ਸੇਧ

ਜਨਤੱਕ ਸਿਹਤ ’ਤੇ ਸੋਕੇ ਦਾ ਪ੍ਰਭਾਵ: ਲੋਕਾਂ ਲਈ ਸਲਾਹ

ਇੰਗਲੈਂਡ ਵਿੱਚ ਸੋਕੇ ਦੇ ਸੰਭਾਵੀ ਸਿਹਤ ਸੰਬੰਧੀ ਪ੍ਰਭਾਵਾਂ ਬਾਰੇ ਜਾਣਕਾਰੀ ਅਤੇ ਇਨ੍ਹਾਂ ਘਟਨਾਵਾਂ ਦੇ ਦੌਰਾਨ ਸਿਹਤਮੰਦ ਰਹਿਣ ਲਈ ਲੋਕ ਜੋ ਉਪਾਅ ਕਰ ਸਕਦੇ ਹਨ।

Applies to England

ਸੋਕੇ ਨਾਲ ਜੁੜੇ ਕਈ ਸਿਹਤ-ਸੰਬੰਧੀ ਪ੍ਰਭਾਵ ਹਨ। ਸਿਹਤ ਦੇ ਨਤੀਜੇ ਡੀਹਾਈਡਰੇਸ਼ਨ, ਛੂਤ ਦੀਆਂ ਬਿਮਾਰੀਆਂ ਦੇ ਸੰਚਾਰ ਵਿੱਚ ਵਾਧੇ ਅਤੇ ਖ਼ਰਾਬ ਮਾਨਸਿਕ ਸਿਹਤ ਨਾਲ ਸੰਬੰਧਿਤ ਹੁੰਦੇ ਹਨ। ਘੱਟ ਮੀਂਹ ਦੇ ਲੰਬੇ ਦੌਰ ਦੇ ਦੌਰਾਨ, ਉਦਾਹਰਨ ਲਈ, ਸਾਨੂੰ ਆਪਣੀਆਂ ਕਾਰਾਂ ਨਾ ਧੋ ਕੇ ਜਾਂ ਆਪਣੇ ਬਗੀਚਿਆਂ ਵਿੱਚ ਪਾਣੀ ਨਾ ਦੇ ਕੇ ਜਾਂ ਹੋਸਪਾਈਪ ਨਾਲ ਪੂਲਸ ਨੂੰ ਨਾ ਭਰ ਕੇ ਪਾਣੀ ਦੀ ਬੇਲੋੜੀ ਵਰਤੋਂ ਨੂੰ ਘਟਾਉਣ ਲਈ ਕਿਹਾ ਜਾ ਸਕਦਾ ਹੈ। ਜੇਕਰ ਸਥਿਤੀ ਹੋਰ ਗੰਭੀਰ ਹੋ ਜਾਵੇਗੀ, ਤਾਂ ਪਾਣੀ ਦੇ ਸਰੋਤਾਂ ਨੂੰ ਵਧੇਰੇ ਸੁਰੱਖਿਅਤ ਕਰਨ ਦੀ ਲੋੜ ਹੋ ਸਕਦੀ ਹੈ, ਅਤੇ ਵਰਤੋਂ ਜ਼ਰੂਰੀ ਲੋੜਾਂ ਤੱਕ ਸੀਮਿਤ ਹੋਵੇਗੀ ਜਿਵੇਂ ਪਾਣੀ ਪੀਣਾ, ਖਾਣਾ ਬਣਾਉਣਾ ਅਤੇ ਸਾਫ਼-ਸਫ਼ਾਈ ਦੀਆਂ ਕਾਰਜ-ਪਰਣਾਲੀਆਂ। ਅਜਿਹੇ ਕੁਝ ਕੰਮ ਹਨ ਜੋ ਅਸੀਂ ਸਾਰੇ ਸੋਕੇ ਦੇ ਸੰਭਾਵੀ ਸਿਹਤ ਦੇ ਨਤੀਜਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਰ ਸਕਦੇ ਹੋ।

ਸੰਖੇਪ

ਸੂਚਿਤ ਰਹੋ

ਸੁਚੇਤ ਰਹੋ ਅਤੇ ਪਾਣੀ ਦੀ ਵਰਤੋਂ ’ਤੇ ਕਿਸੇ ਵੀ ਪਾਬੰਦੀ ਦੀ ਪਾਲਣਾ ਕਰੋ, ਉਦਾਹਰਨ ਲਈ, ਹੋਸਪਾਈਪਾਂ ’ਤੇ ਰੋਕ।

ਸੂਚਨਾਵਾਂ ਲਈ ਆਪਣੀ ਸਥਾਨਕ ਪਾਣੀ ਕੰਪਨੀ ਨਾਲ ਸਾਈਨ ਅਪ ਕਰੋ।

ਜੇਕਰ ਸਪਲਾਈਆਂ ਵਿੱਚ ਵਿਘਨ ਜਾਂ ਤਬਦੀਲੀਆਂ ਹੋਣਗੀਆਂ (ਜਿਵੇਂ ਪਾਣੀ ਦੇ ਪ੍ਰੈਸ਼ਰ ਵਿੱਚ ਕਮੀ), ਤਾਂ ਆਪਣੀ ਪਾਣੀ ਕੰਪਨੀ ਨੂੰ ਦੱਸਣ ਲਈ ਉਨ੍ਹਾਂ ਨਾਲ ਸੰਪਰਕ ਕਰੋ।

ਸੰਵੇਦਨਸ਼ੀਲ ਖਪਤਕਾਰਾਂ ਨੂੰ ਆਪਣੀ ਪਾਣੀ ਕੰਪਨੀ ਦੇ ਤਰਜੀਹੀ ਸੇਵਾਵਾਂ ਰਜਿਸਟਰ (PSR – Priority Services Register) ਵਿੱਚ ਰਜਿਸਟਰ ਕਰਨ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂਨੂੰ ਵਾਧੂ ਮਦਦ ਅਤੇ ਸਹਾਇਤਾ ਪ੍ਰਾਪਤ ਹੋ ਸਕੇ, ਉਦਾਹਰਨ ਲਈ, ਬੋਤਲਬੰਦ ਪਾਣੀ ਦੀ ਡਿਲੀਵਰੀ।

ਸੋਕੇ ਦੇ ਸਮੇਂ ਦੇ ਦੌਰਾਨ ਸਫ਼ਾਈ ਬਣਾਈ ਰੱਖੋ

ਸੋਕੇ ਦੇ ਹਾਲਾਤ ਦੇ ਬਾਵਜੂਦ ਆਪਣੇ ਹੱਥ ਧੋਣਾ ਜਾਰੀ ਰੱਖੋ ਅਤੇ ਸਫ਼ਾਈ ਬਣਾਈ ਰੱਖੋ, ਕਿਉਂਕਿ ਇਹ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਦਾ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ।

ਹਾਈਡਰੇਟਿਡ ਰਹੋ

ਪਰਯਾਪਤ ਮਾਤਰਾ ਵਿੱਚ ਤਰਲ ਪਦਾਰਥ ਪੀਓ, ਖ਼ਾਸ ਤੌਰ ’ਤੇ ਗਰਮ ਮੌਸਮ ਦੇ ਦੌਰਾਨ। ਸ਼ਰਾਬ ਤੋਂ ਪਰਹੇਜ਼ ਕਰੋ। ਗਰਮ ਤਾਪਮਾਨ ਵਿੱਚ ਹਰ ਕਿਸੇ ਨੂੰ ਹਰ ਕਿਸੇ ਨੂੰ ਡੀਹਾਈਡਰੇਸ਼ਨ ਦਾ ਜੋਖਮ ਹੁੰਦਾ ਹੈ। ਪਹਿਲਾਂ ਤੋਂ ਮੌਜੂਦ ਸਿਹਤ ਦੀਆਂ ਸਥਿਤੀਆਂ ਵਾਲੇ ਲੋਕਾਂ, ਬਜ਼ੁਰਗਾਂ, ਬਾਹਰੀ ਕਰਮਚਾਰੀਆਂ, ਬਾਹਰੀ ਐਥਲੀਟਾਂ ਅਤੇ ਨੌਜਵਾਨਾਂ ਨੂੰ ਖ਼ਾਸ ਤੌਰ ’ਤੇ ਜੋਖਮ ਹੁੰਦਾ ਹੈ।

ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖੋ

ਸੋਕੇ ਦਾ ਮਾਨਸਿਕ ਸਿਹਤ ’ਤੇ ਅਸਰ ਪੈ ਸਕਦਾ ਹੈ। ਸੋਕੇ ਦੇ ਦੌਰ ਤਣਾਅਪੂਰਨ ਹੋ ਸਕਦੇ ਹਨ, ਖ਼ਾਸ ਤੌਰ ’ਤੇ ਉਨ੍ਹਾਂ ਲਈ ਜਿਨ੍ਹਾਂ ਦੀ ਰੋਜ਼ੀ-ਰੋਟੀ ਜਾਂ ਨੌਕਰੀਆਂ ਪਾਣੀ ’ਤੇ ਨਿਰਭਰ ਹਨ।

ਜੇਕਰ ਤੁਸੀਂ ਸੰਘਰਸ਼ ਕਰ ਰਹੇ ਹੋ, ਤਾਂ ਪਰਿਵਾਰ ਅਤੇ ਦੋਸਤਾਂ ਜਾਂ ਸਹਾਇਤਾ ਸੰਸਥਾਵਾਂ ਤੋਂ ਮਦਦ ਲਓ।

ਸਾਹ ਦੀਆਂ ਸਮੱਸਿਆਵਾਂ ਨੂੰ ਘਟਾਓ

ਹਵਾ ਦੀ ਗੁਣਵੱਤਾ ਦੇ ਕਿਸੇ ਵੀ ਅੱਪਡੇਟ ਬਾਰੇ ਸੁਚੇਤ ਰਹੋ। ਜੇਕਰ ਤੁਸੀਂ ਇਨਹੇਲਰ ਦੀ ਵਰਤੋਂ ਕਰਦੇ ਹੋ ਤਾਂ ਉਸਨੂੰ ਆਪਣੇ ਨਾਲ ਰੱਖੋ।

ਸੋਕੇ ਦੇ ਹਾਲਾਤ ਵਾਤਾਵਰਣ ਵਿੱਚ ਧੂੜ ਦੀ ਮਾਤਰਾ ਨੂੰ ਵਧਾ ਸਕਦੇ ਹਨ, ਜੋ ਸੰਭਾਵੀ ਤੌਰ ’ਤੇ ਪਹਿਲਾਂ ਤੋਂ ਮੌਜੂਦ ਸਾਹ ਦੀਆਂ ਸਥਿਤੀਆਂ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਕੁਸ਼ਲਤਾ ਨਾਲ ਪਾਣੀ ਦੀ ਵਰਤੋਂ ਕਰੋ

ਪਾਣੀ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ ਅਤੇ ਫਜ਼ੂਲ ਦੀ ਵਰਤੋਂ ਤੋਂ ਬਚੋ।

ਇਹ ਵਾਤਾਵਰਣ ਲਈ ਪਾਣੀ ਦੇ ਸਰੋਤਾਂ ਨੂੰ ਬਚਾਉਣ ਵਿੱਚ ਮਦਦ ਕਰਦਾ ਹੈ। ਕਿਸੇ ਗੰਭੀਰ ਸੋਕੇ ਵਿੱਚ, ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਵੀ ਮਦਦ ਮਿਲਦੀ ਹੈ ਕਿ ਲੋਕਾਂ ਦੀਆਂ ਜ਼ਰੂਰੀ ਲੋੜਾਂ ਲਈ ਪਰਯਾਪਤ ਪਾਣੀ ਮੌਜੂਦ ਰਹੇ।

1. ਸੂਚਿਤ ਰਹੋ

ਪਾਣੀ ਦੀ ਵਰਤੋਂ ਬਾਰੇ ਸਲਾਹ ਅਤੇ ਮਾਰਗਦਰਸ਼ਨ ਅਤੇ ਤਾਜ਼ਾ ਸਥਿਤੀ ਬਾਰੇ ਜਾਣੂ ਰਹਿਣ ਲਈ, ਨਿਯਮਿਤ ਤੌਰ ’ਤੇ ਆਪਣੀ ਪਾਣੀ ਕੰਪਨੀ ਦੀ ਵੈੱਬਸਾਈਟ, ਸੋਸ਼ਲ ਮੀਡੀਆ ਅਤੇ ਨਿਊਜ਼ ਆਊਟਲੈੱਟਸ ਵੇਖੋ।

ਆਪਣੇ ਟੂਟੀ ਦੇ ਪਾਣੀ ਦੇ ਰੰਗ, ਸੁਆਦ ਜਾਂ ਪਾਣੀ ਦੇ ਪ੍ਰੈਸ਼ਰ ਵਿੱਚ ਤਬਦੀਲੀਆਂ ਦੀ ਰਿਪੋਰਟ ਆਪਣੀ ਪਾਣੀ ਕੰਪਨੀ ਨੂੰ ਕਰੋ।

ਜੇਕਰ ਤੁਹਾਨੂ ਲੱਗਦਾ ਹੈ ਕਿ ਤੁਹਾਨੂੰ ਵਾਧੂ ਮਦਦ ਦੀ ਲੋੜ ਹੋ ਸਕਦੀ ਹੈ, ਉਦਾਹਰਨ ਲਈ, ਜੇਕਰ ਤੁਸੀਂ ਵੱਡੀ ਉਮਰ ਦੇ ਹੋ, ਕੋਈ ਮੌਜੂਦਾ ਸਿਹਤ ਸਮੱਸਿਆ ਜਾਂ ਅਪਾਹਜਤਾ ਹੈ, ਤਾਂ ਆਪਣੀ ਪਾਣੀ ਕੰਪਨੀ ਦੇ ਤਰਜੀਹੀ ਸੇਵਾਵਾਂ ਰਜਿਸਟਰ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕਰੋ।

ਜੇਕਰ ਤੁਹਾਨੂੰ ਨਿੱਜੀ ਪਾਣੀ ਦੀ ਸਪਲਾਈ ਮਿਲਦੀ ਹੈ, ਤਾਂ ਇਹ ਜਾਣੋ ਕਿ ਲੋੜ ਪੈਣ ‘ਤੇ ਤੁਹਾਨੂੰ ਮਦਦ ਅਤੇ ਸਲਾਹ ਕਿੱਥੋਂ ਲੈਣੀ ਹੈ। ਦਿ ਡ੍ਰਿੰਕਿੰਗ ਵਾਟਰ ਇੰਸਪੈਕਟੋਰੇਟ (DWI – Drinking Water Inspectorate) ਕੋਲ ਨਿੱਜੀ ਪਾਣੀ ਦੀ ਸਪਲਾਈ ਦੇ ਪ੍ਰਬੰਧਨ ਬਾਰੇ ਹੋਰ ਮਾਰਗਦਰਸ਼ਨ ਹੈ।

ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੈ ਤਾਂ ਆਪਣੇ ਸਥਾਨਕ ਅਥਾਰਟੀ ਅਤੇ ਸਮਾਜਕ ਸੇਵਾਵਾਂ ਨਾਲ ਰਜਿਸਟਰ ਕਰੋ।

ਧਿਆਨ ਰੱਖੋ ਕਿ ਸੋਕੇ ਦੇ ਕਾਰਨ ਦਰਿਆਵਾਂ, ਝੀਲਾਂ ਅਤੇ ਪ੍ਰਵਾਹਾਂ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ ਘੱਟ ਹੋ ਸਕਦਾ ਹੈ। ਬਹੁਤ ਜ਼ਿਆਦਾ ਗਰਮੀ ਅਤੇ ਸੋਕੇ ਦੇ ਹਾਲਾਤਾਂ ਦੇ ਤੌਰਾਨ, ਸੰਭਾਵੀ ਸਿਹਤ ਖਤਰਿਆਂ ਬਾਰੇ ਪ੍ਰਸਿੱਧ ਮਨੋਰੰਜਨ ਖੇਤਰਾਂ ਵਿੱਚ ਸੁਨੇਹਿਆਂ ਦੀ ਪਾਲਣਾ ਕਰੋ, ਉਦਾਹਰਨ ਲਈ, ਗੋਤਾਖੋਰੀ।

2. ਸੋਕੇ ਦੇ ਸਮੇਂ ਦੇ ਦੌਰਾਨ ਸਫ਼ਾਈ ਬਣਾਈ ਰੱਖੋ

ਹੱਥਾਂ ਦੀ ਚੰਗੀ ਸਾਫ਼-ਸਫ਼ਾਈ ਨੂੰ ਕਾਇਮ ਰੱਖਣਾ ਜਾਰੀ ਰੱਖੋ, ਕਿਉਂਕਿ ਇਹ ਛੂਤ ਦੀਆਂ ਬਿਮਾਰੀਆਂ ਦੇ ਸੰਚਾਰ ਨੂੰ ਰੋਕਣ ਦਾ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ। ਘੱਟੋ-ਘੱਟ ਓਦੋਂ ਆਪਣੇ ਹੱਥ ਧੋਵੋ ਜਦੋਂ ਤੁਸੀਂ:

  • ਘਰ ਆਉਂਦੇ ਹੋ ਜਾਂ ਕੰਮ ’ਤੇ ਪਹੁੰਚਦੇ ਹੋ
  • ਆਪਣੀ ਨੱਕ ਸਾਫ਼ ਕਰਦੇ ਹੋ, ਨਿੱਛ ਮਾਰਦੇ ਹੋ ਜਾਂ ਖੰਘਦੇ ਹੋ
  • ਭੋਜਨ ਖਾਂਦੇ ਜਾਂ ਸੰਭਾਲਦੇ ਹੋ

ਜਦੋਂ ਤੱਕ ਤੁਸੀਂ ਆਪਣੇ ਹੱਥ ਨਹੀਂ ਧੋ ਲੈਂਦੇ ਓਦੋਂ ਤੱਕ ਆਪਣੀਆਂ ਅੱਖਾਂ, ਮੂੰਹ ਅਤੇ ਨੱਕ ਨੂੰ ਛੂਹਣ ਤੋਂ ਪਰਹੇਜ਼ ਕਰੋ।

ਤੁਹਾਨੂੰ ਪਾਣੀ ਅਤੇ ਸਾਬਣ ਨਾਲ 20 ਸਕਿੰਟਾਂ ਲਈ ਆਪਣੇ ਹੱਥ ਧੋਣੇ ਚਾਹੀਦੇ ਹਨ।

ਜੇਕਰ ਹੱਥ ਧੋਣ ਦੀਆਂ ਸਹੂਲਤਾਂ ਉਪਲਬਧ ਨਹੀਂ ਹਨ, ਤਾਂ ਹੈਂਡ ਸੈਨੀਟਾਈਜ਼ਰ ਜੈੱਲ ਜਾਂ ਸੈਨੀਟਾਈਜ਼ਿੰਗ ਵਾਈਪਸ ਦੀ ਵਰਤੋਂ ਕਰੋ।

ਭੋਜਨ ਅਤੇ ਆਪਣੇ ਰਸੋਈ ਦੇ ਸਮਾਨ ਨੂੰ ਸਧਾਰਨ ਤੌਰ ’ਤੇ ਧੋਣਾ ਜਾਰੀ ਰੱਖੋ।

ਜਦੋਂ ਵੀ ਮੁਮਕਿਨ ਹੋਵੇ, ਨਹਾਉਣ ਦੀ ਬਜਾਏ ਸ਼ਾਵਰ ਲਓ। ਇਸ ਨਾਲ ਪਾਣੀ ਨੂੰ ਬਚਾਉਣ ਵਿੱਚ ਮਦਦ ਮਿਲੇਗੀ।

3. ਹਾਈਡਰੇਟਿਡ ਰਹੋ

ਇਹ ਯਕੀਨੀ ਬਣਾਓ ਕਿ ਤੁਸੀਂ ਪਰਯਾਪਤ ਮਾਤਰਾ ਵਿੱਚ ਪਾਣੀ ਪੀਣਾ ਜਾਰੀ ਰੱਖਦੇ ਹੋ। ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਪਾਣੀ ਦੀ ਮਾਤਰਾ ਨੂੰ ਘੱਟ ਨਾ ਕਰੋ। ਤੁਹਾਨੂੰ ਆਪਣੀ ਪਾਣੀ ਦੀ ਸਪਲਾਈ ਵਿੱਚ ਕਿਸੇ ਵੀ ਸਮੱਸਿਆ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ, ਇਸ ਲਈ ਪੀਣ ਲਈ ਆਪਣੇ ਟੂਟੀ ਦੇ ਪਾਣੀ ਦੀ ਵਰਤੋਂ ਕਰਨਾ ਜਾਰੀ ਰੱਖੋ ਜਦੋਂ ਤੱਕ ਅਜਿਹਾ ਨਾ ਕਰਨ ਦੀ ਸਲਾਹ ਨਾ ਦਿੱਤੀ ਜਾਵੇ। ਜੇਕਰ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਹੁੰਦੀ ਹੈ, ਤਾਂ ਤੁਹਾਡੀ ਪਾਣੀ ਕੰਪਨੀ ਦੁਆਰਾ ਇੱਕ ਵਿਕਲਪਕ ਪਾਣੀ ਦੀ ਸਪਲਾਈ ਮੁਹੱਈਆ ਕੀਤੀ ਜਾਵੇਗੀ।

ਗਰਮ ਮੌਸਮ ਵਿੱਚ ਸਫ਼ਰ ਦੇ ਦੌਰਾਨ ਹਮੇਸ਼ਾ ਪਾਣੀ ਆਪਣੇ ਨਾਲ ਰੱਖੋ।

ਸੋਕਾ ਅਕਸਰ ਗਰਮ ਮੌਸਮ ਦੇ ਦੌਰ ਵਿੱਚ ਹੁੰਦਾ ਹੈ। ਗਰਮੀ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਪਰ ਕੁਝ ਲੋਕਾਂ ਨੂੰ ਗੰਭੀਰ ਨੁਕਸਾਨ ਦਾ ਵਧੇਰਾ ਜੋਖਮ ਹੁੰਦਾ ਹੈ, ਜਿਵੇਂ:

  • ਬਜ਼ੁਰਗ ਲੋਕ
  • ਨਿਆਣੇ ਅਤੇ ਛੋਟੇ ਬੱਚੇ
  • ਗੰਭੀਰ ਪੁਰਾਣੀ ਸਥਿਤੀ ਵਾਲੇ ਲੋਕ
  • ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਜਾਂ ਕੁਝ ਦਵਾਈਆਂ ਲੈ ਰਹੇ ਲੋਕ
  • ਉਹ ਲੋਕ ਜੋ ਬਾਹਰ ਸਰੀਰਕ ਤੌਰ ’ਤੇ ਸਕ੍ਰਿਆ ਰਹਿੰਦੇ ਹਨ
  • ਬੇਘਰ ਲੋਕ।

ਉਨ੍ਹਾਂ ਗੁਆਂਢੀਆਂ, ਪਰਿਵਾਰ ਜਾਂ ਦੋਸਤਾਂ ਦੀ ਧਿਆਨ ਰੱਖੋ ਜੋ ਅਲੱਗ-ਥਲੱਗ ਹੋ ਸਕਦੇ ਹਨ ਜਾਂ ਆਪਣੀ ਦੇਖਭਾਲ ਕਰਨ ਵਿੱਚ ਅਸਮਰੱਥ ਹੋ ਸਕਦੇ ਹਨ - ਇਹ ਯਕੀਨੀ ਬਣਾਓ ਕਿ ਉਹ ਠੰਡੇ ਰਹਿਣ ਦੇ ਯੋਗ ਹਨ। ਗਰਮੀ ਤੋਂ ਦੂਰ ਰਹੋ, ਆਪਣੇ ਆਪ ਨੂੰ ਠੰਡਾ ਕਰੋ, ਆਪਣੇ ਵਾਤਾਵਰਣ ਨੂੰ ਠੰਡਾ ਰੱਖੋ ਜਾਂ ਕੋਈ ਹੋਰ ਥਾਂ ਲੱਭੋ ਜਿੱਥੇ ਠੰਡਕ ਹੋਵੇ। ਵਧੇਰੀ ਜਾਣਕਾਰੀ NHS ਤੋਂ ਅਤੇ ਇੰਗਲੈਂਡ ਲਈ ਹੀਟਵੇਵ ਯੋਜਨਾ (Heatwave Plan for England) ਵਿੱਚ ਉਪਲਬਧ ਹੈ, ਜੋ ਯੂ.ਕੇ. ਸਿਹਤ ਸੁਰੱਖਿਆ ਏਜੰਸੀ (UKHSA) ਦੁਆਰਾ ਵਿਕਸਤ ਕੀਤੀ ਗਈ ਹੈ।

ਜਦੋਂ ਤੱਕ ਟੂਟੀ ਦਾ ਪਾਣੀ ਉਪਲਬਧ ਨਾ ਹੋਵੇ, ਬੋਤਲਬੰਦ ਪਾਣੀ ਨੂੰ ਇਨਫੈਂਟ ਫਾਰਮੂਲਾ ਨਾਲ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉਂਕਿ ਆਮ ਤੌਰ ’ਤੇ ਉਹ ਨਿਰਜੀਵ (ਬੈਕਟੀਰੀਆ ਤੋਂ ਮੁਕਤ) ਨਹੀਂ ਹੁੰਦਾ ਅਤੇ ਉਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਲੂਣ (ਸੋਡੀਅਮ) ਜਾਂ ਸਲਫੇਟ ਹੋ ਸਕਦਾ ਹੈ। ਜੇਕਰ ਫਾਰਮੂਲਾ ਲਈ ਬੋਤਲਬੰਦ ਪਾਣੀ ਦੀ ਵਰਤੋਂ ਕਰਨਾ ਜ਼ਰੂਰੀ ਹੈ ਤਾਂ:

  • ਇਹ ਯਕੀਨੀ ਬਣਾਉਣ ਲਈ ਵਰਤਣ ਤੋਂ ਪਹਿਲਾਂ ਪਾਣੀ ਨੂੰ ਉਬਾਲੋ (1 ਮਿੰਟ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ) ਕਿ ਉਹ ਨਿਰਜੀਵ ਹੈ ਅਤੇ ਉਸਨੂੰ ਠੰਡਾ ਹੋਣ ਦਿਓ (ਕਮਰੇ ਦੇ ਤਾਪਮਾਨ ਤੱਕ)
  • ਇਹ ਯਕੀਨੀ ਬਣਾਉਣ ਲਈ ਲੇਬਲ ਚੈੱਕ ਕਰੋ ਕਿ ਸੋਡੀਅਮ (Na) ਪ੍ਰਤੀ ਲੀਟਰ 200 ਮਿਲੀਗ੍ਰਾਮ (mg) ਤੋਂ ਘੱਟ ਹੈ ਅਤੇ ਸਲਫੇਟ (SO4) ਪ੍ਰਤੀ ਲੀਟਰ 250mg ਤੋਂ ਵੱਧ ਨਹੀਂ ਹੈ।

4. ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖੋ

ਜਿਨ੍ਹਾਂ ਦੀ ਰੋਜ਼ੀ-ਰੋਟੀ ਜਾਂ ਨੌਕਰੀਆਂ ਪਾਣੀ ਅਤੇ ਵਾਤਾਵਰਣ ’ਤੇ ਨਿਰਭਰ ਹਨ, ਉਨ੍ਹਾਂ ਲਈ ਸੋਕੇ ਦੇ ਹਾਲਾਤ ਪਰੇਸ਼ਾਨੀ ਅਤੇ ਚਿੰਤਾ ਦੀਆਂ ਭਾਵਨਾਵਾਂ ਦਾ ਕਾਰਨ ਬਣ ਸਕਦੇ ਹਨ। ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਹੋ, ਤਾਂ ਸਹਾਇਤਾ ਲਈ ਦੋਸਤਾਂ ਜਾਂ ਪਰਿਵਾਰ ਨਾਲ ਸੰਪਰਕ ਕਰੋ ਜਾਂ NHS ਐਵਰੀ ਮਾਈਂਡ ਮੈਟਰ੍ਸ (NHS Every Mind Matters) ’ਤੇ ਜਾਓ, ਜਿੱਥੇ ਚਿੰਤਾ ਅਤੇ ਤਣਾਅ ਦਾ ਪ੍ਰਬੰਧਨ ਕਰਨ ਦੇ ਤਰੀਕੇ ਬਾਰੇ ਮਦਦਗਾਰ ਸੁਝਾਅ ਹਨ।

ਜੇਕਰ ਤੁਸੀਂ ਆਪਣੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਫ਼ਿਕਰਮੰਦ ਹੋ, ਤਾਂ ਤੁਸੀਂ ਇਨ੍ਹਾਂ ਦੁਆਰਾ ਵੀ ਸਹਾਇਤਾ ਤੱਕ ਪਹੁੰਚ ਕਰ ਸਕਦੇ ਹੋ:

  • NHS111.uk ’ਤੇ ਜਾ ਕੇ
  • 111 ਡਾਇਲ ਕਰ ਕੇ
  • ਆਪਣੇ GP ਨੂੰ ਮਿਲ ਕੇ

5. ਸਾਹ ਦੀਆਂ ਸਮੱਸਿਆਵਾਂ ਨੂੰ ਘਟਾਓ

ਜੇਕਰ ਤੁਸੀਂ ਇਨਹੇਲਰ ਦੀ ਵਰਤੋਂ ਕਰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਗਰਮ ਖੁਸ਼ਕ ਦੌਰ ਦੇ ਦੌਰਾਨ ਤੁਸੀਂ ਉਸਨੂੰ ਆਪਣੇ ਨਾਲ ਰੱਖੋ। ਇਹ ਮਹੱਤਵਪੂਰਨ ਹੈ, ਕਿਉਂਕਿ ਖੁਸ਼ਕ ਦੌਰ ਦੇ ਦੌਰਾਨ, ਹਵਾ ਦੀ ਗੁਣਵੱਤਾ ਮਾੜੀ ਹੋ ਸਕਦੀ ਹੈ ਅਤੇ ਪੋਲਨ ਦੀ ਸੰਖਿਆ ਵੀ ਜ਼ਿਆਦਾ ਹੋ ਸਕਦੀ ਹੈ ਜੋ ਸਾਹ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ

ਅਕਸਰ ਖੁਸ਼ਕ ਦੌਰ ਦੇ ਦੌਰਾਨ ਜੰਗਲ ਦੀ ਅੱਗ ਲੱਗਦੀ ਹੈ, ਅਤੇ ਅਜਿਹੀਆਂ ਅੱਗਾਂ ਤੋਂ ਧੂੰਆਂ ਅਤੇ ਸੁਆਹ ਸਾਹ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੇਕਰ ਜੰਗਲ ਦੀ ਅੱਗ ਦਾ ਧੂੰਆਂ ਤੁਹਾਡੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ, ਤਾਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ।

UK ਏਅਰ ਦੀ ਵੈੱਬਸਾਈਟ ’ਤੇ (UK Air) ਹਵਾ ਪ੍ਰਦੂਸ਼ਣ ਦੇ ਨਵੀਨਤਮ ਪੂਰਵ ਅਨੁਮਾਨ ਵੇਖੋ।

6. ਪਾਣੀ ਦੀ ਕੁਸ਼ਲਤਾ ਨਾਲ ਵਰਤੋਂ ਕਰੋ

ਜੇਕਰ ਤੁਹਾਡੇ ਖੇਤਰ ਵਿੱਚ ਪਾਣੀ ਦੀ ਵਰਤੋਂ ’ਤੇ ਪਾਬੰਦੀ ਹੈ, ਤਾਂ ਕਿਰਪਾ ਕਰਕੇ ਦਿੱਤੇ ਗਏ ਮਾਰਗਦਰਸ਼ਨ ਦੀ ਪਾਲਣਾ ਕਰੋ।

ਆਪਣੇ ਘਰ ਅਤੇ ਬਗੀਚੇ ਵਿੱਚ ਪਾਣੀ ਦੀ ਕੁਸ਼ਲਤਾ ਵਾਲੇ ਡਿਵਾਈਸਾਂ ਦੀ ਵਰਤੋਂ ਕਰੋ। ਤੁਹਾਡੀ ਪਾਣੀ ਕੰਪਨੀ ਇਸ ਬਾਰੇ ਸਲਾਹ ਦੇ ਸਕਦੀ ਹੈ ਕਿ ਉਨ੍ਹਾਂਨੂੰ ਆਰਡਰ ਅਤੇ ਇੰਸਟਾਲ ਕਿਵੇਂ ਕਰਨਾ ਹੈ। ਕਈ ਪਾਣੀ ਕੰਪਨੀਆਂ ਪਾਣੀ ਬਚਾਉਣ ਵਾਲੇ ਡਿਵਾਈਸ ਵੀ ਮੁਫ਼ਤ ਪ੍ਰਦਾਨ ਕਰਦੀਆਂ ਹਨ। ਵਾਟਰ UK (Water UK) ਤੋਂ ਬਾਗਬਾਨੀ ਬਾਰੇ ਸਲਾਹ ਉਪਲਬਧ ਹੈ।

ਪਾਣੀ ਨੂੰ ਬਚਾਉਣ ਲਈ ਸਧਾਰਨ ਉਪਾਅ ਕਰੋ, ਉਦਾਹਰਨ ਲਈ, ਰਿਸਾਵ ਨੂੰ ਠੀਕ ਕਰਨਾ, ਆਪਣੇ ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਟੂਟੀਆਂ ਨੂੰ ਬੰਦ ਕਰਨਾ ਅਤੇ ਵਾਸ਼ਿੰਗ ਮਸ਼ੀਨ ਨੂੰ ਸਿਰਫ਼ ਪੂਰੇ ਲੋਡ ‘ਤੇ ਚਲਾਉਣਾ। ਜੇਕਰ ਮੁਮਕਿਨ ਹੋਵੇ, ਤਾਂ ਬਾਥ ਦੀ ਬਜਾਏ ਸ਼ਾਵਰ ਲਓ, ਅਤੇ ਬਗੀਚੇ ਵਿੱਚ ਪਾਣੀ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰੋ।

ਵਾਟਰ UK ਵਾਟਰ ਇਜ਼ ਵਰਥ ਸੇਵਿੰਗ (Water’s Worth Saving) ਅਤੇ ਵਾਟਰਵਾਈਜ਼ (Waterwise) ਤੋਂ ਪਾਣੀ ਬਚਾਉਣ ਦੇ ਹੋਰ ਵਿਚਾਰ ਲੱਭੋ।

ਵਧੇਰੀ ਜਾਣਕਾਰੀ

ਪਾਣੀ ਲਈ ਖਪਤਕਾਰ ਕੌਂਸਲ (Consumer Council for Water) ’ਤੇ ਆਪਣੀ ਪਾਣੀ ਕੰਪਨੀ ਲੱਭੋ।

ਵਾਤਾਵਰਣ ਏਜੰਸੀ (Environment Agency) ’ਤੇ ਪਾਣੀ ਦੀ ਸਥਿਤੀ ਦੀਆਂ ਰਿਪੋਰਟਾਂ ਵੇਖੋ।

DWI ਦੀ ਪ੍ਰਾਈਵੇਟ ਵਾਟਰ ਸਪਲਾਈਜ਼

ਮੇਟ ਆਫ਼ਿਸ ਦੀ ਵੈੱਬਸਾਈਟ (Met Office) ’ਤੇ ਮੌਸਮ ਦਾ ਪੂਰਵ ਅਨੁਮਾਨ ਅਤੇ ਉੱਚ ਤਾਪਮਾਨ ਕਰਕੇ ਸਿਹਤ ਚੇਤਾਵਨੀਆਂ

UK-ਏਅਰ – UK-ਏਅਰ ਦੀ ਵੈੱਬਸਾਈਟ ਦੇ ਜ਼ਰੀਏ ਉਨ੍ਹਾਂ ਲੋਕਾਂ ਲਈ ਸਿਹਤ-ਸੰਬੰਧੀ ਸਲਾਹ ਜੋ ਹਵਾ ਪ੍ਰਦੂਸ਼ਣ ਵੱਲ ਖ਼ਾਸ ਤੌਰ ’ਤੇ ਸੰਵੇਦਨਸ਼ੀਲ ਹੋ ਸਕਦੇ ਹਨ।

ਇੱਕ ਗਰਮ ਖੁਸ਼ਕ ਦੌਰ ਨੂੰ ਗਰਮੀ-ਸਿਹਤ ਸੰਬੰਧੀ ਅਲਰਟ ਨਾਲ ਜੋੜਿਆ ਜਾ ਸਕਦਾ ਹੈ। ਵਧੇਰੀ ਜਾਣਕਾਰੀ UKHSA ਇੰਗਲੈਂਡ ਲਈ ਹੀਟਵੇਵ ਯੋਜਨਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਵਾਟਰ UK ’ਤੇ ਕੁਸ਼ਲਤਾ ਨਾਲ ਪਾਣੀ ਦੀ ਵਰਤੋਂ ਕਰਨ ਲਈ ਵੱਖੋ-ਵੱਖ ਕਿਸਮ ਦੀ ਜਾਣਕਾਰੀ ਅਤੇ ਸੁਝਾਅ ਹਨ।

ਪ੍ਰਕਾਸ਼ਿਤ 28 July 2022
ਪਿਛਲੀ ਵਾਰ ਅਪਡੇਟ ਕੀਤਾ ਗਿਆ 13 March 2024 + show all updates
  1. Added easy-read, sign-language and translated versions of guidance.

  2. First published.