ਤੁਹਾਡੇ ਵੱਡੇ ਪੇਟ ਦੇ ਐਓਰਟਿਕ ਐਨਿਉਰਿਜ਼ਮ (AAA) ਦਾ ਪ੍ਰਬੰਧਨ (Punjabi)
ਅੱਪਡੇਟ ਕੀਤਾ 5 ਫ਼ਰਵਰੀ 2026
Applies to England
ਇਹ ਜਾਣਕਾਰੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਪੇਟ ਦੇ ਐਓਰਟਿਕ ਐਨਿਉਰਿਜ਼ਮ (AAA) ਸਕ੍ਰੀਨਿੰਗ ਦਾ ਨਤੀਜਾ ਵੱਡੇ AAA ਵਾਲਾ ਆਇਆ ਹੈ।
ਤੁਹਾਡੀ AAA ਸਕ੍ਰੀਨਿੰਗ ਦਾ ਨਤੀਜਾ
ਜਦੋਂ ਅਸੀਂ ਤੁਹਾਡੀ ਸਕ੍ਰੀਨਿੰਗ ਕੀਤੀ, ਤਾਂ ਸਾਨੂੰ ਪਤਾ ਲੱਗਿਆ ਕਿ ਤੁਹਾਡੀ ਐਓਰਟਾ 5.5cm ਜਾਂ ਇਸ ਤੋਂ ਵੱਧ ਚੌੜੀ ਹੈ। ਇਹ ਆਮ ਨਾਲੋਂ ਜ਼ਿਆਦਾ ਚੌੜੀ ਹੈ, ਅਤੇ ਇਸਦਾ ਮਤਲਬ ਹੈ ਕਿ ਤੁਹਾਨੂੰ ਵੱਡਾ AAA ਹੈ।
ਸਾਡੇ ਦੁਆਰਾ ਸਕ੍ਰੀਨ ਕੀਤੇ ਗਏ ਹਰ 2,500 ਮਰਦਾਂ ਵਿੱਚੋਂ ਲਗਭਗ 1 ਨੂੰ ਵੱਡਾ AAA ਹੁੰਦਾ ਹੈ।
ਅਸੀਂ ਤੁਹਾਨੂੰ ਕਿਸੇ ਮਾਹਰ ਨੂੰ ਦਿਖਾਉਣ ਲਈ ਇੱਕ ਅਪਾਇੰਟਮੈਂਟ ਦਾ ਪ੍ਰਬੰਧ ਕਰਾਂਗੇ, ਜੋ ਕਿ ਆਮ ਤੌਰ ‘ਤੇ 2 ਹਫ਼ਤਿਆਂ ਦੇ ਅੰਦਰ ਹੋਵੇਗੀ। ਮਾਹਰ ਹੋਰ ਟੈਸਟਾਂ ਦਾ ਪ੍ਰਬੰਧ ਕਰੇਗਾ ਅਤੇ ਤੁਹਾਡੇ ਨਾਲ ਇਲਾਜ ਦੇ ਸੰਭਾਵੀ ਵਿਕਲਪਾਂ ਬਾਰੇ ਗੱਲ ਕਰੇਗਾ। ਵੱਡੇ AAA ਲਈ ਆਮ ਇਲਾਜ ਸਰਜਰੀ ਹੈ।
ਐਬਡੋਮਿਨਲ ਐਓਰਟਿਕ ਐਨਿਉਰਿਜ਼ਮ (AAA)
AAA ਐਓਰਟਾ (ਮਹਾਂਧਮਨੀ) ਵਿੱਚ ਇੱਕ ਸੋਜ ਹੁੰਦੀ ਹੈ। ਐਓਰਟਾ ਉਹ ਧਮਨੀ ਹੈ ਜੋ ਦਿਲ ਤੋਂ ਪੇਟ (ਟਮੀ) ਤੱਕ ਖੂਨ ਲੈ ਕੇ ਜਾਂਦੀ ਹੈ।
ਕੁਝ ਲੋਕਾਂ ਵਿੱਚ, ਜਿਵੇਂ-ਜਿਵੇਂ ਉਹ ਬੁੱਢੇ ਹੁੰਦੇ ਹਨ, ਪੇਟ ਵਿੱਚ ਐਓਰਟਾ ਦੀ ਕੰਧ ਕਮਜ਼ੋਰ ਹੋ ਸਕਦੀ ਹੈ। ਇਹ ਫਿਰ (ਗੁਬਾਰੇ ਵਾਂਗ) ਫੁੱਲਣਾ ਸ਼ੁਰੂ ਕਰ ਸਕਦੀ ਹੈ, ਅਤੇ ਇੱਕ ਐਨਿਉਰਿਜ਼ਮ ਬਣਾ ਸਕਦੀ ਹੈ।
ਇਹ ਸਿਹਤ ਸੰਬੰਧੀ ਸਮੱਸਿਆ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਸਭ ਤੋਂ ਆਮ ਹੈ।

ਆਪਣੇ ਨਤੀਜੇ ਨੂੰ ਸਮਝਣਾ
ਇੱਕ ਵੱਡਾ AAA ਗੰਭੀਰ ਹੋ ਸਕਦਾ ਹੈ। ਜਿਵੇਂ-ਜਿਵੇਂ ਐਓਰਟਾ ਦੀ ਕੰਧ ਫੈਲਦੀ ਹੈ, ਇਹ ਕਮਜ਼ੋਰ ਹੋ ਜਾਂਦੀ ਹੈ ਅਤੇ ਫਟ ਸਕਦੀ ਹੈ, ਜਿਸ ਨਾਲ ਅੰਦਰੂਨੀ ਖੂਨ ਵਹਿ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਇੱਕ ਮੈਡੀਕਲ ਐਮਰਜੈਂਸੀ ਹੈ।
ਫਟੇ ਹੋਏ AAA ਵਾਲੇ ਹਰ 100 ਵਿੱਚੋਂ ਲਗਭਗ 85 ਲੋਕਾਂ ਦੀ ਇਸਦੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ। ਇੱਕ ਵੱਡੇ AAA ਦੇ ਫਟਣ ਦਾ ਜੋਖਮ ਆਮ ਤੌਰ ‘ਤੇ ਇਸਦੀ ਮੁਰੰਮਤ ਕਰਨ ਲਈ ਕੀਤੇ ਜਾਣ ਵਾਲੇ ਓਪਰੇਸ਼ਨ ਦੇ ਜੋਖਮ ਨਾਲੋਂ ਵੱਧ ਹੁੰਦਾ ਹੈ।
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਜ਼ਿਆਦਾਤਰ ਲੋਕਾਂ ਵਿੱਚ AAA ਨਹੀਂ ਫਟਦੇ। ਜੇਕਰ ਤੁਹਾਡੇ ਸਕ੍ਰੀਨਿੰਗ ਨਤੀਜੇ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਆਪਣੀ ਸਥਾਨਕ AAA ਸਕ੍ਰੀਨਿੰਗ ਸੇਵਾ ਨਾਲ ਸੰਪਰਕ ਕਰੋ।
ਇਸ ਤੋਂ ਬਾਅਦ ਕੀ ਹੋਵੇਗਾ
ਅਸੀਂ ਤੁਹਾਡੇ ਵੇਰਵੇ ਇੱਕ ਮਾਹਰ ਵੈਸਕੁਲਰ ਟੀਮ ਨੂੰ ਭੇਜਾਂਗੇ। ਉਹ ਤੁਹਾਨੂੰ ਆਮ ਤੌਰ ‘ਤੇ ਅਗਲੇ 2 ਹਫ਼ਤਿਆਂ ਦੇ ਅੰਦਰ ਇੱਕ ਅਪਾਇੰਟਮੈਂਟ ਦੇਣਗੇ । ਮਾਹਰ ਇਹ ਕਰਨਗੇ:
- ਤੁਹਾਡੇ ਮੈਡੀਕਲ ਇਤਿਹਾਸ ਬਾਰੇ ਪੁੱਛਣਗੇ
- ਪੂਰੀ ਜਾਂਚ ਕਰਨਗੇ
- ਤੁਹਾਡੀ ਐਓਰਟਾ ਦਾ ਵਧੇਰੇ ਵਿਸਤ੍ਰਿਤ ਦ੍ਰਿਸ਼ ਪ੍ਰਾਪਤ ਕਰਨ ਲਈ ਇੱਕ CT ਸਕੈਨ ਦਾ ਪ੍ਰਬੰਧ ਕਰਨਗੇ
- ਜੇ ਲੋੜ ਹੋਵੇ, ਤਾਂ ਇਹ ਜਾਂਚ ਕਰਨ ਲਈ ਕਿ ਤੁਸੀਂ ਸਰਜਰੀ ਲਈ ਫਿੱਟ ਹੋ, ਤੁਹਾਡੇ ਦਿਲ, ਫੇਫੜਿਆਂ ਅਤੇ ਗੁਰਦਿਆਂ ਦੇ ਹੋਰ ਟੈਸਟਾਂ ਦਾ ਪ੍ਰਬੰਧ ਕਰਨਗੇ
- ਤੁਹਾਡੇ ਨਾਲ ਇਲਾਜ ਦੇ ਫਾਇਦਿਆਂ ਅਤੇ ਜੋਖਮਾਂ ਬਾਰੇ ਗੱਲ ਕਰਨਗੇ
- ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣਗੇ।
ਵੱਡੇ AAA ਲਈ ਸਰਜਰੀ
ਮਾਹਰ ਵੈਸਕੁਲਰ ਟੀਮ ਤੁਹਾਡੇ ਨਾਲ ਇਲਾਜ ਦੇ ਵਿਕਲਪਾਂ ਅਤੇ ਸੰਭਾਵੀ ਜੋਖਮਾਂ ਬਾਰੇ ਗੱਲ ਕਰੇਗੀ।
ਸਕ੍ਰੀਨਿੰਗ ਰਾਹੀਂ ਲੱਭੇ ਗਏ AAA ਲਈ ਇਲਾਜ ਆਮ ਤੌਰ ‘ਤੇ ਪ੍ਰਭਾਵਸ਼ਾਲੀ ਹੁੰਦਾ ਹੈ। ਹਾਲਾਂਕਿ, ਸਾਰੇ ਓਪਰੇਸ਼ਨਾਂ ਵਿੱਚ ਜੋਖਮ ਹੁੰਦੇ ਹਨ। AAA ਦੀ ਮੁਰੰਮਤ ਕਰਨ ਲਈ ਸਰਜਰੀ ਤੋਂ ਬਾਅਦ ਹਰ 67 ਵਿੱਚੋਂ ਲਗਭਗ 1 ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਜੇਕਰ ਤੁਹਾਨੂੰ ਹੋਰ ਗੰਭੀਰ ਸਿਹਤ ਸੰਬੰਧੀ ਸਮੱਸਿਆਵਾਂ ਹਨ, ਤਾਂ ਸਰਜਰੀ ਵਿੱਚ ਵਧੇਰੇ ਜੋਖਮ ਹੋ ਸਕਦਾ ਹੈ। ਥੋੜ੍ਹੇ ਜਿਹੇ ਮਰਦਾਂ ਲਈ, ਸਰਜਰੀ ਸੰਭਵ ਨਹੀਂ ਹੋ ਸਕਦੀ।
ਜੇਕਰ ਤੁਹਾਨੂੰ ਆਪਣੇ AAA ਲਈ ਸਰਜਰੀ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਪੇਚੀਦਗੀਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹੋ:
- ਸਿਗਰਟਨੋਸ਼ੀ ਛੱਡਣਾ, ਜੇਕਰ ਤੁਸੀਂ ਸਿਗਰਟ ਪੀਂਦੇ ਹੋ – ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰੋ www.nhs.uk/better-health/quit-smoking
- ਇਹ ਯਕੀਨੀ ਬਣਾਉਣਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਹੈ
- ਸਿਹਤਮੰਦ ਖਾਣਾ
- ਭਾਰ ਘਟਾਉਣਾ, ਜੇਕਰ ਤੁਹਾਡਾ ਭਾਰ ਜ਼ਿਆਦਾ ਹੈ
- ਆਮ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਹਰ ਰੋਜ਼ ਕਿਰਿਆਸ਼ੀਲ ਰਹਿਣਾ
- ਸ਼ਰਾਬ ਪੀਣ ਵਿੱਚ ਕਟੌਤੀ ਕਰਨਾ।
ਓਪਰੇਸ਼ਨ ਕਰਵਾਉਣਾ ਤੁਹਾਡੀ ਚੋਣ ਹੈ। ਜੇਕਰ ਤੁਸੀਂ ਓਪਰੇਸ਼ਨ ਨਹੀਂ ਕਰਵਾਉਂਦੇ, ਤਾਂ ਮਾਹਰ ਟੀਮ ਤੁਹਾਡੇ ਨਾਲ ਹੋਰ ਵਿਕਲਪਾਂ ਬਾਰੇ ਗੱਲ ਕਰੇਗੀ।
ਆਪਣੀ ਸਿਹਤ ਦੀ ਦੇਖਭਾਲ ਕਰਨਾ
ਤੁਹਾਡੇ ਜੀ.ਪੀ. ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਕਰਨ ਬਾਰੇ ਸਲਾਹ ਦੇ ਸਕਦੇ ਹਨ। ਉਹ ਤੁਹਾਨੂੰ ਦਵਾਈ ਵੀ ਦੇਣਾ ਚਾਹ ਸਕਦੇ ਹਨ ਜਾਂ ਤੁਹਾਡੇ ਦੁਆਰਾ ਪਹਿਲਾਂ ਤੋਂ ਲਈਆਂ ਜਾ ਰਹੀਆਂ ਕਿਸੇ ਵੀ ਤਜਵੀਜ਼ ਕੀਤੀਆਂ ਦਵਾਈਆਂ ਦੀ ਸਮੀਖਿਆ ਕਰ ਸਕਦੇ ਹਨ।
ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਹਸਪਤਾਲ ਜਾਂਦੇ ਹੋ, ਤਾਂ ਤੁਹਾਨੂੰ ਸਟਾਫ ਨੂੰ ਦੱਸਣਾ ਚਾਹੀਦਾ ਹੈ ਕਿ ਸਕ੍ਰੀਨਿੰਗ ਰਾਹੀਂ ਤੁਹਾਡੇ ਅੰਦਰ ਵੱਡੇ AAA ਦਾ ਪਤਾ ਲੱਗਿਆ ਹੈ।
ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਕੋਈ ਹੋਰ ਬਦਲਾਅ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕਿਸੇ ਵੀ ਖੇਡਾਂ ਜਾਂ ਸ਼ੌਕ ਨੂੰ ਜਾਰੀ ਰੱਖ ਸਕਦੇ ਹੋ।
ਧਿਆਨ ਵਿੱਚ ਰੱਖਣ ਵਾਲੇ ਲੱਛਣ
AAA ਦੇ ਆਮ ਤੌਰ ‘ਤੇ ਕੋਈ ਲੱਛਣ ਨਹੀਂ ਹੁੰਦੇ ਹਨ, ਅਤੇ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਤੁਸੀਂ ਕੋਈ ਦਰਦ ਜਾਂ ਬੇਅਰਾਮੀ ਮਹਿਸੂਸ ਕਰੋਗੇ। ਹਾਲਾਂਕਿ, ਫਟੇ ਹੋਏ AAA ਦੇ ਕਿਸੇ ਵੀ ਲੱਛਣ ਬਾਰੇ ਜਾਣੂ ਹੋਣਾ ਮਹੱਤਵਪੂਰਨ ਹੈ।
ਜੇਕਰ ਤੁਹਾਨੂੰ ਆਪਣੀ ਪਿੱਠ ਦੇ ਹੇਠਲੇ ਹਿੱਸੇ ਜਾਂ ਪੇਟ ਵਿੱਚ ਗੰਭੀਰ, ਲਗਾਤਾਰ ਦਰਦ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ। ਐਂਬੂਲੈਂਸ ਨੂੰ ਕਾਲ ਕਰੋ ਜਾਂ ਸਿੱਧੇ A&E (ਦੁਰਘਟਨਾ ਅਤੇ ਐਮਰਜੈਂਸੀ ਵਿਭਾਗ) ਜਾਓ ਅਤੇ ਉਹਨਾਂ ਨੂੰ ਦੱਸੋ ਕਿ ਤੁਹਾਨੂੰ ਵੱਡਾ AAA ਹੈ।
ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦੱਸਣਾ
ਜੇ ਤੁਹਾਡੇ ਜੈਵਿਕ ਭਰਾ, ਭੈਣ ਜਾਂ ਮਾਤਾ-ਪਿਤਾ ਨੂੰ ਇਹ ਹੋਇਆ ਹੈ ਤਾਂ AAA ਹੋਣ ਦਾ ਜੋਖਮ ਵਧ ਜਾਂਦਾ ਹੈ।
ਇਸਦਾ ਮਤਲਬ ਹੈ ਕਿ ਤੁਹਾਡੇ ਕਿਸੇ ਵੀ ਭਰਾ, ਭੈਣ ਜਾਂ ਬੱਚਿਆਂ ਨੂੰ ਵੀ ਖਤਰਾ ਹੋ ਸਕਦਾ ਹੈ। ਉਹ ਆਪਣੇ ਜੀ.ਪੀ. ਨੂੰ ਉਸ ਉਮਰ ਤੋਂ 5 ਸਾਲ ਪਹਿਲਾਂ ਸਕੈਨ ਕਰਵਾਉਣ ਦੀ ਸੰਭਾਵਨਾ ਬਾਰੇ ਪੁੱਛ ਸਕਦੇ ਹਨ ਜਿਸ ਉਮਰ ਵਿੱਚ ਤੁਹਾਡੇ AAA ਦਾ ਪਤਾ ਲੱਗਿਆ ਸੀ।
ਡਰਾਈਵਿੰਗ
ਕਾਰ ਡਰਾਈਵਰ ਅਤੇ ਮੋਟਰਸਾਈਕਲ ਸਵਾਰ:
- ਜੇਕਰ ਤੁਹਾਡਾ AAA 6cm ਜਾਂ ਇਸ ਤੋਂ ਵੱਧ ਹੈ ਤਾਂ DVLA ਨੂੰ ਦੱਸਣਾ ਲਾਜ਼ਮੀ ਹੈ
- ਜੇਕਰ ਤੁਹਾਡਾ AAA 6.5cm ਜਾਂ ਇਸ ਤੋਂ ਵੱਧ ਹੈ ਤਾਂ ਡਰਾਈਵ ਨਹੀਂ ਕਰਨੀ ਚਾਹੀਦੀ ਪਰ ਸਫਲਤਾਪੂਰਵਕ ਇਲਾਜ ਹੋਣ ਤੋਂ ਬਾਅਦ ਦੁਬਾਰਾ ਡਰਾਈਵ ਕਰ ਸਕਦੇ ਹੋ।
ਬੱਸ, ਕੋਚ ਅਤੇ ਲਾਰੀ ਡਰਾਈਵਰ:
- DVLA ਨੂੰ ਦੱਸਣਾ ਲਾਜ਼ਮੀ ਹੈ ਕਿ ਤੁਹਾਨੂੰ AAA ਹੈ, ਭਾਵੇਂ ਇਸਦਾ ਆਕਾਰ ਕੁਝ ਵੀ ਹੋਵੇ
- ਡਰਾਈਵ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਹਾਡਾ AAA 5.5cm ਚੌੜਾ ਜਾਂ ਵੱਡਾ ਹੈ, ਪਰ ਸਫਲਤਾਪੂਰਵਕ ਇਲਾਜ ਹੋਣ ਤੋਂ ਬਾਅਦ ਦੁਬਾਰਾ ਡਰਾਈਵ ਕਰ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਇੱਥੇ ਵਿਜ਼ਿਟ ਕਰੋ www.gov.uk/aneurysm-and-driving
ਹੋਰ ਜਾਣਕਾਰੀ ਅਤੇ ਸਹਾਇਤਾ
ਤੁਸੀਂ ਇੱਥੋਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
- ਤੁਹਾਡੀ ਜੀ.ਪੀ. ਸਰਜਰੀ
- ਤੁਹਾਡੀ ਸਥਾਨਕ AAA ਸਕ੍ਰੀਨਿੰਗ ਸੇਵਾ
- NHS.UK
- Circulation Foundation
- British Heart Foundation
ਅਸੀਂ ਸਹੀ ਸਮੇਂ ‘ਤੇ ਤੁਹਾਨੂੰ ਸਕ੍ਰੀਨਿੰਗ ਲਈ ਸੱਦਾ ਦੇਣ ਵਾਸਤੇ ਤੁਹਾਡੇ NHS ਰਿਕਾਰਡਾਂ ਤੋਂ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਇਹ ਜਾਣਕਾਰੀ ਸਕ੍ਰੀਨਿੰਗ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਅਤੇ ਮਿਆਰੀ ਦੇਖਭਾਲ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਇਸ ਬਾਰੇ ਹੋਰ ਪੜ੍ਹੋ ਕਿ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦੇ ਹਾਂ।
ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਕਿਵੇਂ ਨਿਕਲਣਾ ਹੈ।