ਸੇਧ

ਪੇਟ ਦੀ ਮੁੱਖ ਨਾੜੀ ਦੇ ਐਨਿਉਰਿਜ਼ਮ (ਐਬਡੋਮਿਨਲ ਐਓਰਟਿਕ ਐਨਿਉਰਿਜ਼ਮ) (AAA) ਦੀ ਸਕ੍ਰੀਨਿੰਗ - 65 ਸਾਲ ਅਤੇ ਇਸਤੋਂ ਵੱਧ ਉਮਰ ਦੇ ਪੁਰਸ਼ਾਂ ਲਈ ਇੱਕ ਮੁਫਤ ਟੈਸਟ (Punjabi)

ਅੱਪਡੇਟ ਕੀਤਾ 9 ਜਨਵਰੀ 2026

Applies to England

ਤੁਸੀਂ ਇਹ ਚੁਣ ਸਕਦੇ ਹੋ ਕਿ ਤੁਸੀਂ ਪੇਟ ਦੀ ਮੁੱਖ ਨਾੜੀ ਦੇ ਐਨਿਉਰਿਜ਼ਮ (ਐਬਡੋਮਿਨਲ ਐਓਰਟਿਕ ਐਨਿਉਰਿਜ਼ਮ) (AAA) ਦੀ ਸਕ੍ਰੀਨਿੰਗ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਜਾਂ ਨਹੀਂ। ਇਸ ਲੀਫਲੈੱਟ ਦਾ ਉਦੇਸ਼ ਫੈਸਲਾ ਲੈਣ ਵਿੱਚ ਤੁਹਾਡੀ ਮਦਦ ਕਰਨਾ ਹੈ।

NHS AAA ਸਕ੍ਰੀਨਿੰਗ ਦੀ ਪੇਸ਼ਕਸ਼ ਕਿਉਂ ਕਰਦਾ ਹੈ

ਪੇਟ ਦੀ ਮੁੱਖ ਨਾੜੀ ਦਾ ਐਨਿਉਰਿਜ਼ਮ (ਐਬਡੋਮਿਨਲ ਐਓਰਟਿਕ ਐਨਿਉਰਿਜ਼ਮ), ਜਾਂ AAA, ਤੁਹਾਡੀ ਏਓਰਟਾ (ਮੁੱਖ ਨਾੜੀ) ਵਿੱਚ ਇੱਕ ਸੋਜ ਹੈ। ਏਓਰਟਾ (aorta) ਖੂਨ ਦੀ ਮੁੱਖ ਨਾੜੀ ਹੈ ਜੋ ਦਿਲ ਤੋਂ ਪੇਟ (ਟਮੀ) ਤੱਕ ਖੂਨ ਲੈ ਕੇ ਜਾਂਦੀ ਹੈ। ਵੱਡੇ AAAs ਗੰਭੀਰ ਹੋ ਸਕਦੇ ਹਨ। ਅਸੀਂ ਸਕ੍ਰੀਨਿੰਗ ਦੀ ਪੇਸ਼ਕਸ਼ ਕਰਦੇ ਹਾਂ ਤਾਂ ਜੋ ਅਸੀਂ ਐਨਿਉਰਿਜ਼ਮ ਨੂੰ ਜਲਦੀ ਲੱਭ ਸਕੀਏ ਅਤੇ ਉਹਨਾਂ ਦੀ ਨਿਗਰਾਨੀ ਜਾਂ ਇਲਾਜ ਕਰ ਸਕੀਏ।

ਜੇ ਤੁਹਾਨੂੰ AAA ਹੈ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਲੱਛਣ ਨਜ਼ਰ ਨਾ ਆਉਣ। ਇਸਦਾ ਇਹ ਮਤਲਬ ਹੈ ਕਿ ਤੁਸੀਂ ਆਮ ਤੌਰ ‘ਤੇ ਇਹ ਨਹੀਂ ਦੱਸ ਸਕਦੇ ਕਿ ਤੁਹਾਨੂੰ ਇਹ ਹੈ। ਪਤਾ ਲਗਾਉਣ ਦਾ ਸਭ ਤੋਂ ਆਸਾਨ ਤਰੀਕਾ ਆਪਣੇ ਪੇਟ ਦਾ ਅਲਟਰਾਸਾਊਂਡ ਸਕੈਨ ਕਰਵਾਉਣਾ ਹੈ।

ਅਸੀਂ AAA ਸਕ੍ਰੀਨਿੰਗ ਲਈ ਕਿਹਨਾਂ ਨੂੰ ਸੱਦਾ ਦਿੰਦੇ ਹਾਂ

NHS ਸਾਰੇ ਪੁਰਸ਼ਾਂ ਨੂੰ ਉਸ ਸਾਲ ਸਕ੍ਰੀਨਿੰਗ ਲਈ ਸੱਦਾ ਦਿੰਦਾ ਹੈ ਜਦੋਂ ਉਹ 65 ਸਾਲ ਦੇ ਹੁੰਦੇ ਹਨ। ਤੁਹਾਡਾ ਇੱਕ GP ਕੋਲ ਰਜਿਸਟਰ ਹੋਣਾ ਅਤੇ ਇੰਗਲੈਂਡ ਵਿੱਚ ਰਹਿਣਾ ਲਾਜ਼ਮੀ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ GP ਕੋਲ ਸਹੀ ਵੇਰਵੇ ਹਨ, ਜਿਸ ਵਿੱਚ ਇਹ ਸ਼ਾਮਲ ਹਨ: 

  • ਨਾਮ  
  • ਜਨਮ ਮਿਤੀ 
  • ਪਤਾ  
  • ਸੰਪਰਕ ਨੰਬਰ 
  • ਈਮੇਲ ਪਤਾ।

ਤੁਹਾਡਾ ਸੱਦਾ ਦੇਰੀ ਨਾਲ ਪਹੁੰਚ ਸਕਦਾ ਹੈ ਜੇ ਤੁਸੀਂ ਉਸ ਸਾਲ GP ਕੋਲ ਰਜਿਸਟਰ ਨਹੀਂ ਸੀ ਜਦੋਂ ਤੁਸੀਂ 65 ਸਾਲ ਦੇ ਹੋਏ ਸੀ, ਜਾਂ ਜੇ ਸਾਡੇ ਕੋਲ ਤੁਹਾਡੇ ਨਵੀਨਤਮ ਸੰਪਰਕ ਵੇਰਵੇ ਨਹੀਂ ਸਨ।

65 ਸਾਲ ਤੋਂ ਵੱਧ ਉਮਰ ਦੇ ਪੁਰਸ਼ ਜਿਨ੍ਹਾਂ ਦੀ ਸਕ੍ਰੀਨਿੰਗ ਨਹੀਂ ਹੋਈ ਹੈ, ਉਹ ਟੈਸਟ ਦਾ ਪ੍ਰਬੰਧ ਕਰਨ ਲਈ ਆਪਣੀ ਸਥਾਨਕ AAA ਸਕ੍ਰੀਨਿੰਗ ਸੇਵਾ ਨਾਲ ਸੰਪਰਕ ਕਰ ਸਕਦੇ ਹਨ।

ਟ੍ਰਾਂਸ ਅਤੇ ਨੌਨ-ਬਾਈਨਰੀ ਲੋਕ

ਆਪਣੇ GP ਕੋਲ ਮਹਿਲਾ ਵਜੋਂ ਰਜਿਸਟਰਡ ਲੋਕਾਂ ਨੂੰ AAA ਸਕ੍ਰੀਨਿੰਗ ਲਈ ਸੱਦਾ ਨਹੀਂ ਦਿੱਤਾ ਜਾਂਦਾ ਹੈ। ਜਨਮ ਸਮੇਂ ਪੁਰਸ਼ ਨਿਰਧਾਰਤ ਕੀਤੇ ਗਏ ਅਤੇ 65 ਸਾਲ ਅਤੇ ਇਸਤੋਂ ਵੱਧ ਉਮਰ ਦੇ ਟ੍ਰਾਂਸ ਅਤੇ ਨੌਨ-ਬਾਈਨਰੀ ਲੋਕ AAA ਸਕ੍ਰੀਨਿੰਗ ਲਈ ਕਹਿ ਸਕਦੇ ਹਨ। ਤੁਹਾਡਾ GP ਤੁਹਾਡੇ ਲਈ ਇਸਦਾ ਪ੍ਰਬੰਧ ਕਰਨ ਦੇ ਯੋਗ ਹੋਵੇਗਾ।

ਪੇਟ ਦੀ ਮੁੱਖ ਨਾੜੀ ਦਾ ਐਨਿਉਰਿਜ਼ਮ (ਐਬਡੋਮਿਨਲ ਐਓਰਟਿਕ ਐਨਿਉਰਿਜ਼ਮ) (AAA)

ਏਓਰਟਾ (aorta) ਖੂਨ ਦੀ ਮੁੱਖ ਨਾੜੀ ਹੈ ਜੋ ਤੁਹਾਡੇ ਸਰੀਰ ਨੂੰ ਖੂਨ ਦੀ ਸਪਲਾਈ ਕਰਦੀ ਹੈ। ਇਹ ਤੁਹਾਡੇ ਦਿਲ ਤੋਂ ਹੇਠਾਂ ਤੁਹਾਡੀ ਛਾਤੀ ਅਤੇ ਪੇਟ ਰਾਹੀਂ ਜਾਂਦੀ ਹੈ।

ਕੁਝ ਲੋਕਾਂ ਵਿੱਚ, ਜਿਵੇਂ-ਜਿਵੇਂ ਉਹਨਾਂ ਦੀ ਉਮਰ ਵਧਦੀ ਹੈ, ਪੇਟ ਵਿੱਚ ਏਓਰਟਾ ਦੀ ਕੰਧ ਕਮਜ਼ੋਰ ਹੋ ਸਕਦੀ ਹੈ। ਫਿਰ ਇਹ ਸੁੱਜਣਾ ਸ਼ੁਰੂ ਹੋ ਸਕਦੀ ਹੈ (ਗੁਬਾਰੇ ਵਾਂਗ) ਅਤੇ ਇੱਕ ਐਨਿਉਰਿਜ਼ਮ ਬਣ ਸਕਦੀ ਹੈ।

ਇਹ ਸਥਿਤੀ 65 ਸਾਲ ਅਤੇ ਇਸਤੋਂ ਵੱਧ ਉਮਰ ਦੇ ਪੁਰਸ਼ਾਂ ਵਿੱਚ ਸਭ ਤੋਂ ਆਮ ਹੈ।

ਏਓਰਟਾ ਪੇਟ ਵਿੱਚ ਸੁੱਜ ਸਕਦੀ ਹੈ ਅਤੇ ਇੱਕ AAA ਬਣਾ ਸਕਦੀ ਹੈ

AAA ਤੋਂ ਜੋਖਮ

ਵੱਡੇ ਐਨਿਉਰਿਜ਼ਮ ਦੁਰਲੱਭ ਹਨ ਪਰ ਬਹੁਤ ਗੰਭੀਰ ਹੋ ਸਕਦੇ ਹਨ। ਜਿਵੇਂ-ਜਿਵੇਂ ਏਓਰਟਾ ਦੀ ਕੰਧ ਫੈਲਦੀ ਹੈ, ਇਹ ਫਟ ਸਕਦੀ ਹੈ, ਜਿਸ ਨਾਲ ਅੰਦਰੂਨੀ ਖੂਨ ਵਹਿ ਸਕਦਾ ਹੈ। ਫਟੇ ਹੋਏ ਐਨਿਉਰਿਜ਼ਮ ਵਾਲੇ ਹਰ 100 ਵਿੱਚੋਂ ਲਗਭਗ 85 ਲੋਕਾਂ ਦੀ ਇਸਦੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ।

ਜੇ ਸਾਨੂੰ ਕੋਈ ਛੋਟਾ ਜਾਂ ਮੱਧਮ ਐਨਿਉਰਿਜ਼ਮ ਮਿਲਦਾ ਹੈ, ਤਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਇਹ ਦੇਖਣ ਲਈ ਜਾਂਚ ਕਰਦੇ ਰਹੀਏ ਕਿ ਕੀ ਇਹ ਵੱਡਾ ਹੋ ਰਿਹਾ ਹੈ। ਜੇ ਤੁਹਾਨੂੰ ਛੋਟਾ AAA ਹੈ, ਤਾਂ ਅਸੀਂ ਤੁਹਾਨੂੰ ਹਰ 12 ਮਹੀਨਿਆਂ ਬਾਅਦ ਸਕੈਨ ਲਈ ਸੱਦਾ ਦੇਵਾਂਗੇ। ਜੇ ਤੁਹਾਨੂੰ ਮੱਧਮ AAA ਹੈ, ਤਾਂ ਅਸੀਂ ਤੁਹਾਨੂੰ ਹਰ 3 ਮਹੀਨਿਆਂ ਬਾਅਦ ਸੱਦਾ ਦੇਵਾਂਗੇ।

AAA ਸਕ੍ਰੀਨਿੰਗ ਕਿਵੇਂ ਕੰਮ ਕਰਦੀ ਹੈ

ਅਸੀਂ ਇੱਕ ਸਧਾਰਨ ਅਲਟਰਾਸਾਊਂਡ ਸਕੈਨ ਦੀ ਵਰਤੋਂ ਕਰਦੇ ਹਾਂ, ਜੋ ਗਰਭਵਤੀ ਮਹਿਲਾਵਾਂ ਨੂੰ ਪੇਸ਼ ਕੀਤੇ ਜਾਣ ਵਾਲੇ ਸਕੈਨ ਵਰਗਾ ਹੀ ਹੁੰਦਾ ਹੈ। ਇਹ ਬਹੁਤ ਤੇਜ਼ ਹੁੰਦਾ ਹੈ। ਸਕੈਨ ਵਿੱਚ ਆਮ ਤੌਰ ‘ਤੇ 10 ਮਿੰਟ ਤੋਂ ਘੱਟ ਸਮਾਂ ਲੱਗਦਾ ਹੈ।

ਕਲੀਨਿਕ ਵਿੱਚ, ਅਸੀਂ ਤੁਹਾਡੇ ਨਿੱਜੀ ਵੇਰਵਿਆਂ ਦੀ ਜਾਂਚ ਕਰਾਂਗੇ ਅਤੇ ਸਕੈਨ ਬਾਰੇ ਸਮਝਾਵਾਂਗੇ। ਤੁਸੀਂ ਸਾਡੇ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਹੋ।

ਫਿਰ ਅਸੀਂ ਤੁਹਾਨੂੰ ਲੇਟਣ ਲਈ ਕਹਾਂਗੇ। ਤੁਹਾਨੂੰ ਆਪਣਾ ਟੌਪ ਉੱਪਰ ਚੁੱਕਣ ਜਾਂ ਕਮੀਜ਼ ਦੇ ਬਟਨ ਖੋਲ੍ਹਣ ਦੀ ਲੋੜ ਹੋਵੇਗੀ, ਪਰ ਤੁਹਾਨੂੰ ਕੱਪੜੇ ਉਤਾਰਨ ਦੀ ਲੋੜ ਨਹੀਂ ਪਵੇਗੀ।

ਅਸੀਂ ਤੁਹਾਡੇ ਪੇਟ ‘ਤੇ ਠੰਡਾ ਜੈੱਲ ਲਗਾਵਾਂਗੇ। ਫਿਰ ਅਸੀਂ ਤੁਹਾਡੀ ਚਮੜੀ ‘ਤੇ ਸਕੈਨਿੰਗ ਪ੍ਰੋਬ ਨੂੰ ਘੁੰਮਾਵਾਂਗੇ। ਸਕੈਨ ਪੂਰੀ ਤਰ੍ਹਾਂ ਦਰਦ ਰਹਿਤ ਹੈ। ਇਹ ਸਕ੍ਰੀਨ ‘ਤੇ ਤੁਹਾਡੀ ਏਓਰਟਾ ਦੀ ਤਸਵੀਰ ਦਿਖਾਏਗਾ, ਅਤੇ ਅਸੀਂ ਇਸਨੂੰ ਮਾਪਾਂਗੇ।

ਅਸੀਂ ਤੁਹਾਨੂੰ ਤੁਹਾਡਾ ਨਤੀਜਾ ਤੁਰੰਤ ਦੱਸਣ ਦੇ ਯੋਗ ਹੋਵਾਂਗੇ। ਅਸੀਂ ਤੁਹਾਡੇ ਨਤੀਜਿਆਂ ਦੀ ਇੱਕ ਕਾਪੀ ਤੁਹਾਡੇ GP ਨੂੰ ਵੀ ਭੇਜਾਂਗੇ।

ਕਈ ਵਾਰ ਸਕੈਨ ਸਪਸ਼ਟ ਨਹੀਂ ਹੁੰਦਾ ਅਤੇ ਏਓਰਟਾ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਜਾ ਸਕਦੀ। ਇਹ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਤੁਹਾਨੂੰ ਦੁਬਾਰਾ ਸਕੈਨ ਕਰਵਾਉਣ ਲਈ ਕਿਹਾ ਜਾਵੇਗਾ, ਜੋ ਆਮ ਤੌਰ ‘ਤੇ ਕਿਸੇ ਵੱਖਰੇ ਦਿਨ ਹੁੰਦਾ ਹੈ।

AAA ਸਕ੍ਰੀਨਿੰਗ ਦੇ ਨਤੀਜੇ

ਇਸਦੇ 4 ਸੰਭਾਵਿਤ ਨਤੀਜੇ ਹਨ:

  1. ਕੋਈ AAA ਨਹੀਂ
  2. ਛੋਟਾ AAA
  3. ਮੱਧਮ AAA
  4. ਵੱਡਾ AAA

ਕੋਈ AAA ਨਹੀਂ ਮਿਲਿਆ

ਜੇ ਤੁਹਾਡੀ ਏਓਰਟਾ 3cm ਤੋਂ ਘੱਟ ਚੌੜੀ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਕੋਈ AAA ਨਹੀਂ ਹੈ। ਜ਼ਿਆਦਾਤਰ ਪੁਰਸ਼ਾਂ ਦਾ ਇਹ ਨਤੀਜਾ ਹੁੰਦਾ ਹੈ। ਤੁਹਾਨੂੰ ਬਾਅਦ ਵਿੱਚ ਇਲਾਜ ਜਾਂ ਨਿਗਰਾਨੀ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਦੁਬਾਰਾ AAA ਸਕ੍ਰੀਨਿੰਗ ਲਈ ਸੱਦਾ ਨਹੀਂ ਦੇਵਾਂਗੇ।

ਛੋਟਾ AAA

ਜੇ ਤੁਹਾਡੀ ਏਓਰਟਾ 3cm ਅਤੇ 4.4cm ਦੇ ਵਿਚਕਾਰ ਚੌੜੀ ਹੈ, ਤਾਂ ਤੁਹਾਨੂੰ ਛੋਟਾ AAA ਹੈ। ਸਕ੍ਰੀਨ ਕੀਤੇ ਗਏ ਹਰ 80 ਪੁਰਸ਼ਾਂ ਵਿੱਚੋਂ ਲਗਭਗ 1 ਕੋਲ ਛੋਟਾ AAA ਹੁੰਦਾ ਹੈ। ਅਸੀਂ ਤੁਹਾਨੂੰ ਹਰ 12 ਮਹੀਨਿਆਂ ਬਾਅਦ ਸਕੈਨ ਲਈ ਵਾਪਸ ਸੱਦਾ ਦੇਵਾਂਗੇ ਤਾਂ ਜੋ ਇਹ ਜਾਂਚ ਕੀਤੀ ਜਾ ਸਕੇ ਕਿ ਕੀ ਇਹ ਵੱਡਾ ਹੋ ਰਿਹਾ ਹੈ।

ਮੱਧਮ AAA

ਜੇ ਤੁਹਾਡੀ ਏਓਰਟਾ 4.5cm ਅਤੇ 5.4cm ਦੇ ਵਿਚਕਾਰ ਚੌੜੀ ਹੈ, ਤਾਂ ਤੁਹਾਨੂੰ ਮੱਧਮ AAA ਹੈ। ਸਕ੍ਰੀਨ ਕੀਤੇ ਗਏ ਹਰ 500 ਪੁਰਸ਼ਾਂ ਵਿੱਚੋਂ ਲਗਭਗ 1 ਕੋਲ ਮੱਧਮ AAA ਹੁੰਦਾ ਹੈ। ਅਸੀਂ ਤੁਹਾਨੂੰ ਹਰ 3 ਮਹੀਨਿਆਂ ਬਾਅਦ ਸਕੈਨ ਲਈ ਵਾਪਸ ਸੱਦਾ ਦੇਵਾਂਗੇ ਤਾਂ ਜੋ ਇਹ ਜਾਂਚ ਕੀਤੀ ਜਾ ਸਕੇ ਕਿ ਕੀ ਇਹ ਵੱਡਾ ਹੋ ਰਿਹਾ ਹੈ।

ਵੱਡਾ AAA

ਜੇ ਤੁਹਾਡੀ ਏਓਰਟਾ 5.5cm ਚੌੜੀ ਜਾਂ ਇਸਤੋਂ ਵੱਡੀ ਹੈ, ਤਾਂ ਤੁਹਾਨੂੰ ਵੱਡਾ AAA ਹੈ। ਸਕ੍ਰੀਨ ਕੀਤੇ ਗਏ ਹਰ 2,500 ਪੁਰਸ਼ਾਂ ਵਿੱਚੋਂ ਲਗਭਗ 1 ਕੋਲ ਵੱਡਾ AAA ਹੁੰਦਾ ਹੈ। ਅਸੀਂ ਤੁਹਾਨੂੰ ਇੱਕ ਮਾਹਰ ਟੀਮ ਨਾਲ ਅਪਾਇਂਟਮੇਂਟ ਦੀ ਪੇਸ਼ਕਸ਼ ਕਰਾਂਗੇ। ਉਹ ਹੋਰ ਸਕੈਨ ਕਰਨਗੇ ਅਤੇ ਤੁਹਾਡੇ ਨਾਲ ਇਲਾਜ ਦੇ ਸੰਭਾਵਿਤ ਵਿਕਲਪਾਂ ਬਾਰੇ ਗੱਲ ਕਰਨਗੇ, ਆਮ ਤੌਰ ‘ਤੇ ਇੱਕ ਆਪ੍ਰੇਸ਼ਨ।

ਛੋਟੇ ਜਾਂ ਮੱਧਮ AAA ਦੀ ਨਿਗਰਾਨੀ                                                                    

ਜੇ ਤੁਹਾਨੂੰ ਛੋਟਾ ਜਾਂ ਮੱਧਮ AAA ਹੈ, ਤਾਂ ਤੁਹਾਨੂੰ ਇਲਾਜ ਦੀ ਲੋੜ ਸਿਰਫ ਤਾਂ ਹੀ ਹੋਵੇਗੀ ਜੇਕਰ ਇਹ ਵੱਡਾ ਹੋ ਜਾਂਦਾ ਹੈ।

ਆਪਣੇ AAA ਦੇ ਆਕਾਰ ਦੀ ਨਿਗਰਾਨੀ ਕਰਨਾ ਮਹੱਤਵਪੂਰਨ ਹੈ। ਇਹ ਇਸ ਲਈ ਹੈ ਕਿਉਂਕਿ ਇਹ ਵੱਡੇ AAA ਵਿੱਚ ਵਿਕਸਤ ਹੋ ਸਕਦਾ ਹੈ।

ਜ਼ਿਆਦਾਤਰ AAAs ਬਹੁਤ ਹੌਲੀ-ਹੌਲੀ ਵੱਡੇ ਹੁੰਦੇ ਹਨ। ਛੋਟੇ ਜਾਂ ਮੱਧਮ AAA ਵਾਲੇ ਬਹੁਤੇ ਪੁਰਸ਼ਾਂ ਵਿੱਚ ਕਦੇ ਵੀ ਵੱਡਾ AAA ਵਿਕਸਤ ਨਹੀਂ ਹੋ ਸਕਦਾ ਅਤੇ ਉਹਨਾਂ ਨੂੰ ਇਲਾਜ ਦੀ ਲੋੜ ਨਹੀਂ ਪੈਂਦੀ।

ਅਸੀਂ ਤੁਹਾਡੇ ਲਈ ਇੱਕ ਵੈਸਕੁਲਰ ਨਰਸ ਸਪੈਸ਼ਲਿਸਟ ਨੂੰ ਮਿਲਣ ਲਈ ਇੱਕ ਅਪਾਇਂਟਮੇਂਟ ਦਾ ਪ੍ਰਬੰਧ ਕਰਾਂਗੇ ਜੋ ਤੁਹਾਨੂੰ AAA ਦੇ ਵੱਡੇ ਹੋਣ ਦੇ ਜੋਖਮ ਨੂੰ ਘਟਾਉਣ ਬਾਰੇ ਸਲਾਹ ਦੇਵੇਗੀ/ਦੇਵੇਗਾ। ਤੁਹਾਡਾ GP ਤੁਹਾਨੂੰ ਗੋਲੀਆਂ ਵੀ ਦੇ ਸਕਦਾ ਹੈ ਜਾਂ ਤੁਹਾਡੇ ਦੁਆਰਾ ਲਈਆਂ ਜਾ ਰਹੀਆਂ ਦਵਾਈਆਂ ਦੀ ਸਮੀਖਿਆ ਕਰ ਸਕਦਾ ਹੈ। ਤੁਹਾਨੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਲਈ ਕਿਹਾ ਜਾ ਸਕਦਾ ਹੈ।

ਵੱਡੇ AAA ਦਾ ਇਲਾਜ

ਜੇ ਸਾਨੂੰ ਵੱਡਾ AAA ਮਿਲਦਾ ਹੈ, ਤਾਂ ਅਸੀਂ ਤੁਹਾਨੂੰ ਇੱਕ ਮਾਹਰ ਟੀਮ ਕੋਲ ਰੈਫਰ ਕਰਾਂਗੇ। ਉਹ ਹੋਰ ਟੈਸਟ ਕਰਨਗੇ ਅਤੇ ਇੱਕ ਮਾਹਰ ਤੁਹਾਡੇ ਨਾਲ ਇਲਾਜ ਦੇ ਵਿਕਲਪਾਂ ‘ਤੇ ਚਰਚਾ ਕਰੇਗਾ। ਇਹ ਆਮ ਤੌਰ ‘ਤੇ ਤੁਹਾਡੀ ਅਪਾਇਂਟਮੇਂਟ ਦੇ ਦੋ ਮਹੀਨਿਆਂ ਦੇ ਅੰਦਰ ਇੱਕ ਆਪ੍ਰੇਸ਼ਨ ਹੋਵੇਗਾ, ਜੇ ਤੁਸੀਂ ਫੈਸਲਾ ਕਰਦੇ ਹੋ ਕਿ ਤੁਸੀਂ ਇਹ ਕਰਵਾਉਣਾ ਚਾਹੁੰਦੇ ਹੋ।

ਸਕ੍ਰੀਨਿੰਗ ਵਿੱਚ ਮਿਲੇ ਐਨਿਉਰਿਜ਼ਮ ਦਾ ਇਲਾਜ ਆਮ ਤੌਰ ‘ਤੇ ਸੁਰੱਖਿਅਤ ਅਤੇ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਲਾਜ ਤੋਂ ਜੋਖਮ ਵੀ ਹੁੰਦੇ ਹਨ। ਮਾਹਰ ਤੁਹਾਨੂੰ ਇਨ੍ਹਾਂ ਬਾਰੇ ਵਿਸਥਾਰ ਵਿੱਚ ਸਮਝਾਉਣਗੇ।

ਵੱਡੇ AAA ਵਾਲੇ ਹਰ ਵਿਅਕਤੀ ਦਾ ਆਪ੍ਰੇਸ਼ਨ ਨਹੀਂ ਹੋਵੇਗਾ।

AAA ਸਕ੍ਰੀਨਿੰਗ ਦੇ ਸੰਭਾਵਿਤ ਜੋਖਮ

ਕੋਈ ਵੀ ਸਕ੍ਰੀਨਿੰਗ ਟੈਸਟ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਹੁੰਦਾ, ਪਰ AAAs ਨੂੰ ਲੱਭਣ ਲਈ ਵਰਤਿਆ ਜਾਣ ਵਾਲਾ ਸਕੈਨ ਬਹੁਤ ਭਰੋਸੇਮੰਦ ਹੁੰਦਾ ਹੈ। ਜੇ ਸਕ੍ਰੀਨਿੰਗ ਵਿੱਚ ਐਨਿਉਰਿਜ਼ਮ ਨਹੀਂ ਮਿਲਦਾ ਤਾਂ ਕਿਸੇ ਪੁਰਸ਼ ਵਿੱਚ ਵੱਡਾ AAA ਵਿਕਸਤ ਹੋਣਾ ਬਹੁਤ ਦੁਰਲੱਭ ਹੈ। AAA ਸਕ੍ਰੀਨਿੰਗ ਐਨਿਉਰਿਜ਼ਮ ਦੇ ਫਟਣ ਦੇ ਜੋਖਮ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੀ, ਪਰ ਇਹ ਤੁਹਾਡੇ ਜੋਖਮ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਸਕ੍ਰੀਨਿੰਗ ਟੈਸਟ ਤੋਂ ਖੁਦ ਕੋਈ ਜੋਖਮ ਨਹੀਂ ਹੈ, ਪਰ ਜੇ ਤੁਹਾਨੂੰ AAA ਦੇ ਇਲਾਜ ਲਈ ਸਰਜਰੀ ਦੀ ਲੋੜ ਪੈਂਦੀ ਹੈ ਤਾਂ ਜੋਖਮ ਹੁੰਦੇ ਹਨ। ਸਕ੍ਰੀਨ ਕੀਤੇ ਗਏ ਹਰ 10,000 ਪੁਰਸ਼ਾਂ ਵਿੱਚੋਂ ਲਗਭਗ 30 ਦਾ ਆਪ੍ਰੇਸ਼ਨ ਹੁੰਦਾ ਹੈ। ਔਸਤਨ, ਸਰਜਰੀ ਕਰਵਾਉਣ ਵਾਲੇ 67 ਪੁਰਸ਼ਾਂ ਵਿੱਚੋਂ 1 ਜਿਉਂਦਾ ਨਹੀਂ ਬਚੇਗਾ। ਇਸ ਗੱਲ ਦੀ ਘੱਟ ਸੰਭਾਵਨਾ ਹੈ ਕਿ ਜੇ ਉਨ੍ਹਾਂ ਦੇ AAA ਦਾ ਇਲਾਜ ਨਾ ਕੀਤਾ ਜਾਂਦਾ, ਤਾਂ ਸ਼ਾਇਦ ਉਹ ਕਦੇ ਨਾ ਫਟਦਾ।

ਕਿਸਨੂੰ AAA ਹੋਣ ਦੀ ਜ਼ਿਆਦਾ ਸੰਭਾਵਨਾ ਹੈ

ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਵਿੱਚ AAA ਹੋਣ ਦੀ ਸੰਭਾਵਨਾ 4 ਗੁਣਾ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਮਹਿਲਾਵਾਂ ਨੂੰ ਸਕ੍ਰੀਨਿੰਗ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ। ਉਮਰ ਦੇ ਨਾਲ ਐਨਿਉਰਿਜ਼ਮ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਤੁਹਾਡੇ ਵਿੱਚ AAA ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ ਜੇ:

  • ਤੁਸੀਂ ਸਿਗਰਟਨੋਸ਼ੀ ਕਰਨ ਵਾਲੇ ਹੋ ਜਾਂ ਕਦੇ ਰਹੇ ਹੋ
  • ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ
  • ਤੁਹਾਡੇ ਭਰਾ, ਭੈਣ ਜਾਂ ਮਾਤਾ-ਪਿਤਾ ਨੂੰ AAA ਹੈ, ਜਾਂ ਹੋ ਚੁੱਕਾ ਹੈ।

ਹੋਰ ਜਾਣਕਾਰੀ ਅਤੇ ਸਹਾਇਤਾ

AAA ਸਕ੍ਰੀਨਿੰਗ ਬਾਰੇ ਹੋਰ ਜਾਣਕਾਰੀ ਲਈ, ਆਪਣੀ ਸਥਾਨਕ ਸਕ੍ਰੀਨਿੰਗ ਸੇਵਾ ਨਾਲ ਸੰਪਰਕ ਕਰੋ। ਕਿਰਪਾ ਕਰਕੇ ਆਪਣੀ ਅਪਾਇਂਟਮੇਂਟ ਤੋਂ ਪਹਿਲਾਂ ਉਹਨਾਂ ਨੂੰ ਦੱਸੋ ਜੇ ਤੁਹਾਨੂੰ ਵਾਧੂ ਸਹਾਇਤਾ ਦੀ ਲੋੜ ਹੈ। ਇਸ ਵਿੱਚ ਤੁਹਾਡੇ ਨਾਲ ਦੇਖਭਾਲ ਕਰਨ ਵਾਲੇ (ਕੇਅਰਰ) ਦਾ ਆਉਣਾ, ਲੰਬੀ ਅਪਾਇਂਟਮੇਂਟ ਲੈਣਾ ਜਾਂ ਕਿਸੇ ਵੱਖਰੀ ਥਾਂ ‘ਤੇ ਜਾਣਾ ਸ਼ਾਮਲ ਹੋ ਸਕਦਾ ਹੈ।

ਤੁਹਾਡੇ ਸੱਦੇ ਵਿੱਚ ਉਹਨਾਂ ਦੇ ਸੰਪਰਕ ਵੇਰਵੇ ਸ਼ਾਮਲ ਹੋਣਗੇ। ਤੁਸੀਂ ਆਪਣੇ GP ਕਲੀਨਿਕ ਨਾਲ ਵੀ ਗੱਲ ਕਰ ਸਕਦੇ ਹੋ।

ਆਪਣੀ ਸਥਾਨਕ AAA ਸਕ੍ਰੀਨਿੰਗ ਸੇਵਾ ਲਈ ਸੰਪਰਕ ਵੇਰਵੇ ਲੱਭੋ.

ਇਹ ਜਾਣਕਾਰੀ ਵਿਕਲਪਿਕ ਫਾਰਮੈਟ ਵਿੱਚ ਉਪਲਬਧ ਹੈ, ਜਿਸ ਵਿਚ ਸ਼ਾਮਲ ਹਨ ਅਸਾਨ ਪੜ੍ਹਤ ਅਤੇ ਹੋਰ ਭਾਸ਼ਾਵਾਂ। ਦੂਜੇ ਆਕਾਰ ਲਈ ਬੇਨਤੀ ਕਰਨ ਲਈ, ਤੁਸੀਂ ਇਸ ਨੰਬਰ ਤੇ ਫੋਲ ਕਰੋ 0300 311 22 33 ਜਾਂ ਈਮੇਲ ਕਰੋ england.contactus@nhs.netý.  

ਤੁਸੀਂ ਇਹ ਵੀ ਕਰ ਸਕਦੇ ਹੋ: 

ਸਰਕੂਲੇਸ਼ਨ ਫਾਊਂਡੇਸ਼ਨ (Circulation Foundation) ਅਤੇ ਬ੍ਰਿਟਿਸ਼ ਹਾਰਟ ਫਾਊਂਡੇਸ਼ਨ (British Heart Foundation) ਨਾੜੀਆਂ ਦੀਆਂ ਬਿਮਾਰੀਆਂ (vascular diseases) ਵਾਲੇ ਲੋਕਾਂ ਦੀ ਸਹਾਇਤਾ ਕਰਦੇ ਹਨ। ਇਸ ਵਿੱਚ AAAs ਵਾਲੇ ਲੋਕ ਸ਼ਾਮਲ ਹਨ।

ਅਸੀਂ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦੇਣ ਲਈ ਤੁਹਾਡੇ NHS ਰਿਕਾਰਡਾਂ ਤੋਂ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਇਹ ਜਾਣਕਾਰੀ ਸਕ੍ਰੀਨਿੰਗ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਅਤੇ ਮਿਆਰੀ ਦੇਖਭਾਲ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰਦੀ ਹੈ। ਇਸ ਬਾਰੇ ਹੋਰ ਪੜ੍ਹੋ ਕਿ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦੇ ਹਾਂ

ਇਸ ਬਾਰੇ ਪਤਾ ਲਗਾਓ ਕਿ ਸਕ੍ਰੀਨਿੰਗ ਵਿੱਚ ਭਾਗ ਨਾ ਲੈਣ ਦੀ ਚੋਣ ਕਿਵੇਂ ਕਰਨੀ ਹੈ