ਪ੍ਰਚਾਰ ਸਮੱਗਰੀ

ਅਟੈਚਮੈਂਟ ਦਾ ਸਿਰਲੇਖ: ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸਕ੍ਰੀਨਿੰਗ ਟੈਸਟ: ਵਿਸ਼ੇਸ਼ ਦੇਖਭਾਲ ਯੂਨਿਟਾਂ ਵਿੱਚ ਬੱਚੇ

ਅੱਪਡੇਟ ਕੀਤਾ 30 October 2021

ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।


ਇਹ ਕਿਤਾਬਚਾ ਉਹਨਾਂ ਬੱਚਿਆਂ ਦੇ ਮਾਪਿਆਂ ਲਈ ਹੈ ਜੋ ਸਪੈਸ਼ਲ ਕੇਅਰ ਬੇਬੀ ਯੂਨਿਟ (ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਲਈ ਯੂਨਿਟ), ਨਿਓਨੈਟਲ ਇਨਟੈਂਸਿਵ ਕੇਅਰ ਯੂਨਿਟ (ਨਵ-ਜਨਮੇ ਬੱਚੇ ਦੀ ਗਹਿਣ ਦੇਖਭਾਲ ਯੂਨਿਟ) ਜਾਂ ਪਿਡੀਆਟ੍ਰਿਕ ਇਨਟੈਂਸਿਵ ਕੇਅਰ ਯੂਨਿਟ (ਬੱਚਿਆਂ ਦੀ ਗਹਿਣ ਦੇਖਭਾਲ ਯੂਨਿਟ) ਵਿੱਚ ਹਨ।

ਅਸੀਂ ਸਮਝਦੇ ਹਾਂ ਕਿ ਸੰਭਾਵੀ ਤੌਰ ‘ਤੇ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਤਣਾਉਪੂਰਨ ਸਮਾਂ ਹੋ ਸਕਦਾ ਹੈ। ਇਹ ਜਾਣਕਾਰੀ ਤੁਹਾਡੀ ਅਤੇ ਤੁਹਾਡੇ ਸਿਹਤ ਪੇਸ਼ੇਵਰਾਂ ਦੀ ਇਸ ਬਾਰੇ ਗੱਲ ਕਰਨ ਵਿੱਚ ਮਦਦ ਕਰੇਗੀ ਕਿ ਨਵਜਾਤਾਂ ਲਈ ਸਕ੍ਰੀਨਿੰਗ ਟੈਸਟ ਤੁਹਾਡੇ ਬੱਚੇ ਦੀ ਦੇਖਭਾਲ ਦੇ ਦੂਜੇ ਹਿੱਸਿਆਂ ਵਿੱਚ ਕਿਵੇਂ ਫਿੱਟ ਆਉਂਦੇ ਹਨ। ਇਹ ਜਾਣਕਾਰੀ ਸਿਹਤ ਪੇਸ਼ੇਵਰਾਂ ਨਾਲ ਤੁਹਾਡੇ ਵਿਚਾਰ-ਵਟਾਂਦਰੇ ਵਿੱਚ ਸਹਾਇਤਾ ਕਰੇਗੀ, ਉਸਦੀ ਜਗ੍ਹਾ ਨਹੀਂ ਲਵੇਗੀ।

ਇਹ ਸਪੈਸ਼ਲ ਕੇਅਰ ਬੇਬੀ ਯੂਨਿਟਾਂ ਵਿੱਚ ਬੱਚਿਆਂ ਲਈ ਨਵ-ਜਨਮੇ ਬੱਚਿਆਂ ਦੇ ਸਕ੍ਰੀਨਿੰਗ ਟੈਸਟ ਕਰਨ ਦੇ ਤਰੀਕੇ ਵਿੱਚ ਕੁਝ ਮਹੱਤਵਪੂਰਨ ਵਖਰੇਵਿਆਂ ਬਾਰੇ ਦੱਸਦਾ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸਕ੍ਰੀਨਿੰਗ ਟੈਸਟ ਕਿਤਾਬਚੇ ਨੂੰ ਵੀ ਪੜ੍ਹੋ ਜੋ ਤੁਹਾਨੂੰ ਤੁਹਾਡੀ ਗਰਭ-ਅਵਸਥਾ ਦੌਰਾਨ ਮਿਲਿਆ ਸੀ। ਇਹ ਨਵ-ਜਨਮੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਸਾਰੇ ਸਕ੍ਰੀਨਿੰਗ ਟੈਸਟਾਂ ਬਾਰੇ ਦੱਸਦਾ ਹੈ।

ਇੱਥੇ ਦਿੱਤੇ ਗਏ ਸਕ੍ਰੀਨਿੰਗ ਟੈਸਟ ਆਦਰਸ਼ ਰੂਪ ਵਿੱਚ ਤੁਹਾਡੇ ਦੁਆਰਾ ਆਪਣੇ ਬੱਚੇ ਨੂੰ ਘਰ ਲਿਜਾਉਣ ਤੋਂ ਪਹਿਲਾਂ ਮੁਕੰਮਲ ਕਰ ਦਿੱਤੇ ਜਾਣੇ ਚਾਹੀਦੇ ਹਨ।

ਜੇ ਤੁਹਾਡਾ ਬੱਚਾ ਸਮੇਂ ਤੋਂ ਬਹੁਤ ਪਹਿਲਾਂ ਪੈਦਾ ਹੋਇਆ ਸੀ, 28 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੋਇਆ ਸੀ, ਤੁਹਾਨੂੰ ਕੁਝ ਟੈਸਟਾਂ ਲਈ ਕੁਝ ਹਫ਼ਤਿਆਂ ਲਈ ਉਡੀਕ ਕਰਨੀ ਪੈ ਸਕਦੀ ਹੈ। ਨਵਜਾਤ ਲਈ ਸੁਣਨ ਸ਼ਕਤੀ ਦਾ ਸਕ੍ਰੀਨਿੰਗ ਟੈਸਟ ਸਿਰਫ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਬੱਚਾ ਗਰਭ ਦੀ 34 ਹਫ਼ਤਿਆਂ ਦੀ ਉਮਰ ‘ਤੇ ਪਹੁੰਚ ਜਾਂਦਾ ਹੈ। ਗਰਭ ਦੀ ਉਮਰ ਗਰਭਵਤੀ ਹੋਣ ਤੋਂ ਬਾਅਦ ਹਫ਼ਤਿਆਂ ਦੀ ਗਿਣਤੀ ਹੁੰਦੀ ਹੈ ਨਾ ਕਿ ਜਨਮ ਤੋਂ ਬਾਅਦ ਦੇ ਹਫ਼ਤਿਆਂ ਦੀ ਗਿਣਤੀ। ਉਦਾਹਰਨ ਲਈ, ਗਰਭ-ਅਵਸਥਾ ਦੇ 28 ਹਫ਼ਤਿਆਂ ਬਾਅਦ ਪੈਦਾ ਹੋਏ ਬੱਚੇ ਨੂੰ ਨਵਜਾਤ ਲਈ ਸੁਣਨ ਸ਼ਕਤੀ ਦੀ ਜਾਂਚ ਕਰਵਾਉਣ ਵਾਸਤੇ ਜਨਮ ਤੋਂ ਬਾਅਦ 6 ਹਫ਼ਤੇ ਇੰਤਜ਼ਾਰ ਕਰਨਾ ਪਵੇਗਾ।

ਤੁਹਾਡੇ ਬੱਚੇ ਦੀ ਸਿਹਤ ਸੰਭਾਲ ਟੀਮ ਤੁਹਾਡੇ ਕਿਸੇ ਵੀ ਪ੍ਰਸ਼ਨਾਂ ਦਾ ਉੱਤਰ ਦੇ ਸਕੇਗੀ।

ਇਹ ਤੁਹਾਡੀ ਚੋਣ ਹੈ ਕਿ ਕੀ ਤੁਸੀਂ ਇਸ ਕਿਤਾਬਚੇ ਵਿੱਚ ਵਰਨਣ ਕੀਤੇ ਕੋਈ ਵੀ ਟੈਸਟ ਕਰਵਾਉਣੇ ਹਨ ਜਾਂ ਨਹੀਂ।

NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ ਬਾਰੇ ਨਿੱਜੀ ਤੌਰ ‘ਤੇ ਪਛਾਣ ਕਰਨ ਵਾਲੀ ਜਾਣਕਾਰੀ ਦੀ ਵਰਤੋਂ ਕਰਦੇ ਹਨ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾਵੇ। ਪਬਲਿਕ ਹੈਲਥ ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਪੱਕਾ ਕਰਨ ਲਈ ਵੀ ਲਈ ਕਰਦਾ ਹੈ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਹੋਵੇ। ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਤੁਹਾਡੀਆਂ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਵੋ।

1. ਅੱਖਾਂ, ਦਿਲ, ਚੂਲ੍ਹੇ ਅਤੇ ਅੰਡਕੋਸ਼ (ਸਰੀਰਕ ਮੁਆਇਨਾ)

1.1 ਸਕ੍ਰੀਨਿੰਗ ਟੈਸਟ ਦਾ ਮਕਸਦ

ਸਾਰੇ ਬੱਚਿਆਂ ਨੂੰ ਜਨਮ ਤੋਂ ਬਾਅਦ ਨਵ-ਜਨਮੇ ਬੱਚਿਆਂ ਦਾ ਸਰੀਰਕ ਮੁਆਇਨਾ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਅੱਖਾਂ, ਦਿਲ, ਚੂਲ੍ਹੇ ਅਤੇ ਅੰਡਕੋਸ਼ਾਂ (ਲੜਕਿਆਂ ਲਈ) ਦਾ ਮੁਆਇਨਾ ਸ਼ਾਮਲ ਹੈ।

1.2 ਇਹ ਟੈਸਟ ਵੱਖਰਾ ਕਿਵੇਂ ਹੈ

ਨਵ-ਜਨਮੇ ਬੱਚੇ ਦੇ ਸਰੀਰਕ ਮੁਆਇਨੇ ਵਾਲੇ ਸਕ੍ਰੀਨਿੰਗ ਟੈਸਟ ਉਦੋਂ ਤੱਕ ਨਹੀਂ ਕੀਤੇ ਜਾਣਗੇ ਜਦੋਂ ਤੱਕ ਤੁਹਾਡਾ ਬੱਚਾ ਕਾਫੀ ਤੰਦਰੁਸਤ ਨਹੀਂ ਹੁੰਦਾ। ਜੇ ਤੁਸੀਂ ਇਸ ਸਕ੍ਰੀਨਿੰਗ ਟੈਸਟ ਨੂੰ ਕਰਵਾਉਣ ਦੀ ਚੋਣ ਕਰਦੇ ਹੋ, ਤਾਂ ਮੁਆਇਨਾ ਤੁਹਾਡੇ ਬੱਚੇ ਦੇ ਘਰ ਜਾਣ ਤੋਂ ਪਹਿਲਾਂ ਹੋਣਾ ਚਾਹੀਦਾ ਹੈ।

ਤੁਹਾਡੇ ਬੱਚੇ ਨੂੰ ਅਗਲੇਰਾ ਮੁਆਇਨਾ ਉਦੋਂ ਪੇਸ਼ ਕੀਤਾ ਜਾਵੇਗਾ ਜਦੋਂ ਤੁਹਾਡਾ ਬੱਚਾ 6 ਤੋਂ 8 ਹਫ਼ਤਿਆਂ ਦਾ ਹੋ ਜਾਵੇਗਾ, ਕਿਉਂਕਿ ਕੁਝ ਸਿਹਤ-ਸਮੱਸਿਆਵਾਂ ਬਾਅਦ ਵਿੱਚ ਪ੍ਰਗਟ ਹੋ ਸਕਦੀਆਂ ਹਨ।

2. ਬਲੱਡ ਸਪੌਟ

2.1 ਸਕ੍ਰੀਨਿੰਗ ਟੈਸਟ ਦਾ ਮਕਸਦ

ਇਹ ਟੈਸਟ ਇਹ ਪਤਾ ਕਰਨ ਲਈ ਹੈ ਕਿ ਕੀ ਤੁਹਾਡੇ ਬੱਚੇ ਨੂੰ ਉਹਨਾਂ 9 ਦੁਰਲੱਭ ਪਰ ਗੰਭੀਰ ਵਿਚੋਂ ਕੋਈ ਸਿਹਤ ਸਮੱਸਿਆ ਹੈ। ਇਹ ਹਨ:

  • ਸਿਕਲ ਸੈੱਲ ਬਿਮਾਰੀ (SCD)
  • ਸਿਸਟਿਕ ਫਾਇਬ੍ਰੋਸਿਸ (CF)
  • ਕਨਜੈਨੀਟਲ (ਜਮਾਂਦਰੂ) ਹਾਈਪੋਥਾਇਰੌਇਡਿਜ਼ਮ (CHT)
  • 6 ਇਨਹੈਰਿਟਡ (ਵੰਸ਼ਾਗਤ) ਮੈਟਾਬੌਲਿਕ ਬਿਮਾਰੀਆਂ (IMDs):
    • ਫਿਨਲਕੈਟੋਨੂਰੀਆ (PKU)
    • ਮੀਡਿਅਮ-ਚੇਨ acyl-CoA ਡੀਹਾਈਡਰੋਜਿਨੇਜ਼ ਡੈਫਿਸ਼ਿਅੰਸੀ (MCADD)
    • ਮੇਪਲ ਸਿਰਪ ਯੂਰਿਨ ਡਿਜ਼ੀਜ਼ (MSUD)
    • ਆਈਸੋਵਲੈਰਿਕ ਐਸਿਡੀਮੀਆ (IVA)
    • ਗਲੁਟੈਰਿਕ ਐਸਿਡੂਰੀਆ ਟਾਈਪ 1 (GA1)
    • ਹੋਮੋਸਿਸਟਿਨਿਉਰੀਆ (ਪਾਇਰੀਡੌਕਸਾਈਨ ‘ਤੇ ਪ੍ਰਤੀਕਿਰਿਆ ਨਾ ਹੋਣੀ) (HCU)

ਸ਼ੁਰੂਆਤ ਵਿੱਚ ਹੀ ਇਲਾਜ ਕਰਨ ਨਾਲ ਤੁਹਾਡੇ ਬੱਚੇ ਦੀ ਸਿਹਤ ਵਿੱਚ ਸੁਧਾਰ ਲਿਆਇਆ ਅਤੇ ਗੰਭੀਰ ਅਪੰਗਤਾ ਜਾਂ ਇੱਥੋਂ ਤੱਕ ਕਿ ਮੌਤ ਨੂੰ ਰੋਕਿਆ ਜਾ ਸਕਦਾ ਹੈ। ਜੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪਹਿਲਾਂ ਤੋਂ ਹੀ ਇਹਨਾਂ ਸਿਹਤ-ਸਮੱਸਿਆਵਾਂ ਵਿੱਚੋਂ ਕੋਈ ਹੈ, ਤਾਂ ਕਿਰਪਾ ਕਰਕੇ ਤੁਰੰਤ ਆਪਣੇ ਬੱਚੇ ਦੀ ਸਿਹਤ ਸੰਭਾਲ ਟੀਮ ਨੂੰ ਦੱਸੋ।

2.2 ਸਪੈਸ਼ਲ ਕੇਅਰ ਯੂਨਿਟਾਂ ਵਿੱਚ ਬੱਚਿਆਂ ਲਈ ਸਕ੍ਰੀਨਿੰਗ ਵੱਖਰੀ ਕਿਉਂ ਹੁੰਦੀ ਹੈ

ਖੂਨ ਦਾ ਨਮੂਨਾ ਆਮ ਤੌਰ ’ਤੇ ਉਸ ਵੇਲੇ ਲਿਆ ਜਾਂਦਾ ਹੈ ਜਦੋਂ ਬੱਚਾ 5 ਦਿਨਾਂ ਦਾ ਹੋ ਜਾਂਦਾ ਹੈ। ਪਰ, ਜਦੋਂ ਬੱਚਾ ਬਿਮਾਰ ਹੁੰਦਾ ਹੈ ਅਤੇ ਸਪੈਸ਼ਲ ਕੇਅਰ ਬੇਬੀ ਯੂਨਿਟ ਵਿੱਚ ਹੁੰਦਾ ਹੈ ਤਾਂ ਇਹ ਸਮਾਂ ਵੱਖਰਾ ਹੁੰਦਾ ਹੈ।

2.3 ਇਹ ਟੈਸਟ ਵੱਖਰਾ ਕਿਵੇਂ ਹੈ

SCD ਲਈ ਸਕ੍ਰੀਨ ਕਰਨ ਵਾਸਤੇ ਖੂਨ ਦੇ ਨਮੂਨੇ ਨੂੰ ਤੁਹਾਡੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਛੇਤੀ ਤੋਂ ਛੇਤੀ ਲਏ ਜਾਣ ਦੀ ਲੋੜ ਹੁੰਦੀ ਹੈ। ਅਜਿਹਾ ਤਾਂ ਹੁੰਦਾ ਹੈ ਕਿਉਂਕਿ ਜੇ ਤੁਹਾਡੇ ਬੱਚੇ ਨੂੰ ਖੂਨ ਚੜ੍ਹਾਏ ਜਾਣ ਦੀ ਲੋੜ ਪਵੇ - ਤਾਂ ਜੇ ਸਕ੍ਰੀਨਿੰਗ ਲਈ ਨਮੂਨਾ ਖੂਨ ਚੜ੍ਹਾਏ ਜਾਣ ਤੋਂ ਬਾਅਦ ਲਿਆ ਜਾਂਦਾ ਹੈ ਤਾਂ SCD ਲਈ ਟੈਸਟ ਸਹੀ ਨਹੀਂ ਹੋਵੇਗਾ।

ਹੋਰਨਾਂ ਸਿਹਤ-ਸਮੱਸਿਆਵਾਂ ਦੀ ਜਾਂਚ ਕਰਨ ਲਈ ਖੂਨ ਦਾ ਇੱਕ ਹੋਰ ਨਮੂਨਾ ਉਦੋਂ ਲਿਆ ਜਾਵੇਗਾ, ਜਦੋਂ ਤੁਹਾਡਾ ਬੱਚਾ 5 ਦਿਨਾਂ ਦਾ ਹੋ ਜਾਂਦਾ ਹੈ। ਜੇ ਤੁਹਾਡੇ ਬੱਚੇ ਨੂੰ ਖੂਨ ਚੜ੍ਹਾਇਆ ਗਿਆ ਹੈ, ਤਾਂ ਇਸ ਟੈਸਟ ਨੂੰ ਤੁਹਾਡੇ ਬੱਚੇ ਦੇ 8 ਦਿਨਾਂ ਦੇ ਹੋ ਜਾਣ ਤੱਕ ਅੱਗੇ ਪਾਇਆ ਜਾ ਸਕਦਾ ਹੈ।

ਜੇ ਤੁਹਾਡਾ ਬੱਚਾ 32 ਹਫਤਿਆਂ ਦੀ ਗਰਭ-ਅਵਸਥਾ ਤੋਂ ਪਹਿਲਾਂ ਪੈਦਾ ਹੁੰਦਾ ਹੈ, ਤਾਂ CHT ਦੀ ਜਾਂਚ ਕਰਨ ਲਈ ਇੱਕ ਹੋਰ ਨਮੂਨਾ ਲੈਣਾ ਚਾਹੀਦਾ ਹੈ। ਅਜਿਹਾ ਉਸ ਸਮੇਂ ਹੋਣਾ ਚਾਹੀਦਾ ਹੈ ਜਦੋਂ ਤੁਹਾਡਾ ਬੱਚਾ 28 ਦਿਨਾਂ ਦਾ ਹੋ ਜਾਂਦਾ ਹੈ ਜਾਂ ਜਦੋਂ ਤੁਸੀਂ ਆਪਣੇ ਬੱਚੇ ਨੂੰ ਘਰ ਲੈ ਜਾਂਦੇ ਹੋ, ਜੋ ਵੀ ਪਹਿਲਾਂ ਹੁੰਦਾ ਹੈ।

2.4 ਮੇਰੇ ਨਤੀਜੇ ਪ੍ਰਾਪਤ ਕਰਨੇ

ਤੁਹਾਨੂੰ 6 ਹਫ਼ਤਿਆਂ ਅੰਦਰ ਚਿੱਠੀ ਰਾਹੀਂ ਜਾਂ ਤੁਹਾਡੇ ਹੈਲਥ ਵਿਜ਼ਿਟਰ ਦੁਆਰਾ ਆਪਣੇ ਬੱਚੇ ਦੇ ਨਤੀਜੇ ਮਿਲ ਜਾਣੇ ਚਾਹੀਦੇ ਹਨ।

3. ਸੁਣਨ ਸ਼ਕਤੀ ਦਾ ਕਮਜ਼ੋਰ ਹੋਣਾ

3.1 ਸਕ੍ਰੀਨਿੰਗ ਟੈਸਟ ਦਾ ਮਕਸਦ

ਉਹਨਾਂ ਬੱਚਿਆਂ ਬਾਰੇ ਪਤਾ ਲਗਾਉਣਾ ਜਿਨ੍ਹਾਂ ਦੀ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ ਤਾਂ ਜੋ ਸ਼ੁਰੂ ਤੋਂ ਹੀ ਸਹਾਇਤਾ ਅਤੇ ਸਲਾਹ ਪੇਸ਼ ਕੀਤੀ ਜਾ ਸਕੇ।

3.2 ਸਪੈਸ਼ਲ ਕੇਅਰ ਯੂਨਿਟਾਂ ਵਿੱਚ ਬੱਚਿਆਂ ਲਈ ਸਕ੍ਰੀਨਿੰਗ ਵੱਖਰੀ ਕਿਉਂ ਹੁੰਦੀ ਹੈ

ਹਰ 1,000 ਵਿੱਚੋਂ 1 ਤੋਂ 2 ਬੱਚੇ ਇੱਕ ਜਾਂ ਦੋਵੇਂ ਕੰਨਾਂ ਵਿੱਚ ਸਥਾਈ ਤੌਰ ‘ਤੇ ਸੁਣਨ ਸ਼ਕਤੀ ਦੇ ਨੁਕਸਾਨ ਸਮੇਤ ਪੈਦਾ ਹੁੰਦੇ ਹਨ। ਇਹ ਗਿਣਤੀ ਉਹਨਾਂ ਬੱਚਿਆਂ ਵਿੱਚ ਵੱਧ ਕੇ ਹਰੇਕ 100 ਪਿੱਛੇ ਲਗਭਗ 1 ਤੱਕ ਹੋ ਜਾਂਦੀ ਹੈ ਜਿਨ੍ਹਾਂ ਨੇ ਸਪੈਸ਼ਲ ਕੇਅਰ ਯੂਨਿਟ ਵਿੱਚ ਘੱਟੋ-ਘੱਟ 48 ਘੰਟੇ ਬਿਤਾਏ ਹਨ।

ਤੁਹਾਡੇ ਬੱਚੇ ਦੇ ਸੁਣਨ ਸਬੰਧੀ ਸਕ੍ਰੀਨਿੰਗ ਟੈਸਟ ਕਰਵਾਏ ਜਾਣ ਲਈ ਉਹਨਾਂ ਨੂੰ ਘੱਟੋ-ਘੱਟ 34 ਹਫ਼ਤਿਆਂ ਦੀ ਗਰਭ ਦੀ ਸਹੀ ਉਮਰ ਦੀ ਲੋੜ ਹੋਵੇਗੀ। ਇਹ ਟੈਸਟ 3 ਮਹੀਨਿਆਂ ਤੱਕ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਉਸ ਵੇਲੇ ਕਰਨਾ ਚਾਹੀਦਾ ਹੈ ਜਦੋਂ ਇਲਾਜ ਮੁਕੰਮਲ ਹੋ ਜਾਂਦਾ ਹੈ ਅਤੇ ਤੁਹਾਡਾ ਬੱਚਾ ਕਾਫੀ ਤੰਦਰੁਸਤ ਹੁੰਦਾ ਹੈ।

ਤੁਹਾਡੇ ਬੱਚੇ ਦੀ ਸਿਹਤ ਸੰਭਾਲ ਟੀਮ ਤੁਹਾਡੇ ਬੱਚੇ ਦੇ ਟੈਸਟ ਕਰਵਾਉਣ ਬਾਰੇ ਸਭ ਤੋਂ ਢੁਕਵੇਂ ਸਮੇਂ ਬਾਰੇ ਸਲਾਹ ਦੇਵੇਗੀ।

3.3 ਇਹ ਟੈਸਟ ਵੱਖਰਾ ਕਿਵੇਂ ਹੈ

ਜੇ ਤੁਹਾਡਾ ਬੱਚਾ ਸਪੈਸ਼ਲ ਕੇਅਰ ਬੇਬੀ ਯੂਨਿਟ ਵਿੱਚ 48 ਘੰਟੇ ਤੋਂ ਜ਼ਿਆਦਾ ਸਮਾਂ ਰਿਹਾ ਹੈ, ਤਾਂ ਉਸ ਨੂੰ ਸੁਣਨ ਸਬੰਧੀ 2 ਤਰ੍ਹਾਂ ਦੇ ਸਕ੍ਰੀਨਿੰਗ ਟੈਸਟਾਂ ਦੀ ਲੋੜ ਹੋਵੇਗੀ।

ਇਹ ਹਨ ਇੱਕ AOAE (ਆਟੋਮੇਟਡ ਓਟੋਅਕਾਉਸਟਿਕ ਇਮਿਸ਼ਨ) ਟੈਸਟ ਅਤੇ ਇੱਕ AABR (ਆਟੋਮੇਟਡ ਆਡੀਟਰੀ ਬ੍ਰੇਨਸਟੈਮ ਰਿਸਪੌਂਸ) ਟੈਸਟ।

ਜੇ ਟੈਸਟ ਦੇ ਨਤੀਜੇ ਸਪਸ਼ਟ ਪ੍ਰਤਿਕਿਰਿਆ ਨਹੀਂ ਦਰਸਾਉਂਦੇ ਹਨ ਤਾਂ ਆਡੀਓਲੋਜੀ ਡਿਪਾਰਟਮੈਂਟ ਵਿੱਚ ਸੁਣਨ ਸਬੰਧੀ ਮਾਹਰ ਡਾਕਟਰ ਨਾਲ ਅਪਾਇੰਟਮੈਂਟ ਤੈਅ ਕੀਤੀ ਜਾਵੇਗੀ। ਸਪੈਸ਼ਲ ਕੇਅਰ ਯੂਨਿਟ ਵਿੱਚ 48 ਘੰਟੇ ਤੋਂ ਜ਼ਿਆਦਾ ਸਮੇਂ ਲਈ ਦੇਖਭਾਲ ਕਰਵਾਉਣ ਵਾਲੇ ਹਰੇਕ 100 ਬੱਚਿਆਂ ਵਿੱਚੋਂ ਲਗਭਗ 9 ਬੱਚੇ ਸਕ੍ਰੀਨਿੰਗ ਟੈਸਟਾਂ ਦੇ ਪ੍ਰਤੀ ਸਪਸ਼ਟ ਪ੍ਰਤਿਕਿਰਿਆ ਨਹੀਂ ਦਿਖਾਉਂਦੇ। ਜੇਕਰ ਤੁਹਾਡੇ ਬੱਚੇ ਦੀ ਸੁਣਨ ਸ਼ਕਤੀ ਕਮਜ਼ੋਰ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਅਪੌਇੰਟਮੈਂਟ ਤੇ ਹਾਜ਼ਰ ਹੋਵੋ।

ਸੁਣਨ ਸ਼ਕਤੀ ਵਿੱਚ ਕਮਜ਼ੋਰੀ ਬਾਰੇ ਜਲਦੀ ਪਤਾ ਲਗਾਉਣ ਨਾਲ ਬੱਚਿਆਂ ਨੂੰ ਭਾਸ਼ਾ, ਬੋਲੀ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਿਤ ਕਰਨ ਦਾ ਬਿਹਤਰ ਮੌਕਾ ਮਿਲਦਾ ਹੈ।

ਸਕ੍ਰੀਨਿੰਗ ਨਾਲ ਸੁਣਨ-ਸ਼ਕਤੀ ਦੀ ਹਰ ਕਿਸਮ ਦੀ ਕਮਜ਼ੋਰੀ ਦਾ ਪਤਾ ਨਹੀਂ ਲੱਗਦਾ ਹੈ, ਇਸ ਲਈ ਤੁਹਾਡੇ ਬੱਚੇ ਦੇ ਵੱਡੇ ਹੋਣ ਦੇ ਨਾਲ-ਨਾਲ ਉਸਦੀ ਸੁਣਨ-ਸ਼ਕਤੀ ਦੀ ਜਾਂਚ ਕਰਨਾ ਮਹੱਤਵਪੂਰਨ ਹੁੰਦਾ ਹੈ। ਜੇ ਤੁਹਾਨੂੰ ਆਪਣੇ ਬੱਚੇ ਦੀ ਸੁਣਨ-ਸ਼ਕਤੀ ਬਾਰੇ ਕੋਈ ਚਿੰਤਾਵਾਂ ਹਨ, ਤਾਂ ਤੁਹਾਨੂੰ ਆਪਣੇ ਹੈਲਥ ਵਿਜ਼ਿਟਰ ਜਾਂ ਜੀਪੀ ਨੂੰ ਦੱਸਣਾ ਚਾਹੀਦਾ ਹੈ।

4. ਫੈਲਣ ਵਾਲੀਆਂ ਬਿਮਾਰੀਆਂ

4.1 ਸਕ੍ਰੀਨਿੰਗ ਟੈਸਟ ਦਾ ਮਕਸਦ

ਗਰਭ-ਅਵਸਥਾ ਦੌਰਾਨ ਅਸੀਂ ਔਰਤਾਂ ਨੂੰ ਛੂਤ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਪੇਟਾਈਟਿਸ B, HIV (ਹਿਊਮਨ ਇਮਿਉਨੋਡੈਫੀਸ਼ਿਅੰਸੀ ਵਾਇਰਸ) ਅਤੇ ਸਿਫਲਿਸ ਲਈ ਸਕ੍ਰੀਨ ਕਰਨ ਵਾਸਤੇ ਖੂਨ ਦੇ ਟੈਸਟ ਦੀ ਪੇਸ਼ਕਸ਼, ਅਤੇ ਸਿਫਾਰਸ਼ ਕਰਦੇ ਹਾਂ।

ਉਹਨਾਂ ਔਰਤਾਂ, ਜਿਨ੍ਹਾਂ ਦਾ ਹੈਪੇਟਾਈਟਿਸ B ਟੈਸਟ ਪਾਜ਼ਿਟਿਵ ਆਉਂਦਾ ਹੈ, ਦੀ ਕੁੱਖੋਂ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਵਿਸ਼ੇਸ਼ ਨਿਗਰਾਨੀ ਅਤੇ ਦੇਖਭਾਲ ਦੀ ਲੋੜ ਪਵੇਗੀ।

4.2 ਫਾਲੋ-ਆਨ (ਬਾਅਦ ਵਾਲੀ ਦੇਖਭਾਲ) ਕਿਵੇਂ ਵੱਖਰੀ ਹੁੰਦੀ ਹੈ

1500 ਗ੍ਰਾਮ ਤੋਂ ਘੱਟ ਭਾਰ ਵਾਲੇ ਪੈਦਾ ਹੋਏ ਬੱਚਿਆਂ ਨੂੰ ਇਮਿਊਨੋਗਲੋਬੁਲਿਨ (ਐਂਟੀਬਾਡੀਜ਼ ਜੋ ਇਨਫੈਕਸ਼ਨ ਦਾ ਮੁਕਾਬਲਾ ਕਰਦੇ ਹਨ) ਅਤੇ ਹੈਪੇਟਾਈਟਿਸ B ਟੀਕਾਕਰਨ ਦੀ ਲੋੜ ਹੁੰਦੀ ਹੈ।

ਇਹ ਬਹੁਤ ਮਹੱਤਵਪੂਰਨ ਹੈ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਸਹੀ ਉਮਰ ’ਤੇ ਸਿਫ਼ਾਰਿਸ਼ ਕੀਤੇ ਜਾਂਦੇ ਸਾਰੇ 6 ਹੈਪੇਟਾਈਟਿਸ B ਦੇ ਟੀਕੇ ਲਗਵਾਉਣ। ਸਮੇਂ ਤੋਂ ਬਹੁਤ ਪਹਿਲਾਂ ਪੈਦਾ ਹੋਏ ਬੱਚਿਆਂ (28 ਹਫ਼ਤਿਆਂ ਤੋਂ ਪਹਿਲਾਂ ਪੈਦਾ ਹੋਏ) ਦੇ ਪਹਿਲੇ ਟੀਕਾਕਰਨ ਤੋਂ ਬਾਅਦ 2 ਤੋਂ 3 ਦਿਨਾਂ ਲਈ ਉਹਨਾਂ ਦੇ ਸਾਹ ਲੈਣ ਦੀ ਨਿਗਰਾਨੀ ਕਰਨ ਦੀ ਲੋੜ ਪੈ ਸਕਦੀ ਹੈ।

ਟੀਕਾਕਰਣ ਹੇਠ ਲਿਖਿਆਂ ਅਨੁਸਾਰ ਹੋਣਾ ਚਾਹੀਦਾ ਹੈ:

  • ਜਨਮ ਦੇ 24 ਘੰਟਿਆਂ ਦੇ ਅੰਦਰ (ਅਤੇ ਇਮਿਊਨੋਗਲੋਬੁਲਿਨ)
  • 4 ਹਫ਼ਤੇ ਦੀ ਉਮਰ ‘ਤੇ
  • 8, 12, ਅਤੇ 16 ਹਫ਼ਤੇ ਦੀ ਉਮਰ ‘ਤੇ (ਬਚਪਨ ਦੇ ਨਿਯਮਿਤ ਟੀਕਾਕਰਣ ਕਾਰਜਕ੍ਰਮ ਦਾ ਹਿੱਸਾ)
  • ਇਕ ਸਾਲ ਦੀ ਉਮਰ ‘ਤੇ

ਬੱਚਿਆਂ ਨੂੰ ਇੱਕ ਸਾਲ ਬਾਅਦ ਆਪਣੇ ਆਖਰੀ ਟੀਕਾਕਰਨ ਦੇ ਸਮੇਂ ਵੀ ਖੂਨ ਦੀ ਜਾਂਚ ਕਰਵਾਉਣ ਦੀ ਲੋੜ ਹੁੰਦੀ ਹੈ ਤਾ ਜੋ ਪਤਾ ਕੀਤਾ ਜਾ ਸਕੇ ਕਿ ਕੀ ਲਾਗ ਤੋਂ ਬਚਾਅ ਹੋਇਆ ਹੈ।

5. ਵਧੇਰੇ ਜਾਣਕਾਰੀ

ਉਹਨਾਂ ਸੰਸਥਾਵਾਂ ਦੇ ਵੇਰਵਿਆਂ ਲਈ ਜੋ ਉਸ ਵੇਲੇ ਮਾਪਿਆਂ ਲਈ ਸਹਾਇਤਾ ਪ੍ਰਦਾਨ ਕਰ ਸਕਦੀਆਂ ਹਨ ਜਦੋਂ ਉਹਨਾਂ ਦੇ ਬੱਚੇ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ, NHS.UK ਦੇਖੋ।