ਬੁੱਲ੍ਹ ਦਾ ਪਾੜ (ਕਲੇਫਟ ਲਿਪ): ਮਾਪਿਆਂ ਲਈ ਜਾਣਕਾਰੀ (Punjabi)
ਅੱਪਡੇਟ ਕੀਤਾ 9 ਜੁਲਾਈ 2026
Applies to England
ਤੁਸੀਂ ਇਹ ਜਾਣਕਾਰੀ ਇਸ ਲਈ ਪੜ੍ਹ ਰਹੇ ਹੋ ਕਿਉਂਕਿ ਤੁਹਾਡੇ 20-ਹਫ਼ਤੇ ਦੇ ਸਕ੍ਰੀਨਿੰਗ ਸਕੈਨਤੋਂ ਬਾਅਦ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਤੁਹਾਡੇ ਬੱਚੇ ਦੇ ਬੁੱਲ੍ਹ ਵਿੱਚ ਪਾੜ ਹੈ।
ਇਹ ਜਾਣਕਾਰੀ ਤੁਹਾਡੀ ਅਤੇ ਤੁਹਾਡੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਦੇ ਅਗਲੇ ਪੜਾਵਾਂ ਬਾਰੇ ਵਿਸਥਾਰਪੂਰਨ ਢੰਗ ਨਾਲ ਗੱਲ ਕਰਨ ਵਿੱਚ ਮਦਦ ਕਰਦੀ ਹੈ। ਇਸ ਜਾਣਕਾਰੀ ਨਾਲ ਸਿਹਤ-ਪੇਸ਼ੇਵਰਾਂ ਨਾਲ ਤੁਹਾਡੀਆਂ ਚਰਚਾਵਾਂ ਲਈ ਸਹਾਇਤਾ ਮਿਲਣੀ ਚਾਹੀਦੀ ਹੈ, ਪਰ ਇਹ ਇਸ ਦਾ ਬਦਲ ਨਹੀਂ ਬਣਨੀ ਚਾਹੀਦੀ।
ਇਸ ਬਾਰੇ ਪਤਾ ਲੱਗਣਾ ਮੁਸ਼ਕਿਲ ਭਰਿਆ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਉਮੀਦ ਅਨੁਸਾਰ ਵਿਕਾਸ ਨਹੀਂ ਕਰ ਰਿਹਾ ਹੋ ਸਕਦਾ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਇਕੱਲੇ ਨਹੀਂ ਹੋ।
ਅਸੀਂ ਤੁਹਾਨੂੰ ਇੱਕ ਵਿਸ਼ੇਸ਼ੱਗ (ਮਾਹਰ) ਟੀਮ ਕੋਲ ਭੇਜਾਂਗੇ ਜੋ:
- ਤੁਹਾਡੇ ਬੱਚੇ ਦੀ ਸਿਹਤ-ਸਮੱਸਿਆ ਅਤੇ ਇਲਾਜ ਬਾਰੇ ਜ਼ਿਆਦਾ ਜਾਣਕਾਰੀ ਪ੍ਰਦਾਨ ਕਰੇਗੀ
- ਤੁਹਾਡੇ ਕਿਸੇ ਵੀ ਸਵਾਲ ‘ਤੇ ਵਿਸਥਾਰ ਨਾਲ ਗੱਲ ਕਰੇਗੀ
- ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ
ਬੁੱਲ੍ਹ ਦੇ ਪਾੜ ਬਾਰੇ
ਇੱਕ ਬੁੱਲ੍ਹ ਦੇ ਪਾੜ ਵਿੱਚ ਉੱਪਰਲੇ ਬੁੱਲ੍ਹ ਵਿੱਚ ਇੱਕ ਵਿੱਥ ਜਾਂ ਦਰਾਰ ਹੁੰਦੀ ਹੈ। ਇੱਕ ਪਾੜ ਪਏ ਤਾਲੂ ਵਿੱਚ ਮੂੰਹ ਦੇ ਅੰਦਰੂਨੀ ਉੱਪਰਲੇ ਹਿੱਸੇ ਵਿੱਚ ਇੱਕ ਵਿੱਥ ਜਾਂ ਦਰਾਰ ਹੁੰਦੀ ਹੈ।
ਗਰਭ ਅਵਸਥਾ ਦੇ ਸ਼ੁਰੂ ਵਿੱਚ, ਬੱਚੇ ਦੇ ਚਿਹਰੇ ਦੇ ਵੱਖ-ਵੱਖ ਹਿੱਸੇ ਵੱਖਰੇ ਤੌਰ ‘ਤੇ ਵਿਕਸਤ ਹੁੰਦੇ ਹਨ ਅਤੇ ਫੇਰ ਇਕੱਠੇ ਜੁੜਦੇ ਹਨ। ਜੇਕਰ ਕੁਝ ਹਿੱਸੇ ਸਹੀ ਢੰਗ ਨਾਲ ਨਹੀਂ ਜੁੜਦੇ ਹਨ, ਤਾਂ ਬੱਚਾ ਇੱਕ ਪਾੜ ਨਾਲ ਪੈਦਾ ਹੁੰਦਾ ਹੈ।
ਬੱਚੇ ਬੁੱਲ੍ਹ ਦੇ ਪਾੜ, ਪਾੜ ਪਏ ਤਾਲੂ, ਜਾਂ ਦੋਵਾਂ ਨਾਲ ਪੈਦਾ ਹੋ ਸਕਦੇ ਹਨ। ਇਹ ਸਿਹਤ-ਸਮੱਸਿਆ ਵੱਖੋ-ਵੱਖਰੀ ਹੁੰਦੀ ਹੈ, ਅਤੇ ਕੁਝ ਬੁੱਲ੍ਹਾਂ ਦੇ ਪਾੜ ਨੂੰ ਦੂਜਿਆਂ ਨਾਲੋਂ ਜ਼ਿਆਦਾ ਇਲਾਜ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ।
ਜ਼ਿਆਦਾਤਰ ਸਕੈਨ ਸਿਰਫ਼ ਬੁੱਲ੍ਹ ਦੇ ਪਾੜ ਬਾਰੇ ਹੀ ਪਤਾ ਲਗਾਉਂਦੇ ਹਨ। ਸਕੈਨ ਹਮੇਸ਼ਾ ਪਾੜ ਪਏ ਤਾਲੂ ਬਾਰੇ ਪਤਾ ਨਹੀਂ ਲਗਾ ਸਕਦੇ, ਭਾਵੇਂ ਬੁੱਲ੍ਹ ਦੇ ਪਾੜ ਨੂੰ ਦੇਖਿਆ ਜਾ ਸਕਦਾ ਹੈ।
ਬੁੱਲ੍ਹ ਦਾ ਪਾੜ ਉਦੋਂ ਹੁੰਦਾ ਹੈ ਜਦੋਂ ਬੱਚੇ ਦਾ ਉੱਪਰਲਾ ਬੁੱਲ੍ਹ ਇੱਕਸਾਰ ਢੰਗ ਨਾਲ ਨਹੀਂ ਜੁੜਿਆ ਹੁੰਦਾ। ਬੁੱਲ੍ਹ ਦਾ ਪਾੜ:
- ਬੁੱਲ੍ਹ ਦੇ ਇੱਕ ਪਾਸੇ ਹੋ ਸਕਦਾ ਹੈ (ਇਕਪਾਸੜ)
- ਬੁੱਲ੍ਹ ਦੇ ਦੋਵੇਂ ਪਾਸੇ ਹੋ ਸਕਦਾ ਹੈ (ਦੁਵੱਲਾ)
- ਇਸ ਦੀ ਹੱਦ ਇੱਕ ਛੋਟੇ ਜਿਹੇ ਨਿਸ਼ਾਨ (ਕੱਟ) ਤੋਂ ਲੈ ਕੇ ਇੱਕ ਚੌੜੇ ਪਾੜ ਤੱਕ ਹੋ ਸਕਦੀ ਹੈ ਜੋ ਨੱਕ ਤੱਕ ਪਹੁੰਚਦੀ ਹੈ
ਇੱਕ ਪਾੜ ਪਿਆ ਤਾਲੂ ਉੱਥੇ ਹੁੰਦਾ ਹੈ ਜਿੱਥੇ ਮੂੰਹ ਦਾ ਅੰਦਰੂਨੀ ਉੱਪਰਲਾ ਹਿੱਸਾ (ਤਾਲੂ) ਇੱਕਮਿੱਕਤਾ ਨਾਲ ਨਹੀਂ ਜੁੜਿਆ ਹੁੰਦਾ। ਪਾੜ ਪਿਆ ਤਾਲੂ ਇੱਕ ਵਿੱਥ ਹੋ ਸਕਦੀ ਹੈ:
- ਸਿਰਫ਼ ਤਾਲੂ ਦੇ ਪਿਛਲੇ ਪਾਸੇ ਵਿੱਚ
- ਤਾਲੂ ਵਿੱਚ ਜੋ ਮੂੰਹ ਦੇ ਅਗਲੇ ਹਿੱਸੇ ਤੱਕ ਹੁੰਦਾ ਹੈ
ਕਾਰਨ
ਸਾਨੂੰ ਇਸ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਹੁੰਦਾ ਕਿ ਬੁੱਲ੍ਹ ਦੇ ਪਾੜ ਦਾ ਕੀ ਕਾਰਨ ਹੈ। ਗਰਭ ਅਵਸਥਾ ਦੌਰਾਨ ਤੁਹਾਡੇ ਵੱਲੋਂ ਕੀਤੇ ਜਾਂ ਨਾ ਕੀਤੇ ਗਏ ਕਿਸੇ ਵੀ ਕੰਮ ਕਾਰਨ ਇਸ ਦੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਇਹ ਕਈ ਵਾਰ ਹੋਰ ਡਾਕਟਰੀ ਸਿਹਤ-ਸਮੱਸਿਆਵਾਂ ਨਾਲ ਜੁੜਿਆ ਹੁੰਦਾ ਹੈ, ਜਿਵੇਂ ਕਿ ਜੋ ਤੁਹਾਡੇ ਬੱਚੇ ਦੇ ਕ੍ਰੋਮੋਸੋਮ (ਅਨੁਵੰਸ਼ਕ ਜਾਣਕਾਰੀ) ਨੂੰ ਪ੍ਰਭਾਵਿਤ ਕਰਦੀਆਂ ਹਨ। ਤੁਸੀਂ ਇੱਕ ਮਾਹਰ ਟੀਮ ਨਾਲ ਆਪਣੇ ਵਿਅਕਤੀਗਤ ਹਾਲਾਤਾਂ ਬਾਰੇ ਚਰਚਾ ਕਰ ਸਕੋਗੇ।
1,300 ਵਿੱਚੋਂ ਲਗਭਗ ਇੱਕ ਬੱਚੇ (0.08%) ਦੇ ਬੁੱਲ੍ਹ ਵਿੱਚ ਪਾੜ ਹੁੰਦਾ ਹੈ, ਜੋ ਪਾੜ ਪਏ ਤਾਲੂ ਦੇ ਨਾਲ ਜਾਂ ਇਸ ਤੋਂ ਬਿਨ੍ਹਾਂ ਹੁੰਦਾ ਹੈ। ਇਹ ਯੂਕੇ ਵਿੱਚ ਬੱਚੇ ਦੇ ਜਨਮ ਸਮੇਂ ਚਿਹਰੇ ਸਬੰਧੀ ਸਭ ਤੋਂ ਆਮ ਸਿਹਤ-ਸਮੱਸਿਆ ਹੈ।
ਅਸੀਂ ਬੁੱਲ੍ਹ ਦੇ ਪਾੜ ਬਾਰੇ ਕਿਵੇਂ ਪਤਾ ਲਗਾਉਂਦੇ ਹਾਂ
ਅਸੀਂ 20-ਹਫ਼ਤੇ ਦੇ ਸਕ੍ਰੀਨਿੰਗ ਸਕੈਨ (ਗਰਭ ਅਵਸਥਾ ਦੇ 18+0 ਤੋਂ ਲੈ ਕੇ 20+6 ਹਫ਼ਤਿਆਂ ਦੇ ਵਿਚਕਾਰ) ‘ਤੇ ਬੁੱਲ੍ਹ ਦੇ ਪਾੜ ਦੀ ਜਾਂਚ ਕਰਦੇ ਹਾਂ। ਇਸ ਸਕੈਨ ਦੌਰਾਨ ਬੁੱਲ੍ਹ ਦੇ ਪਾੜ ਦੇ ਜ਼ਿਆਦਾਤਰ ਮਾਮਲਿਆਂ ਬਾਰੇ ਪਤਾ ਲਗਾਇਆ ਜਾਂਦਾ ਹੈ, ਪਰ ਹੋ ਸਕਦਾ ਹੈ ਕਿ ਬਹੁਤ ਹੀ ਸੂਖਮ ਜਾਂ ਛੋਟੇ ਬੁੱਲ੍ਹ ਦੇ ਪਾੜ ਨਾ ਦਿਖਾਈ ਦੇ ਸਕਣ।
ਰੂਟੀਨ ਅਲਟਰਾਸਾਊਂਡ ਸਕੈਨ ‘ਤੇ ਪਾੜ ਪਏ ਤਾਲੂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ, ਬੁੱਲ੍ਹ ਦੇ ਪਾੜ ਦੇਖੇ ਜਾਣ ਦੇ ਬਾਵਜੂਦ ਅਜਿਹਾ ਹੁੰਦਾ ਹੈ।
ਫਾਲੋ-ਅੱਪ ਟੈਸਟ ਅਤੇ ਅਪੌਇੰਟਮੈਂਟਾਂ
ਕਿਉਂਕਿ ਸਕੈਨ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਬੁੱਲ੍ਹ ਵਿੱਚ ਪਾੜ ਹੈ, ਇਸ ਲਈ ਅਸੀਂ ਤੁਹਾਨੂੰ ਮਾਹਰਾਂ ਦੀ ਇੱਕ ਵਿਸ਼ੇਸ਼ੱਗ ਟੀਮ ਕੋਲ ਭੇਜਾਂਗੇ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਦੇਖਭਾਲ ਕਰਨ ਦੀ ਮਹਾਰਤ ਹੁੰਦੀ ਹੈ। ਉਹ ਉਸ ਹਸਪਤਾਲ ਵਿੱਚ ਹੋ ਸਕਦੇ ਹਨ ਜਿੱਥੇ ਤੁਸੀਂ ਵਰਤਮਾਨ ਸਮੇਂ ਜਣੇਪੇ ਤੋਂ ਪਹਿਲਾਂ ਵਾਲੀ ਦੇਖਭਾਲ ਪ੍ਰਾਪਤ ਕਰ ਰਹੇ ਹੋ, ਜਾਂ ਅਜਿਹਾ ਕਿਸੇ ਵੱਖਰੇ ਹਸਪਤਾਲ ਵਿੱਚ ਹੋ ਸਕਦਾ ਹੈ।
ਵਿਸ਼ੇਸ਼ੱਗ ਟੀਮ ਤੁਹਾਨੂੰ ਹੋਰ ਸਕੈਨਾਂ ਦੀ ਪੇਸ਼ਕਸ਼ ਕਰੇਗੀ, ਜੋ ਇਹ ਪੁਸ਼ਟੀ ਕਰਨਗੇ ਕਿ ਕੀ ਤੁਹਾਡੇ ਬੱਚੇ ਦੇ ਬੁੱਲ੍ਹ ਵਿੱਚ ਪਾੜ ਹੈ, ਬੁੱਲ੍ਹ ਦੇ ਪਾੜ ਦੀ ਕਿਸਮ ਕੀ ਹੈ ਅਤੇ ਇਸ ਦਾ ਕੀ ਅਰਥ ਹੋ ਸਕਦਾ ਹੈ। ਉਹ ਤੁਹਾਨੂੰ ਵਾਧੂ ਟੈਸਟ ਦੀ ਪੇਸ਼ਕਸ਼ ਵੀ ਕਰ ਸਕਦੇ ਹਨ, ਜਿਵੇਂ ਕਿ ਕੋਰੀਓਨਿਕ ਵਿਲਸ ਸੈਂਪਲਿੰਗ (ਸੀ.ਵੀ.ਐੱਸ.) ਜਾਂ ਐਮਨੀਓਸੈਂਟੇਸਿਸ।
ਵਿਸ਼ੇਸ਼ੱਗ ਟੀਮ ਨੂੰ ਮਿਲਣ ਤੋਂ ਪਹਿਲਾਂ ਅਜਿਹਾ ਕੋਈ ਵੀ ਸਵਾਲ ਲਿਖਣਾ ਲਾਭਦਾਇਕ ਹੋ ਸਕਦਾ ਹੈ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ।
ਜੇਕਰ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਤੁਹਾਡੇ ਬੱਚੇ ਦੇ ਬੁੱਲ੍ਹ ’ਤੇ ਪਾੜ ਹੈ, ਤਾਂ ਤੁਹਾਨੂੰ ਇੱਕ ਕਲੈਫਟ ਟੀਮ ਵਿਚਲੀ ਇੱਕ ਕਲੀਨਿਕਲ ਨਰਸ ਵਿਸ਼ੇਸ਼ੱਗ ਕੋਲ ਭੇਜਿਆ ਜਾਵੇਗਾ। ਕਲੀਨਿਕਲ ਨਰਸ ਵਿਸ਼ੇਸ਼ੱਗ ਤੁਹਾਡੇ ਬੱਚੇ ਦੀ ਸਿਹਤ-ਸਮੱਸਿਆ, ਸੰਭਾਵਿਤ ਪੇਚੀਦਗੀਆਂ, ਇਲਾਜ ਅਤੇ ਇਸ ਬਾਰੇ ਗੱਲ ਕਰੇਗੀ ਕਿ ਤੁਸੀਂ ਆਪਣੇ ਬੱਚੇ ਦੇ ਜਨਮ ਲਈ ਕਿਵੇਂ ਤਿਆਰੀ ਕਰ ਸਕਦੇ ਹੋ।
ਇਲਾਜ
ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਕਰਨ ਵਾਲੀ ਕਲੀਨਿਕਲ ਨਰਸ ਵਿਸ਼ੇਸ਼ੱਗ ਇੱਕ ਕਲੈਫਟ ਟੀਮ ਦਾ ਹਿੱਸਾ ਹੋਵੇਗੀ ਜਿਸ ਵਿੱਚ ਕਲੈਫਟ ਸਰਜਨ, ਸਪੀਚ ਐਂਡ ਲੈਂਗੂਏਜ ਥੈਰੇਪਿਸਟ, ਆਰਥੋਡੌਂਟਿਸਟ ਵਰਗੇ ਮਾਹਰ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰ ਸ਼ਾਮਲ ਹੋਣਗੇ, ਜੋ ਤੁਹਾਡੇ ਬੱਚੇ ਦੀ ਦੇਖਭਾਲ ਕਰਨਗੇ।
ਬੁੱਲ੍ਹ ਦੇ ਪਾੜ ਵਾਲੇ ਬੱਚਿਆਂ ਨੂੰ ਜਨਮ ਤੋਂ ਬਾਅਦ ਘੱਟੋ-ਘੱਟ ਇੱਕ ਆਪ੍ਰੇਸ਼ਨ ਦੀ ਲੋੜ ਹੁੰਦੀ ਹੈ। ਇਹ ਬੁੱਲ੍ਹਾਂ ਅਤੇ ਨੱਕ ਦੀ ਸ਼ਕਲ ਨੂੰ ਦੁਬਾਰਾ ਠੀਕ ਕਰਨ ਲਈ ਕੀਤਾ ਜਾਂਦਾ ਹੈ ਅਤੇ ਆਮ ਤੌਰ ‘ਤੇ ਉਦੋਂ ਹੁੰਦਾ ਹੈ ਜਦੋਂ ਬੱਚਾ ਇੱਕ ਸਾਲ ਤੋਂ ਘੱਟ ਉਮਰ ਦਾ ਹੁੰਦਾ ਹੈ।
ਕਲੈਫਟ ਲਿਪ ਐਂਡ ਪੈਲੇਟ ਐਸੋਸੀਏਸ਼ਨ (ਸੀ.ਐੱਲ.ਏ.ਪੀ.ਏ.) ਕੋਲ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਾਲੇ ਬੁੱਲ੍ਹ ਦੇ ਪਾੜ ਦੀਆਂ ਤਸਵੀਰਾਂ ਵਾਲੀ ਇੱਕ ਫੋਟੋ ਗੈਲਰੀ ਹੈ।
ਬੁੱਲ੍ਹ ਦੇ ਪਾੜ ਵਾਲੇ ਕੁਝ ਬੱਚਿਆਂ ਨੂੰ ਹੋਰ ਇਲਾਜਾਂ ਦੀ ਵੀ ਲੋੜ ਹੋਵੇਗੀ ਜਿਵੇਂ ਕਿ:
- ਖੁਆਉਣ ਵਿੱਚ ਸਹਾਇਤਾ ਲਈ
- ਸੁਣਨ ਦੀ ਨਿਗਰਾਨੀ ਲਈ
- ਬੋਲੀ ਅਤੇ ਭਾਸ਼ਾਈ ਥੈਰੇਪੀ ਲਈ
- ਦੰਦਾਂ ਅਤੇ ਆਰਥੋਡੌਂਟਿਕ ਇਲਾਜ ਲਈ (ਦੰਦਾਂ ਦੀ ਦਿੱਖ ਅਤੇ ਜਗ੍ਹਾ ਵਿੱਚ ਮਦਦ ਕਰਨ ਲਈ)
ਬੁੱਲ੍ਹ ਦੇ ਪਾੜ ਵਾਲੇ ਬੱਚਿਆਂ ਕੋਲ ਉਨ੍ਹਾਂ ਦੇ ਵਿਕਾਸ ਕਰਨ ਸਮੇਂ ਉਨ੍ਹਾਂ ਦੀ ਸਹਾਇਤਾ ਲਈ ਇੱਕ ਲੰਬੀ ਮਿਆਦ ਦੀ ਦੇਖਭਾਲ ਯੋਜਨਾ ਹੋਵੇਗੀ।
ਲੰਬੀ ਮਿਆਦ ਦੀ ਦੇਖਭਾਲ
ਬੁੱਲ੍ਹ ਦਾ ਪਾੜ ਇੱਕ ਵਿਆਪਕ ਅਤੇ ਵਿਭਿੰਨ ਸਿਹਤ-ਸਮੱਸਿਆ ਹੈ। ਇਸ ਦਾ ਇਲਾਜ ਕਰਨਾ ਅਸਾਨ ਹੋ ਸਕਦਾ ਹੈ ਪਰ ਜੇਕਰ ਹੋਰ ਸਿਹਤ ਸਮੱਸਿਆਵਾਂ ਵੀ ਹਨ ਤਾਂ ਇਹ ਗੁੰਝਲਦਾਰ (ਅਤੇ ਜ਼ਿਆਦਾ ਗੰਭੀਰ) ਹੋ ਸਕਦਾ ਹੈ। ਕੋਈ ਵੀ ਸਥਿਤੀ ਕਿਉਂ ਨਾ ਹੋਵੇ, ਵਿਸ਼ੇਸ਼ੱਗ ਕਲੈਫਟ ਟੀਮ ਤੁਹਾਡੀ ਸਹਾਇਤਾ ਕਰੇਗੀ।
ਬੁੱਲ੍ਹ ਦੇ ਪਾੜ ਨਾਲ ਪੈਦਾ ਹੋਏ ਜ਼ਿਆਦਾਤਰ ਬੱਚੇ ਇਲਾਜ ਪ੍ਰਤੀ ਚੰਗੀ ਤਰ੍ਹਾਂ ਪ੍ਰਤੀਕਿਰਿਆ ਪ੍ਰਗਟਾਉਂਦੇ ਹਨ ਅਤੇ ਉਨ੍ਹਾਂ ਨੂੰ ਕੋਈ ਹੋਰ ਗੰਭੀਰ ਡਾਕਟਰੀ ਸਿਹਤ-ਸਮੱਸਿਆਵਾਂ ਨਹੀਂ ਹੁੰਦੀਆਂ ਹਨ। ਖਾਣਾ ਖੁਆਉਣਾ, ਬੋਲੀ ਅਤੇ ਭਾਸ਼ਾ ਦੇ ਵਿਕਾਸ ਅਤੇ ਚਿਹਰੇ ਦੀ ਦਿੱਖ ਵਿੱਚ ਮੁਸ਼ਕਿਲਾਂ ਨਾਲ ਸਬੰਧਤ ਚਿੰਤਾਵਾਂ ਨੂੰ ਹੱਲ ਕਰਨ ਲਈ ਇਲਾਜ ਉਪਲਬਧ ਹੈ।
ਬੁੱਲ੍ਹ ਦੇ ਪਾੜ ਨੂੰ ਠੀਕ ਕਰਨ ਵਾਲੀ ਸਰਜਰੀ ਬੱਚੇ ਦੇ ਬੁੱਲ੍ਹਾਂ ਦੇ ਉੱਪਰ ਇੱਕ ਗੁਲਾਬੀ ਦਾਗ ਛੱਡ ਸਕਦੀ ਹੈ। ਇਹ ਸਮੇਂ ਦੇ ਨਾਲ ਫਿੱਕਾ ਪੈ ਜਾਵੇਗਾ ਅਤੇ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਜਾਵੇਗਾ ਘੱਟ ਦਿਖਾਈ ਦੇਵੇਗਾ।
ਤੁਹਾਡੇ ਬੱਚੇ ਦੀ ਦੇਖਭਾਲ ਕਰਨ ਵਾਲੀ ਵਿਸ਼ੇਸ਼ੱਗ ਕਲੈਫਟ ਟੀਮ:
- ਤੁਹਾਡੇ ਕਿਸੇ ਵੀ ਸਵਾਲ ਬਾਰੇ ਵਿਸਥਾਰ ਵਿੱਚ ਗੱਲ ਕਰੇਗੀ
- ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ
ਵਿਸ਼ੇਸ਼ੱਗ ਕਲੈਫਟ ਟੀਮ ਤੁਹਾਡੇ ਬੱਚੇ ਦੇ ਵੱਡੇ ਹੋਣ ‘ਤੇ ਸਹਾਇਤਾ ਕਰੇਗੀ ਅਤੇ ਲੋੜ ਪੈਣ ‘ਤੇ ਹੋਰ ਇਲਾਜ ਕਰੇਗੀ। ਇਹ ਤੁਹਾਡੇ ਬੱਚੇ ਦੇ ਬੁੱਲ ਦੇ ਪਾੜ ਦੀ ਕਿਸਮ ‘ਤੇ ਨਿਰਭਰ ਕਰੇਗਾ।
ਅਗਲੇ ਕਦਮ ਅਤੇ ਵਿਕਲਪ
ਜੇਕਰ ਇਹ ਪੁਸ਼ਟੀ ਹੋ ਜਾਂਦੀ ਹੈ ਕਿ ਤੁਹਾਡੇ ਬੱਚੇ ਦੇ ਬੁੱਲ੍ਹ ‘ਤੇ ਪਾੜ ਹੈ, ਤਾਂ ਤੁਸੀਂ ਆਪਣੀ ਗਰਭ ਅਵਸਥਾ ਦੌਰਾਨ ਆਪਣੀ ਦੇਖਭਾਲ ਕਰਨ ਵਾਲੀ ਮਾਹਰ ਟੀਮ ਨਾਲ ਆਪਣੇ ਬੱਚੇ ਦੀ ਸਿਹਤ-ਸਮੱਸਿਆ ਅਤੇ ਇਸ ਬਾਰੇ ਗੱਲ ਕਰ ਸਕਦੇ ਹੋ ਕਿ ਇਸ ਦਾ ਕੀ ਅਰਥ ਹੋ ਸਕਦਾ ਹੈ। ਟੀਮ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰੇਗੀ ਤਾਂ ਜੋ ਤੁਸੀਂ ਆਪਣੇ ਗਰਭ ਅਵਸਥਾ ਦੇ ਵਿਕਲਪਾਂ ਬਾਰੇ ਇੱਕ ਵਿਅਕਤੀਗਤ ਸੂਚਿਤ ਚੋਣ ਕਰ ਸਕੋ। ਇਨ੍ਹਾਂ ਵਿੱਚ ਜਾਂ ਤਾਂ ਆਪਣੀ ਗਰਭ ਅਵਸਥਾ ਨੂੰ ਜਾਰੀ ਰੱਖਣਾ ਜਾਂ ਆਪਣੀ ਗਰਭ ਅਵਸਥਾ ਨੂੰ ਖਤਮ ਕਰਨਾ ਸ਼ਾਮਲ ਹੈ।
ਤੁਸੀਂ ਬੁੱਲ੍ਹ ਦੇ ਪਾੜ ਬਾਰੇ ਹੋਰ ਜਾਣਨ ਦੇ ਇੱਛੁਕ ਹੋ ਸਕਦੇ ਹੋ। ਇਸ ਸਥਿਤੀ ਵਿੱਚ ਮਾਪਿਆਂ ਦੀ ਮਦਦ ਕਰਨ ਦਾ ਤਜ਼ਰਬਾ ਰੱਖਣ ਵਾਲੇ ਸਹਾਇਤਾ ਸੰਗਠਨ ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।
ਜੇਕਰ ਤੁਸੀਂ ਆਪਣੀ ਗਰਭ ਅਵਸਥਾ ਜਾਰੀ ਰੱਖਣ ਦਾ ਫ਼ੈਸਲਾ ਕਰਦੇ ਹੋ, ਤਾਂ ਮਾਹਰ ਟੀਮ ਤੁਹਾਡੀ ਇਨ੍ਹਾਂ ਗੱਲਾਂ ਲਈ ਮਦਦ ਕਰੇਗੀ:
- ਤੁਹਾਡੀ ਦੇਖਭਾਲ ਅਤੇ ਤੁਹਾਡੇ ਬੱਚੇ ਦੇ ਜਨਮ ਦੀ ਯੋਜਨਾ ਬਣਾਉਣ ਲਈ
- ਤੁਹਾਡੇ ਬੱਚੇ ਨੂੰ ਘਰ ਲੈ ਜਾਣ ਦੀ ਤਿਆਰੀ ਕਰਨ ਲਈ
ਜੇਕਰ ਤੁਸੀਂ ਆਪਣੀ ਗਰਭ ਅਵਸਥਾ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮਲ ਹੁੰਦਾ ਹੈ ਅਤੇ ਤੁਹਾਡੀ ਸਹਾਇਤਾ ਕਿਵੇਂ ਕੀਤੀ ਜਾਵੇਗੀ। ਤੁਹਾਨੂੰ ਇਹ ਚੋਣ ਕਰਨ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਕਿ ਆਪਣੀ ਗਰਭ ਅਵਸਥਾ ਨੂੰ ਕਿੱਥੇ ਅਤੇ ਕਿਵੇਂ ਖਤਮ ਕਰਨਾ ਹੈ ਅਤੇ ਅਜਿਹੀ ਸਹਾਇਤਾ ਮਿਲਣੀ ਚਾਹੀਦੀ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਿਅਕਤੀਗਤ ਹੁੰਦੀ ਹੈ।
ਸਿਰਫ਼ ਤੁਸੀਂ ਹੀ ਜਾਣਦੇ ਹੋ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਫ਼ੈਸਲਾ ਕੀ ਹੈ। ਤੁਸੀਂ ਜੋ ਵੀ ਫ਼ੈਸਲਾ ਲੈਂਦੇ ਹੋ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡਾ ਸਾਥ ਦੇਣਗੇ।
ਭਵਿੱਖ ਦੀਆਂ ਗਰਭ-ਅਵਸਥਾਵਾਂ
ਜ਼ਿਆਦਾਤਰ ਮਾਮਲਿਆਂ ਵਿੱਚ, ਜੇਕਰ ਤੁਸੀਂ ਇੱਕ ਹੋਰ ਬੱਚਾ ਪੈਦਾ ਕਰਨ ਦੀ ਚੋਣ ਕਰਦੇ ਹੋ, ਤਾਂ ਉਨ੍ਹਾਂ ਦੇ ਬੁੱਲ੍ਹ ਵਿੱਚ ਪਾੜ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਹਾਲਾਂਕਿ, ਇਸ ਦੇ ਦੁਬਾਰਾ ਵਾਪਰਨ ਦੀ ਸੰਭਾਵਨਾ 100 ਵਿੱਚੋਂ 2 (2%) ਤੋਂ ਲੈ ਕੇ 100 ਵਿੱਚੋਂ 8 (8%) ਹੁੰਦੀ ਹੈ ਜੇਕਰ:
- ਤੁਸੀਂ ਜਾਂ ਤੁਹਾਡਾ ਸਾਥੀ ਬੁੱਲ੍ਹ ਦੇ ਪਾੜ ਨਾਲ ਪੈਦਾ ਹੋਏ ਸੀ ਜਾਂ
- ਇਸੇ ਸਿਹਤ-ਸਮੱਸਿਆ ਤੋਂ ਪ੍ਰਭਾਵਿਤ ਤੁਹਾਡਾ ਇੱਕ ਹੋਰ ਬੱਚਾ ਹੈ
ਹੋਰ ਜਾਣਕਾਰੀ
ਐਂਟੈਨੇਟਲ ਰਿਜ਼ਲਟਸ ਐਂਡ ਚੁਆਇਸਜ਼ (ਏ.ਆਰ.ਸੀ.) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤੇ ਡਾਇਗਨੋਸਿਜ਼ ਅਤੇ ਗਰਭ ਅਵਸਥਾ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਫ਼ੈਸਲੇ ਲੈਣ ਵਾਲੇ ਲੋਕਾਂ ਦੀ ਸਹਾਇਤਾ ਕਰਦੀ ਹੈ।
ਕਲੈਫਟ ਲਿਪ ਐਂਡ ਪੈਲੇਟ ਐਸੋਸੀਏਸ਼ਨ (ਸੀ.ਐੱਲ.ਏ.ਪੀ.ਏ.) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਯੂਕੇ ਵਿੱਚ ਬੁੱਲ੍ਹ ਦੇ ਪਾੜ ਨਾਲ ਪੈਦਾ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੰਮ ਕਰਦੀ ਹੈ।
NHS.UK ਕੋਲ ਸਿਹਤ-ਸਮੱਸਿਆਵਾਂ, ਲੱਛਣਾਂ ਅਤੇ ਇਲਾਜ ਬਾਰੇ ਇੱਕ ਮੁਕੰਮਲ ਗਾਈਡ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਕਰਨਾ ਹੈ ਅਤੇ ਕਦੋਂ ਮਦਦ ਲੈਣੀ ਹੈ।
ਉਨ੍ਹਾਂ ਮਾਪਿਆਂ ਲਈ ਜਾਣਕਾਰੀ ਉਪਲਬਧ ਹੈ ਜਿਨ੍ਹਾਂ ਨੂੰ ਕੋਰੀਓਨਿਕ ਵਿਲਸ ਸੈਂਪਲਿੰਗ (ਸੀ.ਵੀ.ਐੱਸ.) ਜਾਂ ਐਮਨੀਓਸੈਂਟੇਸਿਸ ਡਾਇਗਨੌਸਿਟਿਕ ਟੈਸਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ।