ ਤੌਰ ‘ਤੇ ਸਰਗਰਮ ਹੈ
- ਤੁਹਾਡੇ ਸਾਥੀ (ਪਾਰਟਨਰ) ਨੂੰ ਜਿਨਸੀ ਤੌਰ ‘ਤੇ ਫੈਲਣ ਵਾਲੀ ਲਾਗ (ਸੈਕਸ਼ੂਅਲੀ ਟ੍ਰਾਂਸਮਿਟਿਡ ਇਨਫੈਕਸ਼ਨ) (STI) ਹੋਣ ਦੀ ਤਸ਼ਖੀਸ ਹੋਈ ਹੈ
- ਮਨੋਰੰਜਨ ਲਈ ਨਸ਼ੇ ਦੇ ਟੀਕੇ ਲਗਾਉਂਦੇ ਹੋ
- ਇੱਕ ਸੈਕਸ ਵਰਕਰ ਹੋ।
ਸਕਾਰਾਤਮਕ ਨਤੀਜਾ
HIV
ਜੇਕਰ ਤੁਸੀਂ HIV ਤੋਂ ਪੀੜਤ ਹੋ, ਤਾਂ ਇਲਾਜ ਅਤੇ ਮਾਹਿਰਾਂ ਦੀ ਸਿਹਤ ਸੰਭਾਲ ਨਾਲ ਇਸਦੇ ਤੁਹਾਡੇ ਬੱਚੇ ਨੂੰ ਹੋਣ ਦੀ ਸੰਭਾਵਨਾ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ। ਆਮ ਤੌਰ ‘ਤੇ ਛਾਤੀ ਦਾ ਦੁੱਧ ਚੁੰਘਾਉਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਜੇਕਰ ਤੁਸੀਂ HIV ਦਾ ਵਧੀਆ ਇਲਾਜ ਕਰਵਾ ਰਹੇ ਹੋ, ਤਾਂ ਇਸਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਤੁਹਾਨੂੰ ਇਸ ਬਾਰੇ ਆਪਣੀ ਸਿਹਤ ਸੰਭਾਲ ਟੀਮ (ਹੈਲਥਕੇਅਰ ਟੀਮ) ਨਾਲ ਗੱਲ ਕਰਨੀ ਚਾਹੀਦੀ ਹੈ।
ਹੈਪੇਟਾਈਟਸ ਬੀ
ਜੇਕਰ ਤੁਸੀਂ ਹੈਪੇਟਾਈਟਸ ਬੀ ਤੋਂ ਪੀੜਤ ਹੋ, ਤਾਂ ਇਹ ਜ਼ਰੂਰੀ ਹੈ ਕਿ ਮਾਹਿਰਾਂ ਦੀਆਂ ਟੀਮਾਂ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਤੁਹਾਡੀ ਸਿਹਤ ਦੀ ਜਾਂਚ ਕਰਨ। ਤੁਹਾਡੇ ਸਾਥੀ (ਪਾਰਟਨਰ), ਕਿਸੇ ਹੋਰ ਬੱਚੇ ਅਤੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਵੀ ਟੈਸਟਿੰਗ ਅਤੇ ਟੀਕਾਕਰਨ (ਵੈਕਸੀਨੇਸ਼ਨ) ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਤੁਹਾਡਾ ਬੱਚਾ ਜਨਮ ਲੈਣ ‘ਤੇ ਤੁਹਾਡੇ ਖੂਨ ਦੇ ਸੰਪਰਕ ਵਿੱਚ ਆਵੇਗਾ। ਇਸ ਕਾਰਨ ਕਰਕੇ, ਵਾਇਰਸ ਉਨ੍ਹਾਂ ਤੱਕ ਪਹੁੰਚ ਸਕਦਾ ਹੈ।
ਇਹ ਬਹੁਤ ਮਹੱਤਵਪੂਰਨ ਹੈ ਕਿ ਬੱਚੇ ਦੀ ਸਿਹਤ ਦੇ ਬਚਾਅ ਲਈ, ਬੱਚੇ ਨੂੰ ਹੈਪੇਟਾਈਟਸ ਬੀ ਦੇ ਸਿਫਾਰਸ਼ ਕੀਤੇ ਗਏ ਸਾਰੇ 6 ਟੀਕੇ ਲਗਾਏ ਜਾਣ। ਇਸ ਨਾਲ ਤੁਹਾਡੇ ਬੱਚੇ ਨੂੰ ਪੁਰਾਣੀ (ਕ੍ਰੋਨਿਕ) ਹੈਪੇਟਾਈਟਸ ਬੀ ਹੋਣ ਦਾ ਖਤਰਾ 10 ਵਿੱਚੋਂ 9 (90%) ਦੀ ਸੰਭਾਵਨਾ ਤੋਂ ਘਟ ਕੇ 10 ਵਿੱਚੋਂ 1 (10%) ਦੀ ਸੰਭਾਵਨਾ ਰਹਿ ਜਾਵੇਗਾ। ਆਪਣੇ GP, ਪ੍ਰੈਕਟਿਸ ਨਰਸ ਜਾਂ ਹੈਲਥ ਵਿਜ਼ਿਟਰ ਨੂੰ ਪੁੱਛੋ ਜੇ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਵਾਪਰਦਾ। ਟੀਕੇ (ਵੈਕਸੀਨੇਸ਼ਨਾਂ) ਇਹਨਾਂ ਸਮਿਆਂ ‘ਤੇ ਲੱਗਣੇ ਚਾਹੀਦੇ ਹਨ:
-
ਜਨਮ ਦੇ 24 ਘੰਟੇ ਦੇ ਅੰਦਰ
-
4 ਹਫ਼ਤੇ ਦੀ ਉਮਰ ‘ਤੇ
-
8, 12, ਅਤੇ 16 ਹਫ਼ਤੇ ਦੀ ਉਮਰ ‘ਤੇ (ਨਿਯਮਿਤ ਬਚਪਨ ਦਾ ਟੀਕਾਕਰਣ ਪ੍ਰੋਗਰਾਮ)
-
18 ਮਹੀਨਿਆਂ ਦੀ ਉਮਰ ਵਿੱਚ
ਤੁਹਾਡੇ ਬੱਚੇ ਨੂੰ ਪਹਿਲੇ ਟੀਕੇ (ਵੈਕਸੀਨੇਸ਼ਨ) ਦੇ ਨਾਲ ਖੂਨ ਦੇ ਟੈਸਟ ਅਤੇ ਐਂਟੀਬਾਡੀਜ਼ (ਹੈਪੇਟਾਈਟਸ ਬੀ ਇਮਯੂਨੋਗਲੋਬਿਨ) ਦੇ ਟੀਕੇ ਦੀ ਵੀ ਲੋੜ ਪੈ ਸਕਦੀ ਹੈ।
ਤੁਹਾਡੇ ਬੱਚੇ ਦਾ ਆਖਰੀ ਟੀਕਾਕਰਨ (ਵੈਕਸੀਨੇਸ਼ਨ) ਵੇਲੇ ਖੂਨ ਦਾ ਟੈਸਟ ਵੀ ਹੋਵੇਗਾ। ਇਹ 12 ਤੋਂ 18 ਮਹੀਨਿਆਂ ਦੀ ਉਮਰ ਦੇ ਵਿਚਕਾਰ ਹੁੰਦਾ ਹੈ। ਇਹ ਜਾਂਚ ਕਰਨ ਲਈ ਹੈ ਕਿ ਕੀ ਲਾਗ (ਇਨਫੈਕਸ਼ਨ) ਤੋਂ ਬਚਾਅ ਹੋ ਗਿਆ ਸੀ।
ਸਿਫਿਲਿਸ
ਜੇਕਰ ਤੁਹਾਨੂੰ ਸਿਫਿਲਿਸ ਹੈ, ਤਾਂ ਇੱਕ ਮਾਹਿਰ ਜਿਨਸੀ ਸਿਹਤ ਟੀਮ (ਸਪੈਸ਼ਲਿਸਟ ਸੈਕਸ਼ੂਅਲ ਹੈਲਥ ਟੀਮ) ਨੂੰ ਰੈਫਰਲ ਦੀ ਲੋੜ ਹੁੰਦੀ ਹੈ। ਇਲਾਜ ਆਮ ਤੌਰ ‘ਤੇ ਐਂਟੀਬਾਇਓਟਿਕਸ ਦੇ ਇੱਕ ਕੋਰਸ ਨਾਲ ਹੁੰਦਾ ਹੈ। ਜੇਕਰ ਤੁਸੀਂ ਇਹ ਲੈਂਦੇ ਹੋ ਤਾਂ ਇਹ ਤੁਹਾਡੇ ਬੱਚੇ ਲਈ ਸੁਰੱਖਿਅਤ ਹਨ। ਟੀਮ ਤੁਹਾਡੇ ਸਾਥੀ (ਪਾਰਟਨਰ) ਦਾ ਇਹ ਦੇਖਣ ਲਈ ਟੈਸਟ ਕਰਨ ਦੀ ਪੇਸ਼ਕਸ਼ ਵੀ ਕਰੇਗੀ ਕਿ ਕੀ ਉਹਨਾਂ ਨੂੰ ਇਲਾਜ ਦੀ ਲੋੜ ਹੈ।
ਜੇਕਰ ਤੁਹਾਨੂੰ ਗਰਭ-ਅਵਸਥਾ ਦੌਰਾਨ ਸਿਫਿਲਿਸ ਦੇ ਇਲਾਜ ਦੀ ਲੋੜ ਹੈ, ਤਾਂ ਤੁਹਾਡੇ ਬੱਚੇ ਨੂੰ ਜਨਮ ਤੋਂ ਬਾਅਦ ਜਾਂਚ ਅਤੇ ਖੂਨ ਦੇ ਟੈਸਟਾਂ ਦੀ ਲੋੜ ਹੋਵੇਗੀ। ਉਹਨਾਂ ਨੂੰ ਐਂਟੀਬਾਇਓਟਿਕਸ ਦੀ ਵੀ ਲੋੜ ਪੈ ਸਕਦੀ ਹੈ। ਤੁਹਾਡੇ ਬੱਚੇ ਨੂੰ 3 ਮਹੀਨਿਆਂ ਦੀ ਉਮਰ ਵਿੱਚ ਇੱਕ ਫਾਲੋ-ਅੱਪ ਅਪਾਇਂਟਮੇਂਟ ਦੀ ਲੋੜ ਹੋਵੇਗੀ। ਇਹ ਯਕੀਨੀ ਬਣਾਉਣ ਲਈ ਹੈ ਕਿ ਉਹਨਾਂ ਵਿੱਚ ਲਾਗ (ਇਨਫੈਕਸ਼ਨ) ਦੇ ਕੋਈ ਲੱਛਣ ਨਹੀਂ ਹਨ।
ਮੇਰੇ ਨਤੀਜੇ ਪ੍ਰਾਪਤ ਕਰਨਾ
ਜੇ ਤੁਹਾਡਾ ਨਤੀਜਾ ਨਕਾਰਾਤਮਕ ਹੈ, ਤਾਂ ਤੁਹਾਡੀ ਦਾਈ ਤੁਹਾਡੇ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕਰੇਗੀ। ਇਹ ਲਗੱਭਗ 16 ਹਫਤਿਆਂ ਵਿੱਚ ਤੁਹਾਡੀ ਅਗਲੀ “ਜਨਮ-ਤੋਂ-ਪਹਿਲਾਂ” ਦੀ ਮੁਲਾਕਾਤ ‘ਤੇ ਜਾਂ ਇਸਤੋਂ ਪਹਿਲਾਂ ਹੋਵੇਗਾ। ਇਹ ਤੁਹਾਡੀਆਂ ਟਿੱਪਣੀਆਂ ਵਿੱਚ ਵੀ ਰਿਕਾਰਡ ਕੀਤਾ ਜਾਵੇਗਾ।
ਜੇਕਰ ਤੁਸੀਂ HIV, ਹੈਪੇਟਾਈਟਸ ਬੀ ਜਾਂ ਸਿਫਿਲਿਸ ਲਈ ਸਕ੍ਰੀਨ ਪਾਜ਼ੀਟਿਵ ਹੋ, ਤਾਂ ਇੱਕ ਮਾਹਿਰ ਦਾਈ (ਸਪੈਸ਼ਲਿਸਟ ਮਿਡਵਾਈਫ) ਤੁਹਾਡੇ ਨਾਲ ਸੰਪਰਕ ਕਰੇਗੀ। ਉਹ ਨਤੀਜਾ ਉਪਲਬਧ ਹੋਣ ਦੇ 5 ਦਿਨਾਂ ਦੇ ਅੰਦਰ ਇੱਕ ਅਪਾਇਂਟਮੇਂਟ ਦਾ ਪ੍ਰਬੰਧ ਕਰੇਗੀ। ਉਹ ਨਤੀਜੇ ‘ਤੇ ਚਰਚਾ ਕਰੇਗੀ, ਹੋਰ ਟੈਸਟ ਕਰੇਗੀ ਅਤੇ ਤੁਹਾਡੇ ਨਾਲ ਮਿਲ ਕੇ ਤੁਹਾਡੀ ਦੇਖਭਾਲ ਦੀ ਯੋਜਨਾ ਬਣਾਏਗੀ।
NHS.UK ’ਤੇ ਹੋਰ ਜਾਣਕਾਰੀ ਅਤੇ ਸਹਾਇਤਾ ਸਮੂਹਾਂ ਦੇ ਵੇਰਵੇ ਪ੍ਰਾਪਤ ਕਰੋ।