ਸਰਵਾਈਕਲ ਸਕ੍ਰੀਨਿੰਗ (ਬੱਚੇਦਾਨੀ ਦੇ ਮੂੰਹ ਸਬੰਧੀ ਜਾਂਚ): ਸਕ੍ਰੀਨਿੰਗ ਬਾਰੇ ਵਿਚਾਰ ਕਰ ਰਹੀਆਂ ਔਰਤਾਂ ਲਈ ਪਰਚਾ (Punjabi)
ਅੱਪਡੇਟ ਕੀਤਾ 1 ਜੁਲਾਈ 2025
Applies to England
ਤੁਸੀਂ ਇਹ ਚੋਣ ਕਰ ਸਕਦੇ ਹੋ ਕੀ ਤੁਸੀਂ ਸਰਵਾਈਕਲ ਸਕ੍ਰੀਨਿੰਗ ਵਿਚ ਹਿੱਸਾ ਲੈਣਾ ਹੈ। ਇਸ ਪਰਚੇ ਦਾ ਉਦੇਸ਼ ਫ਼ੈਸਲਾ ਲੈਣ ਵਿੱਚ ਤੁਹਾਡੀ ਮਦਦ ਕਰਨਾ ਹੈ ਸਰਵਾਈਕਲ ਸਕ੍ਰੀਨਿੰਗ ਨੂੰ ਪਹਿਲਾਂ ‘ਸਮੀਅਰ ਟੈਸਟ’ ਕਿਹਾ ਜਾਂਦਾ ਸੀ।
1. ਐੱਨ.ਐੱਚ.ਐੱਸ. ਸਰਵਾਈਕਲ ਸਕ੍ਰੀਨਿੰਗ ਦੀ ਪੇਸ਼ਕਸ਼ ਕਿਉਂ ਕਰਦੀ ਹੈ।
ਅਸੀਂ ਤੁਹਾਡੇ ਸਰਵਿਕਸ (ਬੱਚੇਦਾਨੀ ਦੇ ਮੂੰਹ) ਦੀ ਸਿਹਤ ਦੀ ਜਾਂਚ ਕਰਨ ਅਤੇ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਨ ਲਈ ਸਰਵਾਈਕਲ ਸਕ੍ਰੀਨਿੰਗ ਦੀ ਪੇਸ਼ਕਸ਼ ਕਰਦੇ ਹਾਂ। ਅਸੀਂ ਉੱਚ-ਜੋਖਮ ਵਾਲੇ ਮਨੁੱਖੀ ਪੈਪੀਲੋਮਾਵਾਇਰਸ (ਐੱਚ.ਪੀ.ਵੀ.) ਬਾਰੇ ਪਤਾ ਲਗਾਉਂਦੇ ਹਾਂ ਇਹ ਇਸ ਲਈ ਹੈ ਕਿਉਂਕਿ ਇਹ ਨੁਕਸਦਾਰ (ਅਸਧਾਰਨ) ਤਬਦੀਲੀਆਂ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਸਰਵਾਈਕਲ ਕੈਂਸਰ ਹੋ ਸਕਦਾ ਹੈ।
ਛੇਤੀ ਨਾਲ ਪਤਾ ਲਗਾਏ ਜਾਣ ਅਤੇ ਇਲਾਜ ਕਰਨ ਨਾਲ ਜ਼ਿਆਦਾਤਰ ਸਰਵਾਈਕਲ ਕੈਂਸਰ ਦੇ ਕੇਸਾਂ ਨੂੰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਰਵਾਈਕਲ ਕੈਂਸਰ ਜ਼ਿਆਦਾਤਰ 45 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਲੋਕਾਂ, ਜਿਨ੍ਹਾਂ ਵਿੱਚ ਸਰਵਿਕਸ ਹੁੰਦੀ ਹੈ, ਨੂੰ ਪ੍ਰਭਾਵਿਤ ਕਰਦਾ ਹੈ ਪਰ ਅਸਧਾਰਨ ਤਬਦੀਲੀਆਂ ਕਿਸੇ ਵੀ ਉਮਰ ਵਿੱਚ ਹੋ ਸਕਦੀਆਂ ਹਨ।
ਯੂ.ਕੇ. ਵਿੱਚ ਹਰ ਸਾਲ ਸਰਵਾਈਕਲ ਸਕ੍ਰੀਨਿੰਗ ਹਜ਼ਾਰਾਂ ਜਾਨਾਂ ਬਚਾਉਂਦੀ ਹੈ।
ਨਿਯਮਤ ਸਰਵਾਈਕਲ ਸਕ੍ਰੀਨਿੰਗ ਮਹੱਤਵਪੂਰਨ ਹੈ। ਤੁਹਾਨੂੰ ਅਜੇ ਵੀ ਸਰਵਾਈਕਲ ਕੈਂਸਰ ਦਾ ਖ਼ਤਰਾ ਹੈ ਭਾਵੇਂ:
-
ਤੁਸੀਂ ਐੱਚ.ਪੀ.ਵੀ. ਦਾ ਟੀਕਾ ਲਗਾਇਆ ਹੈ
-
ਤੁਹਾਡਾ ਸਿਰਫ਼ 1 ਜਿਨਸੀ ਸਾਥੀ ਹੈ
-
ਤੁਸੀਂ ਪੈਨੇਟ੍ਰੇਟਿਵ (ਸਰੀਰਕ ਪ੍ਰਵੇਸ਼ ਅਧਾਰਤ) ਸੈਕਸ ਨਹੀਂ ਕੀਤਾ ਹੈ
-
ਤੁਹਾਡਾ ਇੱਕੋ ਸਾਥੀ ਹੈ, ਜਾਂ ਲੰਬੇ ਸਮੇਂ ਤੋਂ ਸੈਕਸ ਨਹੀਂ ਕੀਤਾ ਹੈ
-
ਤੁਸੀਂ ਸਮਲਿੰਗੀ ਔਰਤ ਜਾਂ ਬਾਇਸੈਕਚੂਅਲ ਹੋ
-
ਇੱਕ ਟ੍ਰਾਂਸ ਮਰਦ ਜਾਂ ਸਰਵਾਈਕਲ ਵਾਲੇ ਗੈਰ-ਬਾਇਨਰੀ ਵਿਅਕਤੀ ਹੋ
-
ਤੁਸੀਂ ਆਪਰੇਸ਼ਨ ਰਾਹੀਂ ਬੱਚੇਦਾਨੀ ਦਾ ਅੰਸ਼ਕ ਹਿੱਸਾ ਕੱਢਵਾਇਆ ਹੈ ਅਤੇ ਤੁਹਾਡੀ ਬੱਚੇਦਾਨੀ ਨਹੀਂ ਕੱਢੀ ਗਈ ਸੀ
ਜੇਕਰ ਤੁਸੀਂ ਮੁਕੰਮਲ ਤੌਰ ’ਤੇ ਬੱਚੇਦਾਨੀ ਨੂੰ ਆਪਰੇਸ਼ਨ ਨਾਲ ਕਢਵਾਇਆ ਹੈ, ਤਾਂ ਤੁਹਾਡੀ ਕੁੱਖ ਜਾਂ ਸਰਵਿਕਸ ਨਹੀਂ ਹੁੰਦੀ। ਇਸ ਦਾ ਅਰਥ ਹੈ ਕਿ ਤੁਹਾਨੂੰ ਸਰਵਾਈਕਲ ਸਕ੍ਰੀਨਿੰਗ ਦੀ ਲੋੜ ਨਹੀਂ ਹੈ।
2. ਅਸੀਂ ਸਰਵਾਈਕਲ ਸਕ੍ਰੀਨਿੰਗ ਲਈ ਕਿਸ ਨੂੰ ਸੱਦਾ ਦਿੰਦੇ ਹਾਂ
ਅਸੀਂ ਨਿਯਮਿਤ ਤੌਰ ‘ਤੇ ਹਰ 5 ਸਾਲਾਂ ਵਿੱਚ 25 ਤੋਂ ਲੈ ਕੇ 64 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸੱਦਾ ਦਿੰਦੇ ਹਾਂ। ਜ਼ਿਆਦਾਤਰ ਸਰਵਾਈਕਲ ਕੈਂਸਰ ਇਸ ਉਮਰ ਦਰਮਿਆਨ ਹੁੰਦੇ ਹਨ।
ਤੁਹਾਡੀ ਜੀ.ਪੀ. ਸਰਜਰੀ ਸਾਨੂੰ ਤੁਹਾਡੇ ਸੰਪਰਕ ਬਾਰੇ ਜਾਣਕਾਰੀ ਦਿੰਦੀ ਹੈ। ਕਿਰਪਾ ਕਰ ਕੇ ਇਹ ਨਿਸ਼ਚਿਤ ਕਰੋ ਕਿ ਉਨ੍ਹਾਂ ਕੋਲ ਸਹੀ ਵੇਰਵਾ ਹੋਵੇ, ਜਿਸ ਵਿਚ ਇਹ ਸ਼ਾਮਲ ਹੋਣ:
-
ਨਾਮ
-
ਜਨਮ ਦੀ ਤਾਰੀਖ਼
-
ਪਤਾ
-
ਮੋਬਾਇਲ ਨੰਬਰ
-
ਈਮੇਲ ਦਾ ਪਤਾ
ਤੁਹਾਡਾ ਸੱਦਾ ਤੁਹਾਨੂੰ ਸਰਵਾਈਕਲ ਸਕ੍ਰੀਨਿੰਗ ਬੁੱਕ ਕਰਨ ਬਾਰੇ ਜਾਣਕਾਰੀ ਦੇਵੇਗਾ। ਜਿਵੇਂ ਹੀ ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ, ਤੁਸੀਂ ਬੁੱਕ ਕਰ ਸਕਦੇ ਹੋ।
ਜਿਨ੍ਹਾਂ ਟ੍ਰਾਂਸ ਪੁਰਸ਼ਾਂ ਅਤੇ ਗੈਰ-ਬਾਈਨਰੀ ਲੋਕਾਂ ਵਿੱਚ ਸਰਵਿਕਸ ਹੁੰਦੀ ਹੈ ਉਹ ਵੀ ਸਰਵਾਈਕਲ ਸਕ੍ਰੀਨਿੰਗ ਲਈ ਯੋਗਤਾ ਪੂਰੀ ਕਰਦੇ ਹਨ। ਤੁਹਾਨੂੰ ਕਿਵੇਂ ਸੱਦਾ ਦਿੱਤਾ ਜਾਂਦਾ ਹੈ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਹਾਡੇ ਜੀ.ਪੀ. ਦੇ ਮਰੀਜ਼ ਰਿਕਾਰਡ ਵਿੱਚ ਤੁਹਾਡਾ ਲਿੰਗ ਕਿਵੇਂ ਦਰਜ ਕੀਤਾ ਜਾਂਦਾ ਹੈ:
-
ਜੇਕਰ ਤੁਸੀਂ ਔਰਤ ਵੱਜੋਂ ਸੂਚੀਬੱਧ ਹੋ, ਤਾਂ ਤੁਹਾਨੂੰ ਆਪਣੇ ਆਪ ਸੱਦੇ ਪ੍ਰਾਪਤ ਹੋਣਗੇ।
-
ਜੇਕਰ ਨਹੀਂ, ਤਾਂ ਤੁਸੀਂ ਰੂਟੀਨ ਸੱਦੇ ਪ੍ਰਾਪਤ ਕਰਨ ਲਈ “ਚੋਣ ਕਰ” ਸਕਦੇ ਹੋ। ਤੁਸੀਂ ਸਰਵਾਈਕਲ ਸਕ੍ਰੀਨਿੰਗ ਪ੍ਰਦਾਤਾ, ਜਿਵੇਂ ਕਿ ਆਪਣੇ ਜੀ.ਪੀ., ਇੱਕ ਜਿਨਸੀ ਸਿਹਤ ਕਲੀਨਿਕ ਜਾਂ ਇੱਕ ਟ੍ਰਾਂਸਜੈਂਡਰ ਸਿਹਤ ਕਲੀਨਿਕ ਨਾਲ ਸੰਪਰਕ ਕਰਕੇ ਅਜਿਹਾ ਕਰ ਸਕਦੇ ਹੋ।
ਜੇਕਰ ਤੁਹਾਨੂੰ ਨਿਸ਼ਚਿਤ ਤੌਰ ’ਤੇ ਪਤਾ ਨਹੀਂ ਹੁੰਦਾ, ਤਾਂ ਆਪਣੇ ਜੀ.ਪੀ. ਨੂੰ ਸੰਪਰਕ ਕਰੋ। ਟ੍ਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਲਈ ਸਕ੍ਰੀਨਿੰਗ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
3. ਬੱਚੇਦਾਨੀ ਦਾ ਕੈਂਸਰ ਅਤੇ ਐੱਚ.ਪੀ.ਵੀ.
ਸਰਵਾਈਕਲ ਕੈਂਸਰ ਇੱਕ ਅਜਿਹਾ ਕੈਂਸਰ ਹੈ ਜੋ ਸਰਵਿਕਸ ਵਿੱਚ ਕਿਧਰੇ ਵੀ ਪਾਇਆ ਜਾਂਦਾ ਹੈ।
ਸਰਵਿਕਸ ਤੁਹਾਡੀ ਯੋਨੀ ਤੋਂ ਤੁਹਾਡੀ ਕੁੱਖ ਦਾ ਮੂਹਰਲਾ ਹਿੱਸਾ (ਮੂੰਹ) ਹੈ। ਇਹ ਪ੍ਰਜਣਨ ਪ੍ਰਣਾਲੀ ਦਾ ਹਿੱਸਾ ਹੈ ਅਤੇ ਕਈ ਵਾਰ ਇਸ ਨੂੰ ਬੱਚੇਦਾਨੀ ਦਾ ਮੂੰਹ ਵੀ ਕਿਹਾ ਜਾਂਦਾ ਹੈ।

ਸਰਵਿਕਸ ਦੀ ਸਥਿਤੀ ਨੂੰ ਦਰਸਾਉਂਦਾ ਚਿੱਤਰ
ਲਗਭਗ ਸਾਰੇ ਸਰਵਾਈਕਲ ਕੈਂਸਰ ਕੁਝ ਉੱਚ-ਜੋਖਮ ਵਾਲੀਆਂ ਕਿਸਮਾਂ ਦੇ ਮਨੁੱਖੀ ਪੈਪੀਲੋਮਾਵਾਇਰਸ (ਐੱਚ.ਪੀ.ਵੀ.) ਨਾਲ ਹੋਣ ਵਾਲੀ ਇਨਫੈਕਸ਼ਨ ਕਾਰਨ ਹੁੰਦੇ ਹਨ।
ਐੱਚ.ਪੀ.ਵੀ. ਵਾਇਰਸਾਂ ਦੇ ਇੱਕ ਬਹੁਤ ਹੀ ਆਮ ਸਮੂਹ ਦਾ ਨਾਮ ਹੈ। ਜ਼ਿਆਦਾਤਰ ਐੱਚ.ਪੀ.ਵੀ.ਵਾਇਰਸ ਘੱਟ-ਜੋਖਮ ਵਾਲੇ ਹੁੰਦੇ ਹਨ ਅਤੇ ਕੋਈ ਸਮੱਸਿਆ ਪੈਦਾ ਨਹੀਂ ਕਰਦੇ।
ਐੱਚ.ਪੀ.ਵੀ. ਵਾਇਰਸ ਆਸਾਨੀ ਨਾਲ ਫੈਲਦੇ ਹਨ। ਤੁਹਾਨੂੰ ਕਿਸੇ ਵੀ ਕਿਸਮ ਦੇ ਜਿਨਸੀ ਸੰਪਰਕ ਤੋਂ ਐੱਚ.ਪੀ.ਵੀ. ਹੋ ਸਕਦਾ ਹੈ, ਜਿਸ ਵਿੱਚ ਸ਼ਾਮਲ ਹਨ:
-
ਜਣਨ ਵਾਲੇ ਹਿੱਸੇ ਦਾ ਕੋਈ ਵੀ ਚਮੜੀ ਤੋਂ ਚਮੜੀ ਦਾ ਸੰਪਰਕ
-
ਯੋਨੀ, ਗੁਦਾ ਜਾਂ ਮੌਖਿਕ ਸੈਕਸ
-
ਸੈਕਸ ਖਿਡੌਣੇ ਸਾਂਝੇ ਕਰਨਾ
ਤੁਹਾਨੂੰ ਉਸ ਸਮੇਂ ਵੀ ਐੱਚ.ਪੀ.ਵੀ. ਹੋ ਸਕਦਾ ਹੈ ਭਾਵੇਂ ਤੁਸੀਂ ਸਰੀਰਕ ਪ੍ਰਵੇਸ਼ ਵਾਲਾ ਸੈਕਸ ਨਹੀਂ ਕੀਤਾ ਹੈ ਜ਼ਿਆਦਾਤਰ ਲੋਕਾਂ ਨੂੰ ਆਪਣੀ ਜ਼ਿੰਦਗੀ ਦੌਰਾਨ ਕਿਸੇ ਕਿਸਮ ਦਾ ਐੱਚ.ਪੀ.ਵੀ. ਹੁੰਦਾ ਹੈ। ਇਸ ਵਿੱਚ ਸ਼ਰਮਿੰਦਾ ਜਾਂ ਸ਼ਰਮਸਾਰ ਹੋਣ ਵਾਲੀ ਕੋਈ ਗੱਲ ਨਹੀਂ ਹੈ।
ਤੁਹਾਨੂੰ ਕਈ ਸਾਲਾਂ ਤੋਂ ਐੱਚ.ਪੀ.ਵੀ. ਹੋ ਸਕਦਾ ਹੈ ਭਾਵੇਂ ਤੁਸੀਂ ਜਿਨਸੀ ਤੌਰ ‘ਤੇ ਸਰਗਰਮ ਨਹੀ ਹੁੰਦੇ ਹੋ ਜਾਂ ਤੁਹਾਡਾ ਕੋਈ ਨਵਾਂ ਸਾਥੀ ਨਹੀਂ ਹੁੰਦਾ ਹੈ। ਐੱਚ.ਪੀ.ਵੀ. ਹਮੇਸ਼ਾ ਲੱਛਣਾਂ ਦਾ ਕਾਰਨ ਨਹੀਂ ਬਣਦਾ, ਇਸ ਲਈ ਤੁਹਾਨੂੰ ਇਹ ਪਤਾ ਨਹੀਂ ਵੀ ਲੱਗ ਸਕਦਾ ਕਿ ਕੀ ਤੁਹਾਡੇ ਅੰਦਰ ਵਾਇਰਸ ਹੈ।
ਤੁਹਾਡਾ ਸਰੀਰ ਆਮ ਤੌਰ ‘ਤੇ ਐੱਚ.ਪੀ.ਵੀ. ਤੋਂ ਛੁਟਕਾਰਾ ਪਾ ਲਵੇਗਾ, ਪਰ ਜੇਕਰ ਉੱਚ-ਜੋਖਮ ਵਾਲਾ ਐੱਚ.ਪੀ.ਵੀ. ਤੁਹਾਡੇ ਸਰੀਰ ਅੰਦਰ ਰਹਿੰਦਾ ਹੈ, ਤਾਂ ਇਹ ਤੁਹਾਡੇ ਸਰਵਿਕਸ ਦੇ ਸੈੱਲਾਂ ਵਿੱਚ ਬਦਲਾਅ ਲਿਆ ਸਕਦਾ ਹੈ। ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਦਲਾਅ ਸਰਵਾਈਕਲ ਕੈਂਸਰ ਬਣ ਸਕਦੇ ਹਨ।
ਜੇਕਰ ਤੁਹਾਡੇ ਸਰੀਰ ਅੰਦਰ ਉੱਚ ਜੋਖਮ ਵਾਲੀ ਕਿਸਮ ਦਾ ਐੱਚ.ਪੀ.ਵੀ. ਨਹੀਂ ਹੈ, ਤਾਂ ਇਹ ਬਹੁਤ ਘੱਟ ਸੰਭਾਵਨਾ ਹੈ ਕਿ ਤੁਹਾਨੂੰ ਸਰਵਾਈਕਲ ਕੈਂਸਰ ਹੋਵੇਗਾ। ਇਸ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਜੇਕਰ ਤੁਹਾਡੀ ਸਰਵਿਕਸ ਵਿੱਚ ਪਹਿਲਾਂ ਅਸਧਾਰਨ ਸੈੱਲ ਬਦਲਾਅ ਹੋਏ ਹਨ।
4. ਸਰਵਾਈਕਲ ਸਕ੍ਰੀਨਿੰਗ ਕਿਵੇਂ ਕੰਮ ਕਰਦੀ ਹੈ
ਸਰਵਾਈਕਲ ਸਕ੍ਰੀਨਿੰਗ ਆਮ ਤੌਰ ‘ਤੇ ਇੱਕ ਮਹਿਲਾ ਨਰਸ ਜਾਂ ਡਾਕਟਰ ਵੱਲੋਂ ਕੀਤੀ ਜਾਂਦੀ ਹੈ। ਤੁਸੀਂ ਆਪਣੀ ਅਪੌਇੰਟਮੈਂਟ ਤੈਅ ਕਰਨ ਸਮੇਂ ਇਸ ਬਾਰੇ ਪੁੱਛ ਸਕਦੇ ਹੋ, ਅਤੇ ਤੁਹਾਡੀ ਜੀ.ਪੀ. ਸਰਜਰੀ ਜਾਂ ਜਿਨਸੀ ਸਿਹਤ ਕਲੀਨਿਕ ਇਹ ਯਕੀਨੀ ਬਣਾਏਗਾ ਕਿ ਇੱਕ ਔਰਤ ਸਿਹਤ ਸੰਭਾਲ ਪੇਸ਼ੇਵਰ ਉਪਲਬਧ ਹੋਵੇ।
ਉਹ ਇੱਕ ਲੈਬ ਵਿੱਚ ਜਾਂਚ ਲਈ ਇੱਕ ਨਰਮ ਬੁਰਸ਼ ਨਾਲ ਤੁਹਾਡੀ ਸਰਵਿਕਸ ਤੋਂ ਸੈੱਲਾਂ ਦਾ ਨਮੂਨਾ ਲੈਣਗੇ। ਇਸ ਤੋਂ ਬਾਅਦ, ਕਈ ਲੋਕਾਂ ਨੂੰ ਅੱਗੇ ਦੇ ਕਿਸੇ ਵੀ ਟੈਸਟ ਦੀ ਲੋੜ ਨਹੀਂ ਹੁੰਦਾ ਹੈ।
ਜੇਕਰ ਸਾਨੂੰ ਤੁਹਾਡੇ ਨਮੂਨੇ ਵਿੱਚ ਉੱਚ-ਜੋਖਮ ਵਾਲਾ ਐੱਚ.ਪੀ.ਵੀ. ਮਿਲਦਾ ਹੈ, ਤਾਂ ਅਸੀਂ ਸੈੱਲਾਂ ਵਿੱਚ ਕਿਸੇ ਵੀ ਨੁਕਸਦਾਰ ਤਬਦੀਲੀ ਦੀ ਜਾਂਚ ਵੀ ਕਰਦੇ ਹਾਂ। ਇਹ ਸਰਵਾਈਕਲ ਸਕ੍ਰੀਨਿੰਗ ਦੇ ਨਤੀਜਿਆਂ ਨੂੰ ਜ਼ਿਆਦਾ ਦਰੁਸਤ ਬਣਾਉਣ ਵਿੱਚ ਮਦਦ ਕਰਦਾ ਹੈ।
ਜੇਕਰ ਸਾਨੂੰ ਤਬਦੀਲੀਆਂ ਨਹੀਂ ਲੱਭਦੀਆਂ, ਤਾਂ ਤੁਹਾਨੂੰ ਆਪਣੀ ਸਰਵਾਈਕਲ ਨੂੰ ਹੋਰ ਧਿਆਨ ਨਾਲ ਦਿਖਾਉਣ ਲਈ ਕੋਲਪੋਸਕੋਪੀ ਨਾਮਕ ਇੱਕ ਵੱਖਰੇ ਟੈਸਟ ਦੀ ਲੋੜ ਹੋ ਸਕਦੀ ਹੈ। ਜੇਕਰ ਤੁਹਾਨੂੰ ਇਸ ਦੀ ਲੋੜ ਪੈਂਦੀ ਹੈ ਤਾਂ ਅਸੀਂ ਤੁਹਾਨੂੰ ਇਸ ਬਾਰੇ ਚਰਚਾ ਕਰਨ ਲਈ ਇੱਕ ਅਪੌਇੰਟਮੈਂਟ ਦੀ ਪੇਸ਼ਕਸ਼ ਕਰਾਂਗੇ।
5. ਤੁਹਾਡੀ ਅਪੌਇੰਟਮੈਂਟ ’ਤੇ
ਨਰਸ ਜਾਂ ਡਾਕਟਰ ਤੁਹਾਨੂੰ ਦੱਸੇਗਾ ਕਿ ਤੁਹਾਡੀ ਸਕ੍ਰੀਨਿੰਗ ਦੇ ਹਰ ਪੜਾਅ ‘ਤੇ ਕੀ ਉਮੀਦ ਕਰਨੀ ਹੈ:
-
ਤੁਹਾਨੂੰ ਕਮਰ ਤੋਂ ਹੇਠਾਂ ਕੱਪੜੇ ਉਤਾਰਨ ਲਈ ਪਰਦੇਦਾਰੀ ਵਾਲੀ ਜਗ੍ਹਾ ਮਿਲੇਗੀ। ਤੁਸੀਂ ਕੋਈ ਅਜਿਹਾ ਕੱਪਣਾ ਪਹਿਨਣ ਦੇ ਇੱਛੁਕ ਹੋ ਸਕਦੇ ਜੋ ਤੁਸੀਂ ਪਾਇਆ ਰੱਖ ਸਕਦੇ ਹੋ, ਜਿਵੇਂ ਕਿ ਇੱਕ ਲੰਮਾ ਜੰਪਰ, ਪਹਿਰਾਵਾ ਜਾਂ ਸਕਰਟ।
-
ਤੁਹਾਨੂੰ ਆਪਣੀ ਸਕ੍ਰੀਨਿੰਗ ਦੌਰਾਨ ਆਪਣੀ ਕਮਰ ਵਾਲੇ ਹਿੱਸੇ ‘ਤੇ ਪਾਉਣ ਲਈ ਇੱਕ ਪੇਪਰ ਸ਼ੀਟ ਜਾਂ ਤੌਲੀਆ ਦਿੱਤਾ ਜਾਵੇਗਾ।
-
ਤੁਸੀਂ ਆਮ ਤੌਰ ‘ਤੇ ਆਪਣੀਆਂ ਲੱਤਾਂ ਨੂੰ ਮੋੜ ਕੇ, ਪੈਰ ਇਕੱਠੇ ਕਰਕੇ ਅਤੇ ਗੋਡਿਆਂ ਨੂੰ ਵੱਖ ਕਰਕੇ ਪਿੱਠ ਭਾਰ ਲੇਟ ਜਾਓਗੇ। ਤੁਸੀਂ ਵੱਖਰੀ ਸਥਿਤੀ ਵਿੱਚ ਪਾਏ ਜਾਣ ਲਈ ਬੇਨਤੀ ਕਰ ਸਕਦੇ ਹੋ, ਜਿਵੇਂ ਕਿ ਆਪਣੇ ਵਾਲੇ ਪਾਸੇ। ਕਈ ਵਾਰ, ਤੁਹਾਨੂੰ ਟੈਸਟ ਦੌਰਾਨ ਸਥਿਤੀ ਬਦਲਣ ਦੀ ਲੋੜ ਪੈ ਸਕਦੀ ਹੈ।
-
ਨਰਸ ਜਾਂ ਡਾਕਟਰ ਤੁਹਾਡੀ ਯੋਨੀ ਵਿੱਚ ਹੌਲੀ-ਹੌਲੀ ਇੱਕ ਨਰਮ, ਟਿਊਬ-ਆਕਾਰ ਦਾ ਯੰਤਰ ਪਾਉਣਗੇ ਜਿਸ ਨੂੰ ਸਪੈਕੂਲਮ ਕਿਹਾ ਜਾਂਦਾ ਹੈ। ਉਹ ਕਿਸੇ ਵੀ ਬੇਅਰਾਮੀ ਨੂੰ ਘਟਾਉਣ ਲਈ ਥੋੜ੍ਹੀ ਜਿਹੀ ਮਾਤਰਾ ਵਿੱਚ ਲੁਬਰੀਕੈਂਟ ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਇੱਕ ਛੋਟੇ ਸਪੈਕੂਲਮ ਦੀ ਬੇਨਤੀ ਵੀ ਕਰ ਸਕਦੇ ਹੋ। ਤੁਸੀਂ ਸ਼ੁਰੂ ਵਿੱਚ ਆਪਣੇ ਆਪ ਸਪੈਕੂਲਮ ਪਾਉਣ ਲਈ ਵੀ ਕਹਿ ਸਕਦੇ ਹੋ।
-
ਉਹ ਤੁਹਾਡੀ ਸਰਵਿਕਸ ਨੂੰ ਦੇਖਣ ਲਈ ਸਪੈਕੂਲਮ ਖੋਲ੍ਹਣਗੇ। ਨਰਮ ਬੁਰਸ਼ ਦੀ ਵਰਤੋਂ ਕਰਦੇ ਹੋਏ, ਉਹ ਤੁਹਾਡੀ ਸਰਵਿਕਸ ਵਿੱਚੋਂ ਸੈੱਲਾਂ ਦਾ ਇੱਕ ਛੋਟਾ ਜਿਹਾ ਨਮੂਨਾ ਲੈਣਗੇ। ਤੁਹਾਨੂੰ ਕੁਝ ਬੇਅਰਾਮੀ ਮਹਿਸੂਸ ਹੋ ਸਕਦੀ ਹੈ। ਤੁਸੀਂ ਰਾਹਤ ਪਹੁੰਚਾਉਣ ਵਿੱਚ ਮਦਦ ਕਰਨ ਲਈ ਸਾਹ ਲੈਣ ਦੀਆਂ ਕਸਰਤਾਂ ਦੀ ਕੋਸ਼ਿਸ਼ ਕਰ ਸਕਦੇ ਹੋ।
-
ਉਹ ਸਪੈਕੂਲਮ ਨੂੰ ਬੰਦ ਕਰਕੇ ਕੱਢ ਲੈਣਗੇ ਅਤੇ ਤੁਹਾਨੂੰ ਕੱਪੜੇ ਪਾਉਣ ਦੇਣ ਲਈ ਉੱਥੋਂ ਚਲੇ ਜਾਣਗੇ। ਉਹ ਤੁਹਾਨੂੰ ਕਿਸੇ ਵੀ ਲੁਬਰੀਕੈਂਟ ਨੂੰ ਪੂੰਝਣ ਲਈ ਟਿਸ਼ੂ ਦੇ ਸਕਦੇ ਹਨ।
ਸਰਵਾਈਕਲ ਸਕ੍ਰੀਨਿੰਗ ਟੈਸਟ ਵਿੱਚ 5 ਮਿੰਟਾਂ ਤੋਂ ਘੱਟ ਸਮਾਂ ਲੱਗਣਾ ਚਾਹੀਦਾ ਹੈ। ਪੂਰੀ ਅਪੌਇੰਟਮੈਂਟ ਲਈ ਲਗਭਗ 10 ਮਿੰਟ ਲੱਗਣੇ ਚਾਹੀਦੇ ਹਨ।
ਨਰਸ ਜਾਂ ਡਾਕਟਰ ਨੂੰ ਤੁਹਾਡੀ ਸਹਾਇਤਾ ਲਈ ਸਿਖਲਾਈ ਦਿੱਤੀ ਜਾਵੇਗੀ। ਤੁਸੀਂ ਕਿਸੇ ਨੂੰ ਆਪਣੇ ਨਾਲ ਲਿਆ ਵੀ ਸਕਦੇ ਹੋ, ਜਿਵੇਂ ਕਿ ਇੱਕ ਦੋਸਤ, ਰਿਸ਼ਤੇਦਾਰ, ਸਾਥੀ ਜਾਂ ਸਹਾਇਤਾ ਕਰਮਚਾਰੀ। ਉਹ ਤੁਹਾਡੀ ਅਪੌਇੰਟਮੈਂਟ ਦੌਰਾਨ ਤੁਹਾਡੇ ਨਾਲ ਕਮਰੇ ਵਿੱਚ ਰਹਿ ਸਕਦੇ ਹਨ।
ਜੇਕਰ ਤੁਹਾਨੂੰ ਆਪਣੀ ਸਕ੍ਰੀਨਿੰਗ ਤੋਂ ਪਹਿਲਾਂ ਪਿਸ਼ਾਬ ਕਰਨ ਦੀ ਲੋੜ ਹੈ, ਤਾਂ ਨਰਸ ਜਾਂ ਡਾਕਟਰ ਨੂੰ ਦੱਸੋ। ਤੁਸੀਂ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਨ ਵਿੱਚ ਮਦਦ ਲਈ ਅਨੁਕੂਲਿਤ-ਤਬਦੀਲੀਆਂ ਲਈ ਬੇਨਤੀ ਕਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਕੋਈ ਦਰਦ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਦੱਸਣਾ ਚਾਹੀਦਾ ਹੈ।
ਤੁਸੀਂ NHS.UK ‘ਤੇ ਸਰਵਾਈਕਲ ਸਕ੍ਰੀਨਿੰਗ ਦੀ ਵੀਡੀਓ ਦੇਖ ਸਕਦੇ ਹੋ। ਇਹ ਸਰੀਰ ਦੇ ਅੰਦਰਲੇ ਹਿੱਸੇ ਦਾ ਚਿਤਰਿਤ ਦ੍ਰਿਸ਼ ਦਿਖਾਉਂਦੀ ਹੈ, ਅਤੇ ਇਸ ਬਾਰੇ ਵਿਆਖਿਆ ਕਰਦੀ ਹੈ ਕਿ ਟੈਸਟ ਦੌਰਾਨ ਕੀ ਹੁੰਦਾ ਹੈ।
6. ਵਿਹਾਰਕ ਸੰਕੇਤ ਅਤੇ ਸਹਾਇਤਾ
ਤੁਹਾਨੂੰ ਆਪਣੀ ਸਰਵਾਈਕਲ ਸਕ੍ਰੀਨਿੰਗ ਵਾਸਤੇ ਆਉਣ ਲਈ ਸਹਾਇਤਾ ਦੀ ਲੋੜ ਪੈ ਸਕਦੀ ਹੈ। ਜਦੋਂ ਤੁਸੀਂ ਬੁਕਿੰਗ ਕਰਦੇ ਹੋ, ਤਾਂ ਜੇਕਰ ਤੁਹਾਨੂੰ ਕਿਸੇ ਉਚਿਤ ਅਨੁਕੂਲਿਤ-ਤਬਦੀਲੀਆਂ ਦੀ ਲੋੜ ਹੈ ਤਾਂ ਆਪਣੀ ਜੀ.ਪੀ. ਸਰਜਰੀ ਜਾਂ ਜਿਨਸੀ ਸਿਹਤ ਕਲੀਨਿਕ ਨੂੰ ਦੱਸੋ , ਜਿਵੇਂ ਕਿ:
-
ਇੱਕ ਲੰਬੀ ਜਾਂ ਦੋਹਰੀ ਅਪੌਇੰਟਮੈਂਟ
-
ਹੋਰ ਭਾਸ਼ਾਵਾਂ ਜਾਂ ਫਾਰਮੈਟਾਂ ਵਿੱਚ ਜਾਣਕਾਰੀ ਜਾਂ ਇੱਕ ਦੁਭਾਸ਼ੀਆ
-
ਤੁਹਾਡੇ ਨਾਲ ਕਮਰੇ ਵਿੱਚ ਇੱਕ ਚੈਪਰੋਨ (ਸਟਾਫ਼ ਦਾ ਇੱਕ ਹੋਰ ਸਿਖਲਾਈ ਪ੍ਰਾਪਤ ਮੈਂਬਰ) ਹੋ ਸਕਦਾ ਹੈ।
-
ਇੱਕ ਭਰੋਸੇਮੰਦ ਡਾਕਟਰ ਜਾਂ ਨਰਸ ਨਾਲ ਅਪੌਇੰਟਮੈਂਟ ਜਿਸ ਨਾਲ ਤੁਹਾਡਾ ਪਹਿਲਾਂ ਹੀ ਚੰਗਾ ਸਬੰਧ ਹੈ
ਤੁਹਾਨੂੰ:
-
ਆਪਣੀ ਸਕ੍ਰੀਨਿੰਗ ਉਦੋਂ ਬੁੱਕ ਕਰਨੀ ਚਾਹੀਦੀ ਹੈ ਜਦੋਂ ਤੁਹਾਨੂੰ ਮਾਹਵਾਰੀ ਨਹੀਂ ਆ ਰਹੀ ਹੁੰਦੀ - ਇਸ ਵਿੱਚ ਤੁਹਾਡੇ ਖੂਨ ਵਗਣ ਤੋਂ 2 ਦਿਨ ਪਹਿਲਾਂ ਜਾਂ ਬਾਅਦ ਵਾਲਾ ਸਮਾਂ ਸ਼ਾਮਲ ਹੁੰਦਾ ਹੈ।
-
ਯੋਨੀ ਵਿੱਚ ਅਸਧਾਰਣ ਰਿਸਾਵ ਜਾਂ ਪੇਡੂ ਦੀ ਲਾਗ ਲਈ ਕਿਸੇ ਵੀ ਇਲਾਜ ਦੇ ਸਮਾਪਤ ਹੋਣ ਤੱਕ ਉਡੀਕ ਕਰੋ
-
ਜੇਕਰ ਤੁਸੀਂ ਗਰਭਵਤੀ ਹੋ ਜਾਂ ਹੋ ਸਕਦੇ ਹੋ ਤਾਂ ਉਨ੍ਹਾਂ ਨੂੰ ਦੱਸੋ, ਕਿਉਂਕਿ ਤੁਹਾਨੂੰ ਆਪਣੀ ਸਕ੍ਰੀਨਿੰਗ ਨੂੰ ਅੱਗੇ ਪਾਉਣ ਦੀ ਲੋੜ ਹੋ ਸਕਦੀ ਹੈ
ਜ਼ਿਆਦਾਤਰ ਲੋਕਾਂ ਨੂੰ ਸਰਵਾਈਕਲ ਸਕ੍ਰੀਨਿੰਗ ਤੋਂ 2 ਦਿਨ ਪਹਿਲਾਂ ਯੋਨੀ ਦੀਆਂ ਦਵਾਈਆਂ, ਲੁਬਰੀਕੈਂਟ ਅਤੇ ਕ੍ਰੀਮਾਂ ਤੋਂ ਬਚਾਅ ਕਰਨਾ ਚਾਹੀਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਲੱਗਦਾ ਹੈ ਕਿ ਯੋਨੀ ਦੀ ਖੁਸ਼ਕੀ ਕਾਰਨ ਤੁਹਾਡੀ ਅਪੌਇੰਟਮੈਂਟ ਜ਼ਿਆਦਾ ਮੁਸ਼ਕਲ ਹੋ ਸਕਦੀ ਹੈ, ਤਾਂ ਉਹ ਤੁਹਾਡੀ ਸਕ੍ਰੀਨਿੰਗ ਤੋਂ ਪਹਿਲਾਂ ਇੱਕ ਯੋਨੀ ਦੀ ਐਸਟ੍ਰੋਜਨ ਕ੍ਰੀਮ ਜਾਂ ਪੈਸਰੀ (ਗੋਲੀ) ਲੈਣ ਲਈ ਮਸ਼ਵਰਾ ਦੇ ਸਕਦੇ ਹਨ।
ਕੁਝ ਲੋਕ ਸਰਵਾਈਕਲ ਸਕ੍ਰੀਨਿੰਗ ਬਾਰੇ ਸੁਭਾਵਿਕ ਤੌਰ ’ਤੇ ਚਿੰਤਾ ਮਹਿਸੂਸ ਕਰਦੇ ਹਨ। ਇਹ ਮਾਨਸਿਕ ਸਿਹਤ ਸਮੱਸਿਆ, ਪਿਛਲੇ ਦੁਖਦਾਈ ਅਨੁਭਵਾਂ, ਜਿਨਸੀ ਦੁਰਵਿਵਹਾਰ ਜਾਂ ਘਰੇਲੂ ਹਿੰਸਾ ਦੇ ਕਾਰਨ ਹੋ ਸਕਦਾ ਹੈ। ਆਪਣੀ ਸਰਵਾਈਕਲ ਸਕ੍ਰੀਨਿੰਗ ਦਾ ਨਿਯੰਤ੍ਰਣ ਤੁਹਾਡੇ ਹੱਥ ਵਿੱਚ ਹੁੰਦਾ ਹੈ ਅਤੇ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਰੋਕਣ ਲਈ ਕਹਿ ਸਕਦੇ ਹੋ। ਤੁਸੀਂ GOV.UK ‘ਤੇ ਉਨ੍ਹਾਂ ਲੋਕਾਂ ਲਈ ਸਾਡੀ ਸੇਧ ਪੜ੍ਹ ਸਕਦੇ ਹੋ ਜਿਨ੍ਹਾਂ ਨੂੰ ਆਉਣਾ ਮੁਸ਼ਕਿਲ ਲੱਗਦਾ ਹੈ।
7. ਸਰਵਾਈਕਲ ਸਕ੍ਰੀਨਿੰਗ ਦੇ ਨਤੀਜੇ
ਤੁਹਾਡੀ ਨਰਸ ਜਾਂ ਡਾਕਟਰ ਤੁਹਾਨੂੰ ਦੱਸਣਗੇ ਕਿ ਤੁਸੀਂ ਆਪਣਾ ਨਤੀਜਾ ਕਿਵੇਂ ਅਤੇ ਕਦੋਂ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੋ। 3 ਮੁਮਕਿਨ ਨਤੀਜੇ ਹੋ ਸਕਦੇ ਹਨ:
-
ਐੱਚ.ਪੀ.ਵੀ. ਨੈਗੇਟਿਵ
-
ਐੱਚ.ਪੀ.ਵੀ. ਪਾਜ਼ਿਟਿਵ, ਕੋਈ ਨੁਕਸਦਾਰ ਸੈੱਲ ਨਹੀਂ
-
ਐੱਚ.ਪੀ.ਵੀ. ਪਾਜ਼ਿਟਿਵ ਅਤੇ ਨੁਕਸਦਾਰ ਸੈੱਲ
ਕਈ ਵਾਰੀ ਸਾਨੂੰ ਤੁਹਾਡੇ ਨਮੂਨੇ ਤੋਂ ਨਤੀਜਾ ਪ੍ਰਾਪਤ ਨਹੀਂ ਹੋ ਸਕਦਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਅਸੀਂ 3 ਮਹੀਨਿਆਂ ਵਿੱਚ ਇੱਕ ਹੋਰ ਸਰਵਾਈਕਲ ਸਕ੍ਰੀਨਿੰਗ ਲਈ ਤੁਹਾਨੂੰ ਸੱਦਾ ਦੇਵਾਂਗੇ ਇਸ ਦਾ ਇਹ ਅਰਥ ਨਹੀਂ ਹੈ ਕਿ ਕੁਝ ਗ਼ਲਤ ਹੋਇਆ ਹੈ।
7.1 ਐੱਚ.ਪੀ.ਵੀ. ਨੈਗੇਟਿਵ
ਜ਼ਿਆਦਾਤਰ ਲੋਕਾਂ (100 ਵਿਚੋਂ ਤਕਰੀਬਨ 87) ਨੂੰ ਇਹ ਨਤੀਜਾ ਮਿਲਦਾ ਹੈ।
ਇਸ ਦਾ ਅਰਥ ਇਹ ਹੁੰਦਾ ਹੈ ਕਿ ਸਾਨੂੰ ਤੁਹਾਡੇ ਨਮੂਨੇ ਤੋਂ ਉੱਚ ਜੋਖਮ ਵਾਲਾ ਐੱਚ.ਪੀ.ਵੀ. ਨਹੀਂ ਮਿਲਿਆ ਸੀ।
ਤੁਹਾਨੂੰ ਸਰਵਾਈਕਲ ਕੈਂਸਰ ਹੋਣ ਦਾ ਜੋਖਮ ਬਹੁਤ ਘੱਟ ਹੈ। ਸਾਨੂੰ ਤੁਹਾਡੀ ਸਰਵਿਕਸ ਵਿੱਚ ਸੈੱਲਾਂ ਦੀਆਂ ਨੁਕਸਦਾਰ ਤਬਦੀਲੀਆਂ ਲਈ ਤੁਹਾਡੇ ਨਮੂਨੇ ਦੀ ਜਾਂਚ ਕਰਨ ਦੀ ਲੋੜ ਨਹੀਂ ਹੁੰਦੀ।
ਅਸੀਂ ਆਮ ਤੌਰ ’ਤੇ ਤੁਹਾਨੂੰ 5 ਸਾਲਾਂ ਵਿੱਚ ਦੁਬਾਰਾ ਸਕ੍ਰੀਨਿੰਗ ਲਈ ਸੱਦਾ ਦੇਵਾਂਗੇ। ਕੁਝ ਲੋਕਾਂ ਨੂੰ ਪਿਛਲੇ ਟੈਸਟ ਨਤੀਜਿਆਂ ਦੇ ਅਧਾਰ ’ਤੇ ਛੇਤੀ ਸੱਦਿਆ ਜਾ ਸਕਦਾ ਹੈ। ਤੁਹਾਡੇ ਨਤੀਜੇ ਵਾਲੀ ਚਿੱਠੀ ਇਸ ਦੀ ਪੁਸ਼ਟੀ ਕਰੇਗੀ।
7.2 ਐੱਚ.ਪੀ.ਵੀ. ਪਾਜ਼ਿਟਿਵ, ਕੋਈ ਨੁਕਸਦਾਰ ਸੈੱਲ ਨਹੀਂ
100 ਵਚੋਂ ਲਗਭਗ 9 ਲੋਕਾਂ ਨੂੰ ਇਹ ਨਤੀਜਾ ਮਿਲਦਾ ਹੈ।
ਇਸ ਦਾ ਅਰਥ ਹੈ ਕਿ ਸਾਨੂੰ ਤੁਹਾਡੇ ਨਮੂਨੇ ਵਿੱਚ ਉੱਚ ਜੋਖਮ ਵਾਲਾ ਐੱਚ.ਪੀ.ਵੀ. ਮਿਲਿਆ ਸੀ, ਪਰ ਸੈੱਲ ਵਿੱਚ ਕੋਈ ਨੁਕਸਦਾਰ ਤਬਦੀਲੀਆਂ ਨਹੀਂ ਸਨ।
ਅਸੀਂ 1 ਸਾਲ ਵਿੱਚ ਦੁਬਾਰਾ ਸਕ੍ਰੀਨਿੰਗ ਲਈ ਤੁਹਾਨੂੰ ਸੱਦਾ ਦੇਵਾਂਗੇ। ਅਸੀਂ ਤੁਹਾਨੂੰ ਆਮ ਨਾਲੋਂ ਜਲਦੀ ਆਉਣ ਲਈ ਬੇਨਤੀ ਕਰਦੇ ਹਾਂ ਤਾਂ ਜੋ ਅਸੀਂ ਇਹ ਪਤਾ ਕਰ ਸਕੀਏ ਕਿ ਕੀ ਤੁਹਾਡੇ ਸਰੀਰ ਨੇ ਉੱਚ-ਜੋਖਮ ਵਾਲੇ ਐੱਚ.ਪੀ.ਵੀ. ਤੋਂ ਛੁਟਕਾਰਾ ਪਾ ਲਿਆ ਹੈ, ਜੋ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਪਾ ਲਿਆ ਹੁੰਦਾ ਹੈ।
ਜੇਕਰ ਤੁਹਾਡੇ ਸਰੀਰ ਵਿੱਚ ਅਜੇ ਵੀ ਉੱਚ-ਜੋਖਮ ਵਾਲਾ ਐੱਚ.ਪੀ.ਵੀ. ਹੈ ਪਰ ਕੋਈ ਅਸਧਾਰਨ ਸੈੱਲ ਬਦਲਾਅ ਨਹੀਂ ਹੋਇਆ ਹੈ, ਤਾਂ ਅਸੀਂ ਤੁਹਾਨੂੰ 1 ਸਾਲ ਬਾਅਦ ਦੁਬਾਰਾ ਸਕ੍ਰੀਨਿੰਗ ਲਈ ਸੱਦਾ ਦੇਵਾਂਗੇ। ਜੇਕਰ ਤੁਹਾਡੇ ਸਰੀਰ ਵਿੱਚ 2 ਸਾਲਾਂ ਬਾਅਦ ਵੀ ਉੱਚ-ਜੋਖਮ ਵਾਲਾ ਐੱਚ.ਪੀ.ਵੀ. ਹੈ, ਤਾਂ ਅਸੀਂ ਤੁਹਾਡੀ ਸਰਵਿਕਸ ਨੂੰ ਹੋਰ ਧਿਆਨ ਨਾਲ ਦੇਖਣ ਲਈ ਤੁਹਾਨੂੰ ਕੋਲਪੋਸਕੋਪੀ ਲਈ ਸੱਦਾ ਦੇਵਾਂਗੇ।
7.3 ਐੱਚ.ਪੀ.ਵੀ. ਪਾਜ਼ਿਟਿਵ ਅਤੇ ਨੁਕਸਦਾਰ ਸੈੱਲ
ਲਗਭਗ 100 ਲੋਕਾਂ ਵਿੱਚੋਂ 4 ਦਾ ਇਹ ਨਤੀਜਾ ਹੁੰਦਾ ਹੈ।
ਇਸ ਦਾ ਅਰਥ ਹੈ ਕਿ ਸਾਨੂੰ ਤੁਹਾਡੇ ਨਮੂਨੇ ਵਿੱਚ ਉੱਚ-ਜੋਖਮ ਵਾਲਾ ਐੱਚ.ਪੀ.ਵੀ.ਅਤੇ ਤੁਹਾਡੀ ਸਰਵਿਕਸ ਦੇ ਸੈੱਲਾਂ ਵਿੱਚ ਅਸਧਾਰਨ ਬਦਲਾਅ ਮਿਲੇ ਹਨ। ਤੁਹਾਡੀ ਨਤੀਜਿਆਂ ਵਾਲੀ ਚਿੱਠੀ ਜ਼ਿਆਦਾ ਵਿਸਥਾਰ ਵਿੱਚ ਇਸ ਬਾਰੇ ਦੱਸੇਗੀ।
ਅਸੀਂ ਤੁਹਾਨੂੰ ਕੋਲਪੋਸਕੋਪੀ ਲਈ ਭੇਜਾਂਗੇ। ਇਹ ਸਰਵਾਈਕਲ ਸਕ੍ਰੀਨਿੰਗ ਦੀ ਤਰ੍ਹਾਂ ਹੁੰਦੀ ਹੈ, ਪਰ ਇਸ ਨੂੰ ਹਸਪਤਾਲ ਵਿੱਚ ਕੀਤਾ ਜਾਂਦਾ ਹੈ। ਇੱਕ ਮਾਹਰ ਨਰਸ ਜਾਂ ਡਾਕਟਰ ਇੱਕ ਮੈਗਨੀਫਾਇੰਗ ਲੈਨਜ਼ ਦੀ ਵਰਤੋਂ ਕਰਕੇ ਤੁਹਾਡੀ ਸਰਵਿਕਸ ਨੂੰ ਦੇਖਣਗੇ। ਇਸ ਨੂੰ ਕੋਲਪੋਸਕੋਪ ਕਿਹਾ ਜਾਂਦਾ ਹੈ ਅਤੇ ਇਹ ਸਰੀਰ ਤੋਂ ਬਾਹਰ ਰਹਿੰਦਾ ਹੈ। ਜੇਕਰ ਲੋੜ ਪਏ, ਤਾਂ ਉਹ ਟਿਸ਼ੂ ਦਾ ਇੱਕ ਛੋਟਾ ਜਿਹਾ ਨਮੂਨਾ ਲੈ ਸਕਦੇ ਹਨ ਜਿਸ ਨੂੰ ਬਾਇਓਪਸੀ ਕਿਹਾ ਜਾਂਦਾ ਹੈ। ਤੁਸੀਂ NHS.UK ’ਤੇ ਕੋਲਪੋਸਕੋਪੀ ਕਰਵਾਉਣ ਬਾਰੇ ਜ਼ਿਆਦਾ ਜਾਣਕਾਰੀ ਪੜ੍ਹ ਸਕਦੇ ਹੋ।
ਕੋਲਪੋਸਕੋਪੀ ਕਰਵਾਉਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਸਰਵਾਈਕਲ ਕੈਂਸਰ ਨਹੀਂ ਹੁੰਦਾ।

ਸਰਵਾਈਕਲ ਸਕ੍ਰੀਨਿੰਗ ਕਰਵਾਉਣ ਵਾਲੇ ਹਰੇਕ 100 ਲੋਕਾਂ ਲਈ ਨਤੀਜੇ
ਐੱਨ.ਐੱਚ.ਐੱਸ. ਤੁਹਾਡੇ ਨਤੀਜੇ ਨੂੰ ਇੱਕ ਰਾਸ਼ਟਰੀ ਡੇਟਾਬੇਸ ‘ਤੇ ਰਿਕਾਰਡ ਕਰਦੀ ਹੈ। ਇਸ ਦਾ ਅਰਥ ਹੈ ਕਿ ਅਸੀਂ ਤੁਹਾਡੇ ਨਿਯਮਤ ਸਕ੍ਰੀਨਿੰਗ ਨਤੀਜਿਆਂ ਦੀ ਤੁਲਨਾ ਕਰ ਸਕਦੇ ਹਾਂ। ਅਸੀਂ ਤੁਹਾਡੇ ਨਮੂਨੇ ਨੂੰ 10 ਸਾਲਾਂ ਲਈ ਰੱਖਾਂਗੇ।
8. ਸਰਵਾਈਕਲ ਸਕ੍ਰੀਨਿੰਗ ਦੇ ਸੰਭਾਵੀ ਜੋਖਮ
ਕੋਈ ਵੀ ਸਕ੍ਰੀਨਿੰਗ ਟੈਸਟ 100% ਭਰੋਸੇਯੋਗ ਨਹੀਂ ਹੁੰਦਾ।
ਸਰਵਾਈਕਲ ਸਕ੍ਰੀਨਿੰਗ ਵਿੱਚ, ਅਜਿਹਾ ਇਸ ਲਈ ਹੈ ਕਿਉਂਕਿ:
-
ਇੱਕ ਐੱਚ.ਪੀ.ਵੀ. ਇਨਫੈਕਸ਼ਨ ਜਾਂ ਨੁਕਸਦਾਰ ਸੈੱਲ ਕਈ ਵਾਰ ਖੁੰਝ ਸਕਦੇ ਹਨ (ਇੱਕ ‘ਗਲਤ ਨੈਗੇਟਿਵ’ ਨਤੀਜਾ)
-
ਇਸ ਗੱਲ ਦੀ ਮਾਮੂਲੀ ਸੰਭਾਵਨਾ ਹੈ ਕਿ ਨਤੀਜਾ ਇਸ ਬਾਰੇ ਦੱਸਦਾ ਹੈ ਕਿ ਸਰਵਿਕਸ ਵਿੱਚ ਅਸਧਾਰਣ ਸੈੱਲ ਦੇਖੇ ਗਏ ਹਨ ਜਦਕਿ ਸਰਵਿਕਸ ਠੀਕ ਹੁੰਦੀ ਹੈ (ਇੱਕ ‘ਗਲਤ ਪਾਜ਼ਿਟਿਵ’ ਨਤੀਜਾ)
-
ਸਕ੍ਰੀਨਿੰਗ ਟੈਸਟਾਂ ਦੇ ਦਰਮਿਆਨ ਨੁਕਸਦਾਰ ਸੈੱਲਾਂ ਦੇ ਵਿਕਸਿਤ ਹੋਣ ਅਤੇ ਕੈਂਸਰ ਵਿੱਚ ਤਬਦੀਲ ਹੋਣ ਦਾ ਮਾਮੂਲੀ ਜੋਖਮ ਹੁੰਦਾ ਹੈ
ਸਰਵਾਈਕਲ ਸਕ੍ਰੀਨਿੰਗ ਪ੍ਰਜਣਨ ਪ੍ਰਣਾਲੀ ਦੇ ਹੋਰ ਕੈਂਸਰਾਂ, ਜਿਵੇਂ ਕਿ ਅੰਡਕੋਸ਼, ਬੱਚੇਦਾਨੀ, ਵਲਵਲ ਜਾਂ ਯੋਨੀ ਕੈਂਸਰ ਦੀ ਜਾਂਚ ਨਹੀਂ ਹੈ। ਜੇਕਰ ਤੁਹਾਨੂੰ ਕੋਈ ਚਿੰਤਾ ਹੈ ਤਾਂ ਜੀ.ਪੀ. ਨਾਲ ਸੰਪਰਕ ਕਰਨ ਲਈ ਇੰਤਜ਼ਾਰ ਨਾ ਕਰੋ।
8.1 ਕੋਲਪੋਸਕੋਪੀ ਕਰਵਾਉਣ ਦੇ ਸੰਭਾਵੀ ਜੋਖਮ
ਜ਼ਿਆਦਾਤਰ ਲੋਕਾਂ ਨੂੰ ਕੋਲਪੋਸਕੋਪੀ ਲਈ ਭੇਜੇ ਜਾਣ ਦੀ ਲੋੜ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਨੁਕਸਦਾਰ ਸੈੱਲਾਂ ਨੂੰ ਕਢਵਾਉਣ ਦੀ ਲੋੜ ਨਹੀਂ ਹੋਵੇਗੀ। ਜੇਕਰ ਤੁਹਾਨੂੰ ਸੈੱਲਾਂ ਨੂੰ ਕਢਵਾਉਣ ਦੀ ਲੋੜ ਹੈ, ਤਾਂ ਖੂਨ ਵਹਿਣ ਅਤੇ ਇਨਫੈਕਸ਼ਨ ਹੋਣ ਦਾ ਮਾਮੂਲੀ ਜੋਖਮ ਹੁੰਦਾ ਹੈ। ਤੁਹਾਨੂੰ ਇਹ ਫ਼ੈਸਲਾ ਕਰਨ ਵਿੱਚ ਮਦਦ ਕਰਨ ਲਈ ਹੋਰ ਜਾਣਕਾਰੀ ਮਿਲੇਗੀ ਕਿ ਕੀ ਤੁਹਾਨੂੰ ਕੋਲਪੋਸਕੋਪੀ ਦੀ ਲੋੜ ਹੈ।
9. ਸਰਵਾਈਕਲ ਕੈਂਸਰ ਦੇ ਲੱਛਣ
ਸਰਵਾਈਕਲ ਕੈਂਸਰ ਦੇ ਲੱਛਣਾਂ ਵਿੱਚ ਇਹ ਗੱਲਾਂ ਸ਼ਾਮਲ ਹੋ ਸਕਦੀਆਂ ਹਨ:
-
ਯੋਨੀ ਵਿੱਚੋਂ ਖੂਨ ਵਹਿਣਾ ਜੋ ਤੁਹਾਡੇ ਲਈ ਅਸਾਧਾਰਨ ਹੈ
-
ਸੈਕਸ ਦੌਰਾਨ ਜਾਂ ਬਾਅਦ ਵਿੱਚ, ਤੁਹਾਡੇ ਮਾਹਵਾਰੀ ਚੱਕਰਾਂ ਦੇ ਦਰਮਿਆਨ ਜਾਂ ਮੀਨੋਪੌਜ਼ (ਜਦੋਂ ਤੁਹਾਡੀ ਮਾਹਵਾਰੀ 12 ਮਹੀਨਿਆਂ ਜਾਂ ਵੱਧ ਸਮੇਂ ਲਈ ਬੰਦ ਹੋ ਜਾਂਦੀ ਹੈ) ਤੋਂ ਬਾਅਦ ਖੂਨ ਵਹਿਣਾ
-
ਆਮ ਨਾਲੋਂ ਜ਼ਿਆਦਾ ਮਾਹਵਾਰੀ ਦਾ ਆਉਣਾ
-
ਤੁਹਾਡੀ ਯੋਨੀ ਦੇ ਰਿਸਾਵ ਵਿੱਚ ਬਦਲਾਅ
-
ਸੈਕਸ ਦੌਰਾਨ ਦਰਦ
-
ਤੁਹਾਡੀ ਪਿੱਠ ਦੇ ਹੇਠਲੇ ਹਿੱਸੇ, ਤੁਹਾਡੇ ਚੂਲ੍ਹੇ ਦੀਆਂ ਹੱਡੀਆਂ (ਪੇਡੂ) ਦੇ ਵਿਚਕਾਰ, ਜਾਂ ਤੁਹਾਡੇ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ
ਇਹ ਲੱਛਣ ਬਹੁਤ ਆਮ ਹਨ ਅਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਇੱਕ ਜੀ.ਪੀ. ਵੱਲੋਂ ਇਨ੍ਹਾਂ ਦੀ ਜਾਂਚ ਕਰਵਾਉਣਾ ਮਹੱਤਵਪੂਰਨ ਹੈ। ਜੇਕਰ ਕੈਂਸਰ ਕਾਰਨ ਹੈ, ਤਾਂ ਇਸ ਬਾਰੇ ਜਲਦੀ ਪਤਾ ਲਗਾਉਣ ਦਾ ਅਰਥ ਹੈ ਕਿ ਇਲਾਜ ਪ੍ਰਭਾਵਸ਼ਾਲੀ ਹੋਣ ਦੀ ਜ਼ਿਆਦਾ ਸੰਭਾਵਨਾ ਹੈ।
ਜੇਕਰ ਤੁਹਾਨੂੰ ਕੋਈ ਹੋਰ ਸਿਹਤ-ਸਮੱਸਿਆ ਹੈ, ਜਿਵੇਂ ਕਿ ਫਾਈਬਰੌਇਡਜ਼ ਜਾਂ ਐਂਡੋਮਿਟ੍ਰੋਓਸਿਜ਼, ਤਾਂ ਜੇਕਰ ਤੁਹਾਡੇ ਲੱਛਣਾਂ ਵਿੱਚ ਤਬਦੀਲੀ ਆਉਂਦੀ ਹੈ, ਇਹ ਵਿਗੜ ਜਾਂਦੇ ਹਨ ਜਾਂ ਤੁਹਾਨੂੰ ਠੀਕ ਨਹੀਂ ਲੱਗਦੇ ਤਾਂ ਆਪਣੇ ਜੀ.ਪੀ. ਨੂੰ ਮਿਲੋ।
10. ਸਰਵਾਈਕਲ ਕੈਂਸਰ ਹੋਣ ਦੀ ਜ਼ਿਆਦਾ ਸੰਭਾਵਨਾ ਕਿਸ ਨੂੰ ਹੁੰਦੀ ਹੈ
ਸਰਵਾਈਕਲ ਕੈਂਸਰ ਜ਼ਿਆਦਾਤਰ 45 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਲੋਕਾਂ, ਜਿਨ੍ਹਾਂ ਵਿੱਚ ਸਰਵਿਕਸ ਹੁੰਦੀ ਹੈ, ਨੂੰ ਪ੍ਰਭਾਵਿਤ ਕਰਦਾ ਹੈ ਪਰ ਇਹ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ।
ਤੁਹਾਨੂੰ ਸਰਵਾਈਕਲ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ ਜੇਕਰ:
-
ਤੁਹਾਡੀ ਉਮਰ 45 ਸਾਲ ਤੋਂ ਘੱਟ ਹੈ - ਸਰਵਾਈਕਲ ਕੈਂਸਰ ਛੋਟੀ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਆਮ ਹੈ
-
ਤੁਹਾਡੀ ਕਮਜ਼ੋਰ ਹੋਈ ਰੋਗ ਪ੍ਰਤੀਰੋਧਕ ਪ੍ਰਣਾਲੀ ਹੈ ਹੈ, ਉਦਾਹਰਨ ਲਈ ਜੇਕਰ ਤੁਹਾਨੂੰ ਐੱਚ.ਆਈ.ਵੀ. ਜਾਂ ਏਡਜ਼ ਹੈ।
-
ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਜਨਮ ਦਿੱਤਾ ਹੈ ਜਾਂ ਛੋਟੀ ਉਮਰ ਵਿੱਚ ਬੱਚੇ ਪੈਦਾ ਕੀਤੇ ਸਨ (17 ਸਾਲ ਤੋਂ ਘੱਟ ਉਮਰ ਵਿੱਚ)
-
ਤੁਹਾਡੀ ਮਾਂ ਨੇ ਤੁਹਾਡੇ ਨਾਲ ਗਰਭਵਤੀ ਹੋਣ ਦੌਰਾਨ ਹਾਰਮੋਨਲ ਦਵਾਈ ਡਾਈਥਇਲਸਟਿਲਬੈਸਟ੍ਰਾਲ ਲਈ ਸੀ
-
ਤੁਹਾਨੂੰ ਪਹਿਲਾਂ ਯੋਨੀ, ਵਲਵਲ, ਗੁਰਦੇ ਜਾਂ ਮਸਾਨੇ ਦਾ ਕੈਂਸਰ ਹੋਇਆ ਹੈ
-
ਤੁਸੀਂ ਸਿਗਰਟ ਪੀਂਦੇ ਹੋ
-
ਤੁਸੀਂ 5 ਸਾਲਾਂ ਤੋਂ ਵੱਧ ਸਮੇਂ ਲਈ ਗਰਭ ਨਿਰੋਧਕ ਗੋਲੀ ਲਈ ਹੈ - ਇਹ ਤੁਹਾਡੇ ਜੋਖਮ ਨੂੰ ਥੋੜ੍ਹਾ ਜਿਹਾ ਵਧਾਉਂਦੀਹੈ।
ਤੁਸੀਂ ਕੋਂਡਮ ਦੀ ਵਰਤੋਂ ਕਰਕੇ, ਸਿਗਰਟਨੋਸ਼ੀ ਬੰਦ ਕਰਕੇ ਅਤੇ ਸੰਤੁਲਿਤ ਖੁਰਾਕ ਖਾ ਕੇ ਸਰਵਾਈਕਲ ਕੈਂਸਰ ਹੋਣ ਦੀ ਸੰਭਾਵਨਾ ਨੂੰ ਘਟਾ ਸਕਦੇ ਹੋ।
ਜੇਕਰ ਤੁਸੀਂ ਆਪਣੀ ਬੱਚੇਦਾਨੀ ਜਾਂ ਸਰਵਿਕਸ ਨੂੰ ਕਢਵਾਉਣ ਲਈ ਸਰਜਰੀ ਕਰਵਾਈ ਹੈ ਤਾਂ ਤੁਹਾਨੂੰ ਸਰਵਾਈਕਲ ਕੈਂਸਰ ਨਹੀਂ ਹੋ ਸਕਦਾ।
11. ਬੱਚੇਦਾਨੀ ਦਾ ਕੈਂਸਰ ਅਤੇ ਐੱਚ.ਪੀ.ਵੀ. ਦਾ ਟੀਕਾ
ਐੱਚ.ਪੀ.ਵੀ. ਦਾ ਟੀਕਾ ਐੱਚ.ਪੀ.ਵੀ. ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਮਦਦ ਕਰਦਾ ਹੈ, ਜੋ ਜ਼ਿਆਦਾਤਰ ਸਰਵਾਈਕਲ ਕੈਸਰਾਂ ਦਾ ਕਾਰਨ ਹੁੰਦਾ ਹੈ।
ਇਸ ਦੀ ਸਿਫ਼ਾਰਸ਼ 12 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਅਤੇ ਐੱਚ.ਪੀ.ਵੀ. ਦੇ ਵਧੇ ਜੋਖਮ ਵਾਲੇ ਲੋਕਾਂ ਲਈ ਕੀਤੀ ਜਾਂਦੀ ਹੈ। ਜੇਕਰ ਤੁਸੀਂ ਯੋਗ ਸੀ ਪਰ 12 ਜਾਂ 13 ਸਾਲ ਦੀ ਉਮਰ ਵਿੱਚ ਟੀਕਾਕਰਨ ਕਰਵਾਉਣ ਤੋਂ ਖੁੰਝ ਗਏ ਸੀ, ਤਾਂ ਆਪਣੀ ਜੀ.ਪੀ. ਸਰਜਰੀ ਨਾਲ ਸੰਪਰਕ ਕਰੋ।
ਸਰਵਾਈਕਲ ਸਕ੍ਰੀਨਿੰਗ ਅਪੌਇੰਟਮੈਂਟਾਂ ਵਿੱਚ ਸ਼ਾਮਲ ਹੋਣਾ ਅਜੇ ਵੀ ਮਹੱਤਵਪੂਰਨ ਹੁੰਦਾ ਹੈ, ਭਾਵੇਂ ਤੁਹਾਨੂੰ ਐੱਚ.ਪੀ.ਵੀ. ਤੋਂ ਬਚਾਅ ਲਈ ਟੀਕਾ ਲਗਾਇਆ ਜਾ ਚੁੱਕਾ ਹੈ। ਇਹ ਤੁਹਾਨੂੰ ਹਰ ਕਿਸਮ ਦੇ ਐੱਚ.ਪੀ.ਵੀ. ਤੋਂ ਨਹੀਂ ਬਚਾਉਂਦਾ, ਇਸ ਲਈ ਅਜੇ ਵੀ ਮਾਮੂਲੀ ਜਿਹੀ ਸੰਭਾਵਨਾ ਹੁੰਦੀ ਹੈ ਕਿ ਤੁਹਾਨੂੰ ਸਰਵਾਈਕਲ ਕੈਂਸਰ ਹੋ ਸਕਦਾ ਹੈ।
ਸਰਵਾਈਕਲ ਸਕ੍ਰੀਨਿੰਗ ਅਤੇ ਐੱਚ.ਪੀ.ਵੀ. ਟੀਕਾਕਰਨ ਸਰਵਾਈਕਲ ਕੈਂਸਰ ਤੋਂ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰਦੇ ਹਨ।
12. ਕਲੀਨਿਕਲ ਟ੍ਰਾਇਲ
ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕੀ ਤੁਸੀਂ ਕਲੀਨਿਕਲ ਟ੍ਰਾਇਲ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ। ਇਹ ਡਾਕਟਰੀ ਖੋਜ ਅਧਿਐਨ ਹਨ। ਤੁਹਾਨੂੰ ਪੇਸ਼ ਕੀਤਾ ਜਾਣ ਵਾਲਾ ਕੋਈ ਵੀ ਟ੍ਰਾਇਲ ਸਕ੍ਰੀਨਿੰਗ ਟੈਸਟਾਂ ਜਾਂ ਇਲਾਜਾਂ ਦੀਆਂ ਸਭ ਤੋਂ ਵਧੀਆ ਕਿਸਮਾਂ ਬਾਰੇ ਜਾਣਕਾਰੀ ਇਕੱਠੀ ਕਰੇਗਾ ਤਾਂ ਜੋ ਅਸੀਂ ਭਵਿੱਖ ਵਿੱਚ ਸੇਵਾਵਾਂ ਨੂੰ ਬਿਹਤਰ ਬਣਾ ਸਕੀਏ। ਤੁਸੀਂ ਇਹ ਚੋਣ ਕਰ ਸਕਦੇ ਹੋ ਕਿ ਹਿੱਸਾ ਲੈਣਾ ਹੈ ਜਾਂ ਨਹੀਂ।
13. ਹੋਰ ਜਾਣਕਾਰੀ ਅਤੇ ਸਹਾਇਤਾ
ਸਰਵਾਈਕਲ ਦੀ ਸਕ੍ਰੀਨਿੰਗ ਬਾਰੇ ਸਲਾਹ ਲਈ, ਤੁਸੀਂ ਆਪਣੀ ਜੀ.ਪੀ. ਸਰਜਰੀ ਜਾਂ ਜਿਨਸੀ ਸਿਹਤ ਕਲੀਨਿਕ ਨਾਲ ਸੰਪਰਕ ਕਰ ਸਕਦੇ ਹੋ।
ਹੋਰ ਭਾਸ਼ਾਵਾਂ ਸਮੇਤ ਇਹ ਜਾਣਕਾਰੀ ਵਿਕਲਪਿਕ ਫਾਰਮੈਟਾਂ ਵਿੱਚ ਉਪਲਬਧ ਹੈ। ਇਹ ਅਸਾਨ ਪੜ੍ਹਤ ਵਿੱਚ ਵੀ ਉਪਲਬਧ ਹੈ।
ਦੂਜੇ ਫਾਰਮੈਟ ਲਈ ਬੇਨਤੀ ਕਰਨ ਲਈ, ਤੁਸੀਂ ਇਸ ਨੰਬਰ ’ਤੇ ਫ਼ੋਨ ਕਰ ਸਕਦੇ ਹੋ 0300 311 22 33 ਜਾਂ ਇੱਥੇ ਈਮੇਲ ਕਰ ਸਕਦੇ ਹੋ: england.contactus@nhs.net
ਤੁਸੀਂ :
-
ਸਰਵਾਈਕਲ ਸਕ੍ਰੀਨਿੰਗ ਬਾਰੇ ਵੀ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ।
-
ਸਾਡੀ ਉਨ੍ਹਾਂ ਲੋਕਾਂ ਲਈ ਸੇਧ ਜਿਨ੍ਹਾਂ ਨੂੰ ਆਉਣਾ ਮੁਸ਼ਕਿਲ ਲੱਗਦਾ ਹੈ ਜਾਣਕਾਰੀ ਵੀ ਪੜ੍ਹ ਸਕਦੇ ਹੋ
-
ਟ੍ਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਲਈ ਐੱਨ.ਐੱਚ.ਐੱਸ. ਸਕ੍ਰੀਨਿੰਗ ਪ੍ਰੋਗਰਾਮਾਂ ਬਾਰੇ ਜਾਣਕਾਰੀ ਵੀ ਪੜ੍ਹ ਸਕਦੇ ਹੋ
ਈਵ ਅਪੀਲ ਗਾਇਨੋਕੋਲੋਜੀਕਲ ਕੈਂਸਰ ਚੈਰਿਟੀ ਹੈ। ਉਹ ਸਰਵਾਈਕਲ ਸਕ੍ਰੀਨਿੰਗ ਬਾਰੇ ਮੁਫ਼ਤ ਅਤੇ ਗੁਪਤ ਸਲਾਹ ਦੀ ਪੇਸ਼ਕਸ਼ ਕਰਦੇ ਹਨ। ਤੁਸੀਂ nurse@eveappeal.org.uk ’ਤੇ ਈਮੇਲ ਜਾਂ 0808 802 0019 ’ਤੇ ਫ਼ੋਨ ਕਰ ਸਕਦੇ ਹੋ।
ਇਸ ਬਾਰੇ ਪਤਾ ਲਗਾਓ ਸਕ੍ਰੀਨਿੰਗ ਨਾ ਕਰਵਾਉਣ ਦੀ ਚੋਣ ਕਿਵੇਂ ਕਰਨੀ ਹੈ