ਤੁਹਾਡੇ ਦਰਮਿਆਨੇ ਪੇਟ ਦੇ ਐਓਰਟਿਕ ਐਨਿਉਰਿਜ਼ਮ (AAA) ਦੀ ਨਿਗਰਾਨੀ (Punjabi)
ਅੱਪਡੇਟ ਕੀਤਾ 5 ਫ਼ਰਵਰੀ 2026
Applies to England
ਇਹ ਜਾਣਕਾਰੀ ਕਿਸੇ ਵੀ ਅਜਿਹੇ ਵਿਅਕਤੀ ਲਈ ਹੈ ਜਿਸਦਾ ਐਬਡੋਮਿਨਲ ਐਓਰਟਿਕ ਐਨਿਉਰਿਜ਼ਮ (AAA) ਸਕ੍ਰੀਨਿੰਗ ਦਾ ਨਤੀਜਾ ਦਰਮਿਆਨੇ AAA ਵਾਲਾ ਆਇਆ ਹੈ।
ਤੁਹਾਡੀ AAA ਸਕ੍ਰੀਨਿੰਗ ਦਾ ਨਤੀਜਾ
ਜਦੋਂ ਅਸੀਂ ਤੁਹਾਡੀ ਸਕ੍ਰੀਨਿੰਗ ਕੀਤੀ, ਤਾਂ ਸਾਨੂੰ ਪਤਾ ਲੱਗਿਆ ਕਿ ਤੁਹਾਡੀ ਐਓਰਟਾ (ਮਹਾਂਧਮਨੀ) 4.5cm ਅਤੇ 5.4cm ਦੇ ਵਿਚਕਾਰ ਹੈ। ਇਹ ਆਮ ਨਾਲੋਂ ਜ਼ਿਆਦਾ ਚੌੜੀ ਹੈ ਅਤੇ ਇਸਦਾ ਮਤਲਬ ਹੈ ਕਿ ਤੁਹਾਨੂੰ ਦਰਮਿਆਨਾ AAA ਹੈ। AAA ਵੱਖ-ਵੱਖ ਆਕਾਰਾਂ ਦੇ ਹੋ ਸਕਦੇ ਹਨ:
- ਛੋਟੇ AAA 3.0cm ਤੋਂ 4.4cm ਹੁੰਦੇ ਹਨ
- ਦਰਮਿਆਨੇ AAA 4.5cm ਤੋਂ 5.4cm ਹੁੰਦੇ ਹਨ
- ਵੱਡੇ AAA 5.5cm ਜਾਂ ਇਸ ਤੋਂ ਵੱਡੇ ਹੁੰਦੇ ਹਨ।
ਸਾਡੇ ਦੁਆਰਾ ਸਕ੍ਰੀਨ ਕੀਤੇ ਗਏ ਹਰ 500 ਮਰਦਾਂ ਵਿੱਚੋਂ ਲਗਭਗ 1 ਨੂੰ ਦਰਮਿਆਨਾ AAA ਹੁੰਦਾ ਹੈ। ਅਸੀਂ ਤੁਹਾਨੂੰ ਹਰ 3 ਮਹੀਨਿਆਂ ਬਾਅਦ ਅਲਟਰਾਸਾਊਂਡ ਸਕੈਨ ਲਈ ਵਾਪਸ ਸੱਦਾ ਦੇਵਾਂਗੇ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਇਹ ਵੱਡਾ ਹੋ ਰਿਹਾ ਹੈ।
ਐਬਡੋਮਿਨਲ ਐਓਰਟਿਕ ਐਨਿਉਰਿਜ਼ਮ (AAA)
ਐਨਿਉਰਿਜ਼ਮ ਐਓਰਟਾ (ਮਹਾਂਧਮਨੀ) ਵਿੱਚ ਇੱਕ ਸੋਜ ਹੁੰਦੀ ਹੈ। ਐਓਰਟਾ ਉਹ ਧਮਨੀ ਹੈ ਜੋ ਦਿਲ ਤੋਂ ਪੇਟ (ਟਮੀ) ਤੱਕ ਖੂਨ ਲੈ ਕੇ ਜਾਂਦੀ ਹੈ।
ਕੁਝ ਲੋਕਾਂ ਵਿੱਚ, ਜਿਵੇਂ-ਜਿਵੇਂ ਉਹ ਬੁੱਢੇ ਹੁੰਦੇ ਹਨ, ਪੇਟ ਵਿੱਚ ਐਓਰਟਾ ਦੀ ਕੰਧ ਕਮਜ਼ੋਰ ਹੋ ਸਕਦੀ ਹੈ। ਇਹ ਫਿਰ (ਗੁਬਾਰੇ ਵਾਂਗ) ਫੁੱਲਣਾ ਸ਼ੁਰੂ ਕਰ ਸਕਦੀ ਹੈ, ਅਤੇ ਇੱਕ ਐਨਿਉਰਿਜ਼ਮ ਬਣਾ ਸਕਦੀ ਹੈ।
ਇਹ ਸਿਹਤ ਸੰਬੰਧੀ ਸਮੱਸਿਆ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਸਭ ਤੋਂ ਆਮ ਹੈ।

ਆਪਣੇ ਨਤੀਜੇ ਨੂੰ ਸਮਝਣਾ
ਇੱਕ ਦਰਮਿਆਨੇ AAA ਦੇ ਫਟਣ ਦਾ ਜੋਖਮ ਘੱਟ ਹੁੰਦਾ ਹੈ। ਇੱਕ ਦਰਮਿਆਨਾ AAA ਸਮੇਂ ਦੇ ਨਾਲ ਵੱਡਾ ਹੋ ਸਕਦਾ ਹੈ ਅਤੇ ਗੰਭੀਰ ਬਣ ਸਕਦਾ ਹੈ, ਇਸ ਲਈ ਇਸਦੇ ਆਕਾਰ ਦੀ ਨਿਗਰਾਨੀ ਕਰਨਾ ਮਹੱਤਵਪੂਰਨ ਹੈ।
ਜੇਕਰ ਇਹ ਵਧ ਕੇ 5.5cm ਹੋ ਜਾਂਦਾ ਹੈ, ਤਾਂ ਇਸਨੂੰ ਵੱਡਾ AAA ਮੰਨਿਆ ਜਾਂਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਕਿਸੇ ਮਾਹਰ ਨੂੰ ਮਿਲਣ ਦੀ ਲੋੜ ਪਵੇਗੀ। ਉਹ ਹੋਰ ਟੈਸਟਾਂ ਅਤੇ ਸੰਭਾਵੀ ਇਲਾਜ ਦੇ ਵਿਕਲਪਾਂ ਬਾਰੇ ਤੁਹਾਡੇ ਨਾਲ ਗੱਲ ਕਰਨਗੇ, ਜਿਸ ਵਿੱਚ ਆਮ ਤੌਰ ‘ਤੇ ਸਰਜਰੀ ਸ਼ਾਮਲ ਹੁੰਦੀ ਹੈ।
ਵੱਡੇ AAA ਬਹੁਤ ਘੱਟ ਹੁੰਦੇ ਹਨ ਪਰ ਗੰਭੀਰ ਹੋ ਸਕਦੇ ਹਨ। ਜਿਵੇਂ-ਜਿਵੇਂ ਐਓਰਟਾ ਦੀ ਕੰਧ ਫੈਲਦੀ ਹੈ, ਇਹ ਕਮਜ਼ੋਰ ਹੋ ਜਾਂਦੀ ਹੈ ਅਤੇ ਫਟ ਸਕਦੀ ਹੈ, ਜਿਸ ਨਾਲ ਅੰਦਰੂਨੀ ਖੂਨ ਵਹਿ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਇੱਕ ਮੈਡੀਕਲ ਐਮਰਜੈਂਸੀ ਹੈ। ਫਟੇ ਹੋਏ AAA ਵਾਲੇ ਹਰ 100 ਵਿੱਚੋਂ ਲਗਭਗ 85 ਲੋਕਾਂ ਦੀ ਇਸਦੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ।
ਜ਼ਿਆਦਾਤਰ ਐਨਿਉਰਿਜ਼ਮ ਹੌਲੀ-ਹੌਲੀ ਵਧਦੇ ਹਨ, ਇਸਲਈ ਹੋ ਸਕਦਾ ਹੈ ਕਿ ਤੁਹਾਨੂੰ ਕਦੇ ਵੀ ਅਜਿਹਾ ਵੱਡਾ AAA ਨਾ ਹੋਵੇ ਜਿਸ ਲਈ ਇਲਾਜ ਦੀ ਲੋੜ ਹੋਵੇ।
ਜੇ ਤੁਹਾਡੇ ਸਕ੍ਰੀਨਿੰਗ ਨਤੀਜੇ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਆਪਣੀ ਸਥਾਨਕ ਸਕ੍ਰੀਨਿੰਗ ਸੇਵਾ ਨਾਲ ਸੰਪਰਕ ਕਰੋ।
ਇਸ ਤੋਂ ਬਾਅਦ ਕੀ ਹੋਵੇਗਾ
ਅਸੀਂ ਤੁਹਾਨੂੰ ਇੱਕ ਮਾਹਰ ਨਰਸ ਨਾਲ ਅਪਾਇੰਟਮੈਂਟ ਦੀ ਪੇਸ਼ਕਸ਼ ਕਰਾਂਗੇ। ਉਹ ਤੁਹਾਡੇ AAA ਬਾਰੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਅਤੇ ਤੁਹਾਨੂੰ ਜਾਣਕਾਰੀ ਅਤੇ ਸਲਾਹ ਦੇਣ ਵਿੱਚ ਮਦਦ ਕਰ ਸਕਦੇ ਹਨ। ਇਸ ਵਿੱਚ ਆਮ ਸਿਹਤ ਸਲਾਹ ਸ਼ਾਮਲ ਹੋਵੇਗੀ, ਜੋ ਤੁਹਾਡੇ AAA ਦੇ ਵਧਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਉਹ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਨ ਲਈ ਕਹਿ ਸਕਦੇ ਹਨ। ਅਸੀਂ ਤੁਹਾਨੂੰ 3 ਮਹੀਨਿਆਂ ਵਿੱਚ ਇੱਕ ਹੋਰ ਸਕੈਨ ਲਈ ਵਾਪਸ ਸੱਦਾ ਦੇਵਾਂਗੇ।
ਤੁਹਾਡੇ ਫਾਲੋ-ਅੱਪ ਸਕੈਨ
ਅਸੀਂ ਤੁਹਾਨੂੰ ਹਰ 3 ਮਹੀਨਿਆਂ ਬਾਅਦ ਸਕੈਨ ਲਈ ਸੱਦਾ ਦੇਵਾਂਗੇ ਜਦੋਂ ਤੱਕ ਤੁਹਾਡਾ AAA ਵਧ ਕੇ 5.5cm ਜਾਂ ਇਸ ਤੋਂ ਚੌੜਾ ਨਹੀਂ ਹੋ ਜਾਂਦਾ।
ਤੁਹਾਨੂੰ ਹੁਣੇ ਓਪਰੇਸ਼ਨ ਦੀ ਲੋੜ ਕਿਉਂ ਨਹੀਂ ਹੈ
ਸਾਰੇ ਓਪਰੇਸ਼ਨਾਂ ਵਿੱਚ ਜੋਖਮ ਹੁੰਦੇ ਹਨ। AAA ਲਈ ਓਪਰੇਸ਼ਨ ਵੱਖਰਾ ਨਹੀਂ ਹੈ।
ਖੋਜ ਦਰਸਾਉਂਦੀ ਹੈ ਕਿ ਇੱਕ ਦਰਮਿਆਨੇ AAA ਦੀ ਨਿਗਰਾਨੀ ਕਰਨ ਦੀ ਤੁਲਨਾ ਵਿੱਚ ਇਸਦੀ ਸਰਜਰੀ ਕਰਨ ਵਿੱਚ ਵਧੇਰੇ ਜੋਖਮ ਹੁੰਦਾ ਹੈ। NHS ਸਿਰਫ਼ ਉਦੋਂ ਹੀ ਸਰਜਰੀ ਦੀ ਪੇਸ਼ਕਸ਼ ਕਰਦਾ ਹੈ ਜਦੋਂ ਤੁਹਾਡੇ ਐਨਿਉਰਿਜ਼ਮ ਤੋਂ ਤੁਹਾਡੀ ਜਾਨ ਨੂੰ ਖਤਰਾ ਸਰਜਰੀ ਦੇ ਖਤਰੇ ਨਾਲੋਂ ਵੱਧ ਹੁੰਦਾ ਹੈ।
ਜੇਕਰ ਤੁਹਾਡਾ AAA ਵਧਦਾ ਹੈ, ਤਾਂ ਤੁਹਾਨੂੰ ਭਵਿੱਖ ਵਿੱਚ ਸਰਜਰੀ ਦੀ ਲੋੜ ਪੈ ਸਕਦੀ ਹੈ। ਜੇਕਰ ਤੁਹਾਨੂੰ ਕਦੇ ਸਰਜਰੀ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਪੇਚੀਦਗੀਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹੋ:
- ਸਿਗਰਟਨੋਸ਼ੀ ਛੱਡਣਾ, ਜੇਕਰ ਤੁਸੀਂ ਸਿਗਰਟ ਪੀਂਦੇ ਹੋ – ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰੋ www.nhs.uk/better-health/quit-smoking
- ਇਹ ਯਕੀਨੀ ਬਣਾਉਣਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਹੈ
- ਸਿਹਤਮੰਦ ਖਾਣਾ
- ਭਾਰ ਘਟਾਉਣਾ, ਜੇਕਰ ਤੁਹਾਡਾ ਭਾਰ ਜ਼ਿਆਦਾ ਹੈ
- ਆਮ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਹਰ ਰੋਜ਼ ਕਿਰਿਆਸ਼ੀਲ ਰਹਿਣਾ
- ਸ਼ਰਾਬ ਪੀਣ ਵਿੱਚ ਕਟੌਤੀ ਕਰਨਾ।
ਧਿਆਨ ਵਿੱਚ ਰੱਖਣ ਵਾਲੇ ਲੱਛਣ
AAA ਦੇ ਆਮ ਤੌਰ ‘ਤੇ ਕੋਈ ਲੱਛਣ ਨਹੀਂ ਹੁੰਦੇ ਹਨ। ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਤੁਸੀਂ ਦਰਮਿਆਨੇ AAA ਤੋਂ ਕੋਈ ਦਰਦ ਜਾਂ ਬੇਅਰਾਮੀ ਮਹਿਸੂਸ ਕਰੋਗੇ।
ਇੱਕ ਦਰਮਿਆਨੇ AAA ਦੇ ਫਟਣ ਦਾ ਜੋਖਮ ਬਹੁਤ ਘੱਟ ਹੁੰਦਾ ਹੈ। ਹਾਲਾਂਕਿ, ਫਟੇ ਹੋਏ AAA ਦੇ ਲੱਛਣਾਂ ਬਾਰੇ ਜਾਣੂ ਹੋਣਾ ਮਹੱਤਵਪੂਰਨ ਹੈ।
ਜੇਕਰ ਤੁਹਾਨੂੰ ਆਪਣੀ ਪਿੱਠ ਦੇ ਹੇਠਲੇ ਹਿੱਸੇ ਜਾਂ ਪੇਟ ਵਿੱਚ ਗੰਭੀਰ, ਲਗਾਤਾਰ ਦਰਦ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਮੈਡੀਕਲ ਮਦਦ ਲੈਣੀ ਚਾਹੀਦੀ ਹੈ। ਐਂਬੂਲੈਂਸ ਨੂੰ ਕਾਲ ਕਰੋ ਜਾਂ ਸਿੱਧੇ A&E (ਦੁਰਘਟਨਾ ਅਤੇ ਐਮਰਜੈਂਸੀ ਵਿਭਾਗ) ਜਾਓ ਅਤੇ ਉਹਨਾਂ ਨੂੰ ਦੱਸੋ ਕਿ ਤੁਹਾਨੂੰ ਦਰਮਿਆਨਾ AAA ਹੈ।
ਆਪਣੀ ਸਿਹਤ ਦੀ ਦੇਖਭਾਲ ਕਰਨਾ
ਤੁਹਾਡੇ ਜੀ.ਪੀ. ਤੁਹਾਨੂੰ ਆਪਣੀ ਸਿਹਤ ਦੀ ਦੇਖਭਾਲ ਕਰਨ ਬਾਰੇ ਸਲਾਹ ਦੇ ਸਕਦੇ ਹਨ। ਉਹ ਤੁਹਾਨੂੰ ਦਵਾਈ ਵੀ ਦੇਣਾ ਚਾਹ ਸਕਦੇ ਹਨ ਜਾਂ ਤੁਹਾਡੇ ਦੁਆਰਾ ਪਹਿਲਾਂ ਤੋਂ ਲਈਆਂ ਜਾ ਰਹੀਆਂ ਕਿਸੇ ਵੀ ਤਜਵੀਜ਼ ਕੀਤੀਆਂ ਦਵਾਈਆਂ ਦੀ ਸਮੀਖਿਆ ਕਰ ਸਕਦੇ ਹਨ।
ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਹਸਪਤਾਲ ਜਾਂਦੇ ਹੋ, ਤਾਂ ਤੁਹਾਨੂੰ ਸਟਾਫ ਨੂੰ ਦੱਸਣਾ ਚਾਹੀਦਾ ਹੈ ਕਿ ਸਕ੍ਰੀਨਿੰਗ ਰਾਹੀਂ ਤੁਹਾਡੇ ਅੰਦਰ AAA ਦਾ ਪਤਾ ਲੱਗਿਆ ਹੈ।
ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਕੋਈ ਹੋਰ ਬਦਲਾਅ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕਿਸੇ ਵੀ ਖੇਡਾਂ ਜਾਂ ਸ਼ੌਕ ਨੂੰ ਜਾਰੀ ਰੱਖ ਸਕਦੇ ਹੋ।
ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦੱਸਣਾ
ਜੇ ਤੁਹਾਡੇ ਜੈਵਿਕ ਭਰਾ, ਭੈਣ ਜਾਂ ਮਾਤਾ-ਪਿਤਾ ਨੂੰ ਇਹ ਹੋਇਆ ਹੈ ਤਾਂ AAA ਹੋਣ ਦਾ ਜੋਖਮ ਵਧ ਜਾਂਦਾ ਹੈ।
ਇਸਦਾ ਮਤਲਬ ਹੈ ਕਿ ਤੁਹਾਡੇ ਕਿਸੇ ਵੀ ਭਰਾ, ਭੈਣ ਜਾਂ ਬੱਚਿਆਂ ਨੂੰ ਵੀ ਖਤਰਾ ਹੋ ਸਕਦਾ ਹੈ। ਉਹ ਆਪਣੇ ਜੀ.ਪੀ. ਨੂੰ ਉਸ ਉਮਰ ਤੋਂ 5 ਸਾਲ ਪਹਿਲਾਂ ਸਕੈਨ ਕਰਵਾਉਣ ਦੀ ਸੰਭਾਵਨਾ ਬਾਰੇ ਪੁੱਛ ਸਕਦੇ ਹਨ ਜਿਸ ਉਮਰ ਵਿੱਚ ਤੁਹਾਡੇ AAA ਦਾ ਪਤਾ ਲੱਗਿਆ ਸੀ।
ਡਰਾਈਵਿੰਗ
ਦਰਮਿਆਨੇ ਐਨਿਉਰਿਜ਼ਮ ਵਾਲੇ ਕਾਰ ਡਰਾਈਵਰ ਅਤੇ ਮੋਟਰਸਾਈਕਲ ਸਵਾਰ ਆਮ ਵਾਂਗ ਡਰਾਈਵਿੰਗ ਕਰਨਾ ਜਾਰੀ ਰੱਖ ਸਕਦੇ ਹਨ। ਤੁਹਾਨੂੰ ਇਹ ਕਰਨਾ ਪਵੇਗਾ:
- DVLA ਨੂੰ ਦੱਸੋ ਜੇਕਰ ਤੁਹਾਡਾ AAA ਵਧ ਕੇ 6cm ਜਾਂ ਇਸ ਤੋਂ ਵੱਧ ਹੋ ਜਾਂਦਾ ਹੈ
- ਜੇਕਰ ਤੁਹਾਡਾ AAA ਵਧ ਕੇ 6.5cm ਜਾਂ ਇਸ ਤੋਂ ਵੱਧ ਹੋ ਜਾਂਦਾ ਹੈ ਤਾਂ ਡਰਾਈਵ ਨਾ ਕਰੋ ਪਰ ਸਫਲਤਾਪੂਰਵਕ ਇਲਾਜ ਹੋਣ ਤੋਂ ਬਾਅਦ ਦੁਬਾਰਾ ਡਰਾਈਵ ਕਰ ਸਕਦੇ ਹੋ।
ਬੱਸ, ਕੋਚ ਅਤੇ ਲਾਰੀ ਡਰਾਈਵਰਾਂ ਨੂੰ ਇਹ ਕਰਨਾ ਪਵੇਗਾ:
- DVLA ਨੂੰ ਦੱਸੋ ਕਿ ਤੁਹਾਨੂੰ AAA ਹੈ, ਭਾਵੇਂ ਇਸਦਾ ਆਕਾਰ ਕੁਝ ਵੀ ਹੋਵੇ
- ਜੇਕਰ ਤੁਹਾਡਾ AAA ਵਧ ਕੇ 5.5cm ਚੌੜਾ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ ਤਾਂ ਡਰਾਈਵ ਨਾ ਕਰੋ ਪਰ ਸਫਲਤਾਪੂਰਵਕ ਇਲਾਜ ਹੋਣ ਤੋਂ ਬਾਅਦ ਦੁਬਾਰਾ ਡਰਾਈਵ ਕਰ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਇੱਥੇ ਵਿਜ਼ਿਟ ਕਰੋ www.gov.uk/aneurysm-and-driving
ਹੋਰ ਜਾਣਕਾਰੀ ਅਤੇ ਸਹਾਇਤਾ
ਤੁਸੀਂ ਇੱਥੋਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
- ਤੁਹਾਡੀ ਜੀ.ਪੀ. ਸਰਜਰੀ
- ਤੁਹਾਡੀ ਸਥਾਨਕ AAA ਸਕ੍ਰੀਨਿੰਗ ਸੇਵਾ
- NHS.UK
- Circulation Foundation
- British Heart Foundation
ਅਸੀਂ ਸਹੀ ਸਮੇਂ ‘ਤੇ ਤੁਹਾਨੂੰ ਸਕ੍ਰੀਨਿੰਗ ਲਈ ਸੱਦਾ ਦੇਣ ਵਾਸਤੇ ਤੁਹਾਡੇ NHS ਰਿਕਾਰਡਾਂ ਤੋਂ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਇਹ ਜਾਣਕਾਰੀ ਸਕ੍ਰੀਨਿੰਗ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਅਤੇ ਮਿਆਰੀ ਦੇਖਭਾਲ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਇਸ ਬਾਰੇ ਹੋਰ ਪੜ੍ਹੋ ਕਿ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦੇ ਹਾਂ।
ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਕਿਵੇਂ ਨਿਕਲਣਾ ਹੈ।